ਆਈਲੈਂਡ ਆਫ਼ ਡੈੱਥ ਦੇ ਨਾਂਅ ਨਾਲ ਮਸ਼ਹੂਰ ਐ ਇਹ ਟਾਪੂ
ਉਂਝ ਤਾਂ ਦੁਨੀਆ ਵਿਚ ਬੇਹੱਦ ਖ਼ੂਬਸੂਰਤ ਆਈਲੈਂਡ ਯਾਨੀ ਟਾਪੂ ਮੌਜੂਦ ਨੇ, ਜਿੱਥੇ ਸਾਲ ਦੇ 12 ਮਹੀਨੇ ਹੀ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਐ ਅਤੇ ਲੋਕ ਦੂਰ ਦੂਰ ਤੋਂ ਇਨ੍ਹਾਂ ਖ਼ੂਬਸੂਰਤ ਟਾਪੂਆਂ ਨੂੰ ਦੇਖਣ ਲਈ ਆਉਂਦੇ ਨੇ...;
ਰੋਮ : ਉਂਝ ਤਾਂ ਦੁਨੀਆ ਵਿਚ ਬੇਹੱਦ ਖ਼ੂਬਸੂਰਤ ਆਈਲੈਂਡ ਯਾਨੀ ਟਾਪੂ ਮੌਜੂਦ ਨੇ, ਜਿੱਥੇ ਸਾਲ ਦੇ 12 ਮਹੀਨੇ ਹੀ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਐ ਅਤੇ ਲੋਕ ਦੂਰ ਦੂਰ ਤੋਂ ਇਨ੍ਹਾਂ ਖ਼ੂਬਸੂਰਤ ਟਾਪੂਆਂ ਨੂੰ ਦੇਖਣ ਲਈ ਆਉਂਦੇ ਨੇ ਪਰ ਇਟਲੀ ਦੀ ਧਰਤੀ ’ਤੇ ਇਕ ਅਜਿਹਾ ਟਾਪੂ ਮੌਜੂਦ ਐ, ਜਿੱਥੇ ਤੁਸੀਂ ਚਾਹ ਕੇ ਵੀ ਨਹੀਂ ਜਾ ਸਕਦੇ ਕਿਉਂਕਿ ਇਸ ਦੇਸ਼ ਦੀ ਸਰਕਾਰ ਨੇ ਇੱਥੇ ਜਾਣ ’ਤੇ ਬੈਨ ਲਗਾਇਆ ਹੋਇਆ ਏ। ਆਮ ਤੌਰ ’ਤੇ ਲੋਕ ਹੁਣ ਇਸ ਨੂੰ ‘ਮੌਤ ਦਾ ਟਾਪੂ’ ਵੀ ਆਖਣ ਲੱਗ ਪਏ ਨੇ। ਆਖ਼ਰ ਅਜਿਹਾ ਕੀ ਐ ਇਸ ਟਾਪੂ ’ਤੇ, ਆਓ ਜਾਣਦੇ ਆਂ।
ਦੁਨੀਆ ਭਰ ਵਿਚ ਅਜਿਹੀਆਂ ਬਹੁਤ ਸਾਰੀਆਂ ਥਾਵਾਂ ਮੌਜੂਦ ਨੇ, ਜਿਨ੍ਹਾਂ ਦੇ ਇਤਿਹਾਸ ਬਾਰੇ ਅਸੀਂ ਹੈਰਾਨ ਹੋ ਜਾਂਦੇ ਆਂ ਪਰ ਵਿਸ਼ਵ ਵਿਚ ਕੁੱਝ ਅਜਿਹੀਆਂ ਰਹੱਸਮਈ ਥਾਵਾਂ ਵੀ ਮੌਜੂਦ ਨੇ, ਜਿਨ੍ਹਾਂ ਦੇ ਇਤਿਹਾਸ ਬਾਰੇ ਤਾਂ ਸਾਨੂੰ ਪਤਾ ਏ ਪਰ ਉਥੇ ਵਾਪਰ ਰਹੀਆਂ ਕੁੱਝ ਘਟਨਾਵਾਂ ਦਾ ਰਹੱਸ ਸਦੀਆਂ ਬਾਅਦ ਵੀ ਪਤਾ ਨਹੀਂ ਚੱਲ ਸਕਿਆ। ਇਟਲੀ ਵਿਚ ਮੌਜੂਦ ਪੋਵੋਗਿਲਿਆ ਟਾਪੂ ਨਾਲ ਜੁੜਿਆ ਰਹੱਸ ਵੀ ਕੁੱਝ ਅਜਿਹਾ ਹੀ ਐ, ਜਿਸ ਨੂੰ ਅਜੇ ਤੱਕ ਸੁਲਝਾਇਆ ਨਹੀਂ ਜਾ ਸਕਿਆ। ਦਰਅਸਲ ਇਸ ਟਾਪੂ ਨੂੰ ‘ਆਈਲੈਂਡ ਆਫ਼ ਡੈੱਥ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਏ। ਇਹ ਆਈਲੈਂਡ ਇਟਲੀ ਦੇ ਵੇਨਿਸ ਅਤੇ ਲੀਡੋ ਸ਼ਹਿਰ ਦੇ ਵਿਚਕਾਰ ਵੇਨੇਟਿਅਨ ਖਾੜੀ ਵਿਚ ਮੌਜੂਦ ਐ, ਜਿਸ ਨੂੰ ਇਕ ਛੋਟੀ ਜਿਹੀ ਨਹਿਰ ਦੋ ਭਾਗਾਂ ਵਿਚ ਵੰਡਦੀ ਐ। ਕਿਸੇ ਸਮੇਂ ਵਿਚ ਇਹ ਇਕ ਬੇਹੱਦ ਖ਼ੂਬਸੂਰਤ ਟਾਪੂ ਲੋਕਾਂ ਦੇ ਘੁੰਮਣ ਫਿਰਨ ਦੀ ਪਸੰਦੀਦਾ ਜਗ੍ਹਾ ਹੋਇਆ ਕਰਦਾ ਸੀ ਪਰ ਫਿਰ ਕੁੱਝ ਅਜਿਹਾ ਹੋਇਆ ਕਿ ਸਰਕਾਰ ਨੇ ਇਸ ਟਾਪੂ ’ਤੇ ਜਾਣ ’ਤੇ ਹੀ ਬੈਨ ਲਗਾ ਦਿੱਤਾ।
ਕਿਹਾ ਜਾਂਦਾ ਏ ਕਿ ਇਸ ਟਾਪੂ ਦੇ ਰਾਜ਼ ਤੋਂ ਪਰਦਾ ਉਠਾਉਣ ਲਈ ਜੋ ਵੀ ਸਖ਼ਸ਼ ਇਸ ਟਾਪੂ ’ਤੇ ਗਿਆ, ਉਨ੍ਹਾਂ ਵਿਚੋਂ ਕੋਈ ਕਦੇ ਵਾਪਸ ਨਹੀਂ ਆਇਆ। ਦਰਅਸਲ 16ਵੀਂ ਸ਼ਤਾਬਦੀ ਵਿਚ ਇਟਲੀ ਵਿਚ ਪਲੇਗ ਨਾਂਅ ਦੀ ਬਿਮਾਰੀ ਕਾਫ਼ੀ ਤੇਜ਼ੀ ਨਾਲ ਫ਼ੈਲ ਰਹੀ ਸੀ, ਜਿਸ ਕਾਰਨ ਇਟਲੀ ਵਿਚ ਬਹੁਤ ਸਾਰੇ ਲੋਕ ਇਸ ਭਿਆਨਕ ਬਿਮਾਰੀ ਦੀ ਲਪੇਟ ਵਿਚ ਆ ਕੇ ਜਾਂ ਤਾਂ ਮਰ ਰਹੇ ਸੀ ਜਾਂ ਫਿਰ ਮਰਨ ਦੇ ਕੰਢੇ ਪੁੱਜ ਚੁੱਕੇ ਸੀ। ਪੂਰੇ ਯੂਰਪ ਵਿਚੋਂ ਇਟਲੀ ਵਿਚ ਹੀ ਇਸ ਬਿਮਾਰੀ ਦਾ ਅਸਰ ਜ਼ਿਆਦਾ ਹੋਇਆ ਸੀ। ਜਦੋਂ ਇਹ ਬਿਮਾਰੀ ਕਾਫ਼ੀ ਹੱਦ ਤੱਕ ਵਧਣ ਲੱਗ ਪਈ ਤਾਂ ਇਟਲੀ ਦੀ ਸਰਕਾਰ ਨੇ ਪਲੇਗ ਤੋਂ ਪੀੜਤ ਲੋਕਾਂ ਨੂੰ ਇਸ ਟਾਪੂ ’ਤੇ ਸ਼ਿਫ਼ਟ ਕਰਨ ਦਾ ਫ਼ੈਸਲਾ ਕੀਤਾ ਕਿਉਂਕਿ ਇਹ ਆਈਸੋਲੇਟ ਆਈਲੈਂਡ ਸੀ, ਜਿਸ ਨੂੰ ਪਲੇਗ ਕੁਆਰੰਟਾਈਨ ਸਟੇਸ਼ਨ ਦੇ ਰੂਪ ਵਿਚ ਵਰਤੋਂ ਕੀਤਾ ਜਾਣ ਲੱਗਿਆ।
ਇੰਨਾ ਹੀ ਨਹੀਂ, ਪਲੇਗ ਨਾਲ ਜਿਸ ਕਿਸੇ ਦੀ ਵੀ ਮੌਤ ਹੋ ਜਾਂਦੀ, ਉਸ ਨੂੰ ਉਥੇ ਹੀ ਦਫ਼ਨਾ ਦਿੱਤਾ ਜਾਂਦਾ ਸੀ। ਹੌਲੀ ਹੌਲੀ ਇਹ ਜਗ੍ਹਾ ਬਿਮਾਰ ਲੋਕਾਂ ਨਾਲ ਭਰ ਗਈ ਅਤੇ ਇਕ ਸਮਾਂ ਅਜਿਹਾ ਆ ਗਿਆ ਕਿ ਲੱਖਾਂ ਦੀ ਗਿਣਤੀ ਵਿਚ ਮਰੀਜ਼ ਇੱਥੇ ਰਹਿਣ ਲੱਗੇ। ਕੁਆਰੰਟੀਨ ਸਟੇਸ਼ਨ ਹੋਣ ਕਾਰਨ ਬਿਮਾਰ ਲੋਕਾਂ ਨੂੰ ਇੱਥੇ ਜ਼ਿਆਦਾ ਤੋਂ ਜ਼ਿਆਦਾ 40 ਦਿਨ ਤੱਕ ਹੀ ਰੱਖਿਆ ਜਾਂਦਾ ਸੀ ਪਰ ਹਾਲਾਤ ਇੰਨੇ ਖ਼ਰਾਬ ਹੋ ਗਏ ਸਨ ਕਿ ਜੋ ਇਕ ਵਾਰ ਇੱਥੇ ਆ ਗਿਆ, ਉਸ ਨੂੰ ਮੁੜ ਕੇ ਘਰ ਵਾਪਸ ਜਾਣ ਦਾ ਮੌਕਾ ਨਹੀਂ ਮਿਲਿਆ।
ਕੁੱਝ ਇਤਿਹਾਸਕਾਰਾਂ ਦੇ ਮੁਤਾਬਕ ਇਸ ਟਾਪੂ ’ਤੇ ਇਕੱਠੇ ਲਗਭਗ 1 ਲੱਖ 60 ਹਜ਼ਾਰ ਲੋਕਾਂ ਨੂੰ ਜਿੰਦਾ ਜਲਾ ਦਿੱਤਾ ਗਿਆ ਸੀ ਤਾਂਕਿ ਲਗਾਤਾਰ ਵਧ ਰਹੇ ਬਿਮਾਰ ਲੋਕਾਂ ਦੀ ਭੀੜ ਨੂੰ ਘੱਟ ਕੀਤਾ ਜਾ ਸਕੇ। ਪਲੇਗ ਦੇ ਖ਼ਤਮ ਹੋਣ ਤੋਂ ਬਾਅਦ ਕੁੱਝ ਸਮੇਂ ਮਗਰੋਂ ਇਟਲੀ ਵਾਸੀਆਂ ਨੂੰ ਫਿਰ ਇਕ ਬਿਮਾਰੀ ਲਾਇਲਾਜ ਬਿਮਾਰੀ ਕਾਲੇ ਬੁਖ਼ਾਰ ਨੇ ਘੇਰ ਲਿਆ। ਪਲੇਗ ਦੇ ਵਾਂਗ ਕਾਲੇ ਬੁਖ਼ਾਰ ਦਾ ਵੀ ਇਟਲੀ ਵਿਚ ਕੋਈ ਇਲਾਜ ਨਹੀਂ ਸੀ। ਬਹੁਤ ਸਾਰੇ ਲੋਕ ਇਸ ਬੁਖ਼ਾਰ ਦੀ ਵਜ੍ਹਾ ਨਾਲ ਮਰਨ ਲੱਗੇ ਅਤੇ ਮਰਨ ਵਾਲਿਆਂ ਦੀਆਂ ਲਾਸ਼ਾਂ ਨੂੰ ਇਸੇ ਟਾਪੂ ’ਤੇ ਲਿਆ ਕੇ ਇਵੇਂ ਹੀ ਸੁੱਟ ਦਿੱਤਾ ਜਾਂਦਾ ਸੀ, ਜਿਸ ਕਾਰਨ ਇਹ ਜਗ੍ਹਾ ਇਕ ਨਰਕ ਦੀ ਤਰ੍ਹਾਂ ਬਣ ਚੁੱਕੀ ਸੀ।
ਸੰਨ 1922 ਵਿਚ ਲੱਖਾਂ ਲੋਕਾਂ ਦੀਆਂ ਮੌਤਾਂ ਦੇ ਗਵਾਹ ਬਣੇ ਇਸ ਟਾਪੂ ’ਤੇ ਇਕ ਮੈਂਟਲ ਹਸਪਤਾਲ ਬਣਾਇਆ ਗਿਆ, ਬਸ ਇੱਥੋਂ ਹੀ ਸ਼ੁਰੂ ਹੋਇਆ ਡਰਾਵਣੀਆਂ ਘਟਨਾਵਾਂ ਵਾਪਰਨ ਦਾ ਸਿਲਸਿਲਾ। ਇਸ ਹਸਪਤਾਲ ਵਿਚ ਰਹਿਣ ਵਾਲੇ ਸਟਾਫ਼ ਅਤੇ ਮਰੀਜ਼ਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਟਾਪੂ ’ਤੇ ਕਈ ਭੂਤ ਅਤੇ ਆਤਮਾਵਾਂ ਨੂੰ ਮਹਿਸੂਸ ਕੀਤਾ ਏ ਅਤੇ ਦੇਖਿਆ ਵੀ ਐ। ਪੈਰਾਨਾਰਮਲ ਨਜ਼ਰੀਏ ਤੋਂ ਇਹ ਟਾਪੂ ਇੰਨਾ ਖ਼ਤਰਨਾਕ ਦੱਸਿਆ ਜਾਣ ਲੱਗ ਪਿਆ ਕਿ ਲੋਕ ਇੱਥੋਂ ਤੱਕ ਦਾਅਵਾ ਕਰਨ ਲੱਗ ਪਏ ਕਿ ਰਾਤ ਦੇ ਸਮੇਂ ਇਸ ਟਾਪੂ ’ਤੇ ਜ਼ਿੰਦਾ ਅਤੇ ਮੁਰਦਾ ਲੋਕਾਂ ਵਿਚ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਸੀ।
ਇੱਥੇ ਰਹਿਣ ਵਾਲੇ ਡਾਕਟਰਾਂ ਦਾ ਕਹਿਣਾ ਸੀ ਕਿ ਰਾਤ ਦੇ ਸਮੇਂ ਇੱਥੇ ਡਰਾਵਣੀਆਂ ਆਵਾਜ਼ਾਂ ਆਉਣੀਆਂ ਇਕ ਆਮ ਜਿਹੀ ਗੱਲ ਬਣ ਗਈ ਸੀ ਜੋ ਹਸਪਤਾਲ ਦੇ ਮਰੀਜ਼ਾਂ ਨੂੰ ਆਪਣੀ ਲਪੇਟ ਵਿਚ ਲੈ ਲੈਂਦੀਆਂ ਸਨ। ਜਿਹੜੇ ਕੁੱਝ ਚੋਣਵੇਂ ਲੋਕ ਇੱਥੋਂ ਵਾਪਸ ਵੀ ਗਏ, ਉਨ੍ਹਾਂ ਨੇ ਬਸ ਇਹੀ ਆਖਿਆ ਕਿ ਇਹ ਟਾਪੂ ਸਾਡੀ ਦੁਨੀਆ ਵਿਚ ਜਿਉਂਦਾ ਜਾਗਦਾ ਨਰਕ ਐ। ਇੱਥੇ ਕੋਈ ਇਨਸਾਨ ਜਾਂਦਾ ਤਾਂ ਆਪਣੀ ਮਰਜ਼ੀ ਦੇ ਨਾਲ ਐ ਪਰ ਉਸ ਦਾ ਵਾਪਸ ਪਰਤਣਾ ਉਨ੍ਹਾਂ ਆਤਮਾਵਾਂ ਦੇ ਰਹਿਮ ਕਰਮ ’ਤੇ ਨਿਰਭਰ ਕਰਦਾ ਏ ਜੋ ਇੱਥੇ ਰਾਜ਼ ਕਰਦੀਆਂ ਨੇ।
18 ਏਕੜ ਵਿਚ ਫੈਲੇ ਇਸ ਟਾਪੂ ਨੂੰ ਡਰਾਵਣੀਆਂ ਥਾਵਾਂ ਦੀ ਸੂਚੀ ਵਿਚ ਤੀਜੇ ਨੰਬਰ ’ਤੇ ਰੱਖਿਆ ਗਿਆ ਏ, ਜਦਕਿ ਵਿਸ਼ਵ ਵਿਚ ਪਹਿਲੇ ਨੰਬਰ ’ਤੇ ਯੂਰਪ ਦੇ ਹਾਂਟੇਡ ਆਈਲੈਂਡ ਦਾ ਨਾਮ ਆਉਂਦਾ ਏ। ਇਟਲੀ ਸਰਕਾਰ ਦੇ ਬੈਨ ਮਗਰੋਂ ਹੁਣ ਇਸ ਟਾਪੂ ’ਤੇ ਜਾਣ ਦੀ ਕੋਈ ਹਿੰਮਤ ਨਹੀਂ ਕਰਦਾ ਬਲਕਿ ਇਟਲੀ ਦੇ ਮਛੇਰੇ ਇਸ ਟਾਪੂ ਦੇ ਨੇੜੇ ਤੇੜੇ ਮੱਛੀਆਂ ਤੱਕ ਨਹੀਂ ਫੜਦੇ ਕਿਉਂਕਿ ਮੱਛੀਆਂ ਫੜਨ ਵਾਲੇ ਜਾਲ਼ ਵਿਚ ਮੱਛੀਆਂ ਨਹੀਂ ਬਲਕਿ ਇਨਸਾਨੀ ਹੱਡੀਆਂ ਹੀ ਨਿਕਲਦੀਆਂ ਨੇ।
ਇਕ ਰਿਪੋਰਟ ਮੁਤਾਬਕ ਸਰਕਾਰ ਦੀ ਆਗਿਆ ਤੋਂ ਬਾਅਦ 40 ਸਾਲਾਂ ਦੇ ਬ੍ਰਿਟਿਸ਼ ਖੋਜੀ ਮੈਟ ਨਾਦਿਨ ਅਤੇ 54 ਸਾਲਾ ਐਂਡੀ ਥਾਂਪਸਨ ਨੇ ਕੁੱਝ ਸਾਲ ਪਹਿਲਾਂ ਇਸ ਟਾਪੂ ਦਾ ਦੌਰਾ ਕੀਤਾ ਸੀ। ਉਨ੍ਹਾਂ ਨੇ ਕਈ ਥਾਵਾਂ ਦੀਆਂ ਤਸਵੀਰਾਂ ਖਿੱਚੀਆਂ ਅਤੇ ਸ਼ੇਅਰ ਵੀ ਕੀਤੀਆਂ। ਖੋਜ ਕਰਨ ਵਾਲੇ ਮੈਟ ਨੇ ਵੀ ਦੱਸਿਆ ਕਿ ਉਸ ਟਾਪੂ ’ਤੇ ਜਾਣਾ ਵਾਕਈ ਇਕ ਡਰਾਵਣਾ ਅਨੁਭਵ ਸੀ ਅਤੇ ਉਹ ਇਸ ਨੂੰ ਜ਼ਿੰਦਗੀ ਵਿਚ ਕਦੇ ਨਹੀਂ ਭੁੱਲ ਸਕਣਗੇ।
ਇਹ ਜਾਣਕਾਰੀ ਇੰਟਰਨੈੱਟ ਤੋਂ ਇਕੱਤਰ ਕੀਤੀ ਗਈ ਐ, ਜਿਸ ਦਾ ਮਕਸਦ ਵਹਿਮ ਭਰਮ ਫੈਲਾਉਣਾ ਨਹੀਂ ਬਲਕਿ ਤੁਹਾਡੀ ਜਾਣਕਾਰੀ ਵਿਚ ਵਾਧਾ ਕਰਨਾ ਏ। ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ