ਇਸ ਮੁਸਲਿਮ ਦੇਸ਼ ’ਚ ਵਧ ਰਿਹਾ ‘Pleasure marriage’ ਦਾ ਰੁਝਾਨ

ਇੰਡੋਨੇਸ਼ੀਆ ਦੱਖਣ ਪੂਰਬੀ ਏਸ਼ੀਆ ਵਿਚ ਸਥਿਤ ਇਕ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਐ, ਪਰ ਮੌਜੂਦਾ ਸਮੇਂ ਇੱਥੇ ਇਕ ਖ਼ਾਸ ਕਿਸਮ ਦੇ ਵਿਆਹਾਂ ਦੀ ਕਾਫ਼ੀ ਚਰਚਾ ਹੋ ਰਹੀ ਐ। ਦਰਅਸਲ ਇੱਥੇ ਕੁੜੀਆਂ ਪੈਸਿਆਂ ਦੇ ਬਦਲੇ ਕੁੱਝ ਸਮੇਂ ਲਈ ਅਸਥਾਈ ਵਿਆਹ ਕਰਵਾ ਰਹੀਆਂ ਨੇ, ਜਿਸ ਨੂੰ ‘ਪਲੇਜ਼ਰ ਮੈਰਿਜ਼’ ਯਾਨੀ ਖ਼ੁਸ਼ੀ ਦਾ ਵਿਆਹ ਕਿਹਾ ਜਾਂਦਾ ਏ।

Update: 2024-10-11 13:03 GMT

ਪੁਨਕਾਕ : ਇੰਡੋਨੇਸ਼ੀਆ ਦੱਖਣ ਪੂਰਬੀ ਏਸ਼ੀਆ ਵਿਚ ਸਥਿਤ ਇਕ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਐ, ਪਰ ਮੌਜੂਦਾ ਸਮੇਂ ਇੱਥੇ ਇਕ ਖ਼ਾਸ ਕਿਸਮ ਦੇ ਵਿਆਹਾਂ ਦੀ ਕਾਫ਼ੀ ਚਰਚਾ ਹੋ ਰਹੀ ਐ। ਦਰਅਸਲ ਇੱਥੇ ਕੁੜੀਆਂ ਪੈਸਿਆਂ ਦੇ ਬਦਲੇ ਕੁੱਝ ਸਮੇਂ ਲਈ ਅਸਥਾਈ ਵਿਆਹ ਕਰਵਾ ਰਹੀਆਂ ਨੇ, ਜਿਸ ਨੂੰ ‘ਪਲੇਜ਼ਰ ਮੈਰਿਜ਼’ ਯਾਨੀ ਖ਼ੁਸ਼ੀ ਦਾ ਵਿਆਹ ਕਿਹਾ ਜਾਂਦਾ ਏ। ਹਾਲਾਂਕਿ ਇੰਡੋਨੇਸ਼ੀਆ ਸਰਕਾਰ ਵੱਲੋਂ ਇਸ ਨੂੰ ਮਾਨਤਾ ਨਹੀਂ ਦਿੱਤੀ ਗਈ ਪਰ ਪਲੇਜ਼ਰ ਮੈਰਿਜ਼ ਹੁਣ ਇਕ ਕਾਰੋਬਾਰ ਦਾ ਰੂਪ ਲੈਂਦੀ ਜਾ ਰਹੀ ਐ। ਦੇਖੋ ਸਾਡੀ ਇਹ ਖ਼ਾਸ ਰਿਪੋਰਟ।

ਇੰਡੋਨੇਸ਼ੀਆ ਭਾਵੇਂ ਇਕ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਐ ਪਰ ਇੱਥੇ ਅੱਜਕੱਲ੍ਹ ਇਕ ਖ਼ਾਸ ਕਿਸਮ ਦੇ ਵਿਆਹਾਂ ਦੀ ਕਾਫ਼ੀ ਚਰਚਾ ਹੋ ਰਹੀ ਐ, ਜਿਸ ਵਿਚ ਇੱਥੋਂ ਦੇ ਇਕ ਖੇਤਰ ਦੀਆਂ ਕੁੜੀਆਂ ਕੁੱਝ ਸਮੇਂ ਲਈ ਅਸਥਾਈ ਤੌਰ ’ਤੇ ਵਿਆਹ ਕਰਵਾ ਰਹੀਆਂ ਨੇ, ਜਿਸ ਨੂੰ ਪਲੇਜ਼ਰ ਮੈਰਿਜ਼ ਯਾਨੀ ਖੁਸ਼ੀ ਦਾ ਵਿਆਹ ਕਿਹਾ ਜਾਂਦਾ ਏ। ਸੋਸ਼ਲ ਮੀਡੀਆ ’ਤੇ ਇਸ ਪ੍ਰਥਾ ਦੀ ਕਾਫ਼ੀ ਆਲੋਚਨਾ ਕੀਤੀ ਜਾ ਰਹੀ ਐ ਅਤੇ ਇੰਡੋਨੇਸ਼ੀਆ ਦੀ ਸਰਕਾਰ ਵੱਲੋਂ ਵੀ ਇਸ ਵਿਆਹ ਨੂੰ ਮਾਨਤਾ ਨਹੀਂ ਦਿੱਤੀ ਗਈ। ਬਲਕਿ ਜੇਕਰ ਕੋਈ ਇੰਡੋਨੇਸ਼ੀਆ ਵਿਚ ਵਿਆਹ ਕਾਨੂੰਨ ਦੀ ਉਲੰਘਣਾ ਕਰਦਾ ਏ ਤਾਂ ਉਸ ਨੂੰ ਜੇਲ੍ਹ ਅਤੇ ਜੁਰਮਾਨਾ ਭੁਗਤਣਾ ਪਵੇਗਾ।

ਇਕ ਜਾਣਕਾਰੀ ਅਨੁਸਾਰ ਇੰਡੋਨੇਸ਼ੀਆ ਦੇ ਪੱਛਮ ਵਿਚ ਸਥਿਤ ਪਿੰਡ ਪੁਨਕਾਕ ਵਿਖੇ ਇਹ ਪ੍ਰਥਾ ਕਾਫ਼ੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਐ। ਇੱਥੋਂ ਦੇ ਲੋਕ ਅਰਬੀ ਪਕਵਾਨਾਂ ਦੇ ਸ਼ੌਕੀਨ ਨੇ। ਇਹੀ ਕਾਰਨ ਐ ਕਿ ਹਰ ਸਾਲ ਪੱਛਮੀ ਏਸ਼ੀਆ ਅਤੇ ਅਰਬ ਦੇਸ਼ਾਂ ਤੋਂ ਵੱਡੀ ਗਿਣਤੀ ਵਿਚ ਸੈਲਾਨੀ ਇੱਥੇ ਆਉਂਦੇ ਨੇ। ਇਸ ਤੋਂ ਬਾਅਦ ਇੱਥੋਂ ਦੀਆਂ ਕੁੱਝ ਏਜੰਸੀਆਂ ਸੈਲਾਨੀਆਂ ਨੂੰ ਇੱਥੋਂ ਦੇ ਕੋਟਾ ਬੁੰਗਾ ਸਥਿਤ ਇਕ ਰਿਜ਼ੋਰਟ ਵਿਚ ਸਥਾਨਕ ਔਰਤਾਂ ਨਾਲ ਮਿਲਾਉਂਦੀਆਂ ਨੇ। ਦੋਵੇਂ ਧਿਰਾਂ ਵਿਚਾਲੇ ਸਹਿਮਤੀ ਹੋਣ ਤੋਂ ਬਾਅਦ ਇਕ ਗ਼ੈਰ ਰਸਮੀ ਵਿਆਹ ਸਮਾਰੋਹ ਕੀਤਾ ਜਾਂਦਾ ਏ। ਇਹ ਪੱਕਾ ਵਿਆਹ ਨਹੀਂ ਬਲਕਿ ਅਸਥਾਈ ਵਿਆਹ ਹੁੰਦਾ ਏ, ਜਿਸ ਵਿਚ ਵਿਆਹ ਤੋਂ ਪਹਿਲਾਂ ਲਾੜੇ ਨੂੰ ਲਾੜੀ ਦੀ ਕੀਮਤ ਅਦਾ ਕਰਨੀ ਪੈਂਦੀ ਐ।

ਪਲੀਜ਼ਰ ਵਿਆਹ ਵਿਚ ਵਿਆਹ ਤੋਂ ਬਾਅਦ ਪਤੀ ਪਤਨੀ ਇਕੱਠੇ ਰਹਿੰਦੇ ਨੇ, ਜਿਸ ਦੌਰਾਨ ਘਰ ਦਾ ਸਾਰਾ ਕੰਮ ਪਤਨੀ ਵੱਲੋਂ ਹੀ ਕੀਤਾ ਜਾਂਦਾ ਏ। ਪਤੀ-ਪਤਨੀ ਸਰੀਰਕ ਸਬੰਧ ਵੀ ਬਣਾ ਸਕਦੇ ਨੇ ਪਰ ਜਦੋਂ ਕਿਸੇ ਔਰਤ ਦਾ ਪਤੀ ਇੰਡੋਨੇਸ਼ੀਆ ਛੱਡ ਕੇ ਚਲਾ ਜਾਂਦਾ ਏ ਤਾਂ ਇਹ ਵਿਆਹ ਆਪਣੇ ਆਪ ਹੀ ਟੁੱਟ ਜਾਂਦਾ ਏ। ਇਸ ਤੋਂ ਬਾਅਦ ਔਰਤਾਂ ਕਿਸੇ ਹੋਰ ਨਾਲ ਵਿਆਹ ਕਰਵਾ ਸਕਦੀਆਂ ਨੇ। ਇਕ ਰਿਪੋਰਟ ਮੁਤਾਬਕ ਇੰਡੋਨੇਸ਼ੀਆ ਦੇ ਪੁਨਕਾਕ ਖੇਤਰ ਵਿਚ ਖ਼ੁਸ਼ੀ ਦੇ ਵਿਆਹ ਦਾ ਰੁਝਾਨ ਕਾਫ਼ੀ ਵਧਦਾ ਜਾ ਰਿਹਾ ਏ ਜੋ ਇਕ ਕਾਰੋਬਾਰ ਦਾ ਰੂਪ ਲੈ ਚੁੱਕਿਆ ਏ। ਪਹਿਲਾਂ ਪਰਿਵਾਰਕ ਮੈਂਬਰ ਜਾਂ ਜਾਣ ਪਛਾਣ ਵਾਲੇ ਲੋਕ ਕੁੜੀਆਂ ਨੂੰ ਸੈਲਾਨੀਆਂ ਦੇ ਨਾਲ ਮਿਲਾਉਂਦੇ ਸਨ ਪਰ ਹੁਣ ਇਸ ਵਿਚ ਏਜੰਸੀਆਂ ਦੀ ਐਂਟਰੀ ਹੋ ਗਈ ਐ ਜੋ ਸੈਲਾਨੀਆਂ ਨਾਲ ਕੁੜੀਆਂ ਨੂੰ ਮਿਲਾਉਣ ਤੋਂ ਲੈ ਕੇ ਵਿਆਹ ਸਮਾਰੋਹ ਦਾ ਸਾਰਾ ਪ੍ਰਬੰਧ ਖ਼ੁਦ ਹੀ ਕਰਦੀਆਂ ਨੇ।

ਦੱਸ ਦਈਏ ਕਿ ਇਸ ਖੇਤਰ ਦੀਆਂ ਬਹੁਤ ਸਾਰੀਆਂ ਔਰਤਾਂ ਕਈ ਕਈ ਵਾਰ ਪਲੇਜ਼ਰ ਮੈਰਿਜ਼ ਯਾਨੀ ਖ਼ੁਸ਼ੀ ਦੇ ਵਿਆਹ ਕਰ ਚੁੱਕੀਆਂ ਨੇ। ਇਕ ਸਥਾਨਕ ਔਰਤ ਕਾਹਿਯਾ ਦਾ ਕਹਿਣਾ ਏ ਕਿ ਉਹ 17 ਸਾਲਾਂ ਦੀ ਉਮਰ ਵਿਚ ਪਹਿਲੀ ਵਾਰ ਦੁਲਹਨ ਬਣੀ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਉਹ 15 ਤੋਂ ਵੱਧ ਵਾਰ ਖ਼ੁਸ਼ੀ ਦੇ ਵਿਆਹ ਕਰਵਾ ਚੁੱਕੀ ਐ। ਕਾਹਿਯਾ ਦੇ ਮੁਤਾਬਕ ਉਸ ਦੀ ਪਹਿਲੀ ਪਲੀਜ਼ਰ ਮੈਰਿਜ਼ ਸਾਊਦੀ ਅਰਬ ਦੇ ਰਹਿਣ ਵਾਲੇ 50 ਸਾਲਾ ਵਿਅਕਤੀ ਦੇ ਨਾਲ ਹੋਈ ਸੀ। ਇੰਡੋਨੇਸ਼ੀਆਈ ਸਰਕਾਰ ਭਾਵੇਂ ਇਨ੍ਹਾਂ ਵਿਆਹਾਂ ਦੇ ਖ਼ਿਲਾਫ਼ ਐ ਪਰ ਉਸ ਵੱਲੋਂ ਵੀ ਇਸ ਮਾਮਲੇ ਵਿਚ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਪਲੇਜ਼ਰ ਮੈਰਿਜ਼ ਹੁਣ ਵੱਡੇ ਕਾਰੋਬਾਰ ਦਾ ਰੂਪ ਲੈ ਚੁੱਕੀ ਐ।

Tags:    

Similar News