ਖ਼ਤਰਨਾਕ ਬਿਮਾਰੀ ਨੂੰ ਹਰਾਉਣ ਮਗਰੋਂ ਘਰ ਪਰਤ ਰਹੀ ਬੱਚੀ ਦੀ ਦਰਦਨਾਕ ਮੌਤ
ਖਤਰਨਾਕ ਬਿਮਾਰੀ ਨੂੰ ਹਰਾਉਣ ਮਗਰੋਂ ਸਿਹਤਯਾਬ ਹੋ ਕੇ ਘਰ ਪਰਤ ਰਹੀ ਬੱਚੀ ਉਸ ਮੰਦਭਾਗੇ ਜਹਾਜ਼ ਵਿਚ ਸਵਾਰ ਸੀ ਜੋ ਫਿਲਾਡੈਲਫੀਆ ਦੇ ਉਤਰ-ਪੱਛਮੀ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਕਰੈਸ਼ ਹੋ ਗਿਆ।;
ਫਿਲਾਡੈਲਫੀਆ : ਖਤਰਨਾਕ ਬਿਮਾਰੀ ਨੂੰ ਹਰਾਉਣ ਮਗਰੋਂ ਸਿਹਤਯਾਬ ਹੋ ਕੇ ਘਰ ਪਰਤ ਰਹੀ ਬੱਚੀ ਉਸ ਮੰਦਭਾਗੇ ਜਹਾਜ਼ ਵਿਚ ਸਵਾਰ ਸੀ ਜੋ ਫਿਲਾਡੈਲਫੀਆ ਦੇ ਉਤਰ-ਪੱਛਮੀ ਇਲਾਕੇ ਵਿਚ ਸ਼ੁੱਕਰਵਾਰ ਸ਼ਾਮ ਕਰੈਸ਼ ਹੋ ਗਿਆ। ਫਿਲਾਡੈਲਫੀਆ ਦੇ ਸ਼ਰਾਈਨਰਜ਼ ਚਿਲਡ੍ਰਨਜ਼ ਹੌਸਪੀਟਲ ਵਿਚ ਸਫ਼ਲ ਇਲਾਜ ਮਗਰੋਂ ਬੱਚੀ ਨੂੰ ਏਅਰ ਐਂਬੁਲੈਂਸ ਰਾਹੀਂ ਮੈਕਸੀਕੋ ਲਿਜਾਇਆ ਜਾ ਰਿਹਾ ਸੀ ਜਦੋਂ ਉਡਾਣ ਭਰਨ ਤੋਂ ਸਿਰਫ਼ 30 ਸੈਕਿੰਡ ਬਾਅਦ ਜਹਾਜ਼ ਸ਼ਹਿਰ ਦੇ ਰਿਹਾਇਸ਼ੀ ਇਲਾਕੇ ਵਿਚ ਕਰੈਸ਼ ਹੋ ਗਿਆ ਅਤੇ ਇਸ ਵਿਚ ਸਵਾਰ ਛੇ ਜਣਿਆਂ ਵਿਚੋਂ ਕੋਈ ਨਾ ਬਚ ਸਕਿਆ। ਦੂਜੇ ਪਾਸੇ ਘਰਾਂ ਵਿਚ ਮੌਜੂਦ 7 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਏਅਰ ਐਂਬੂਲੈਂਸ ਫਿਲਾਡੈਲਫ਼ੀਆ ਦੇ ਰਿਹਾਇਸ਼ੀ ਇਲਾਕੇ ਵਿਚ ਕਰੈਸ਼
ਪੁਲਿਸ ਨੇ ਦੱਸਿਆ ਕਿ ਜਹਾਜ਼ ਦੇ ਕਰੈਸ਼ ਹੋਣ ਮਗਰੋਂ ਇਕ ਵੱਡਾ ਧਮਾਕਾ ਹੋਇਆ ਅਤੇ ਕਈ ਇਮਾਰਤਾਂ ਵਿਚ ਅੱਗ ਲੱਗ ਗਈ। ਇਸੇ ਦੌਰਾਨ ਜੈਟ ਰੈਸਕਿਊ ਏਅਰ ਐਂਬੁਲੈਂਸ ਦੀ ਤਰਜਮਾਨ ਸ਼ਾਈ ਗੋਲਡ ਨੇ ਦੱਸਿਆ ਕਿ ਹਵਾਈ ਜਹਾਜ਼ ਵਿਚ ਬੱਚੀ ਦੀ ਮਾਂ, ਡਾਕਟਰ, ਪੈਰਾਮੈਡਿਕ, ਪਾਇਲਟ ਅਤੇ ਸਹਾਇਕ ਪਾਇਲਟ ਸਵਾਰ ਸਨ ਜਿਨ੍ਹਾਂ ਦੀ ਜ਼ਿੰਦਗੀ ਇਕ ਹੌਲਨਾਕ ਹਾਦਸੇ ਵਿਚ ਖਤਮ ਹੋ ਗਈ। ਜਹਾਜ਼ ਵਿਚ ਸਵਾਰ ਸਾਰੇ ਜਣੇ ਮੈਕਸੀਕਨ ਨਾਗਰਿਕ ਸਨ ਜਿਨ੍ਹਾਂ ਨੇ ਪਹਿਲਾਂ ਮਜ਼ੂਰੀ ਸੂਬੇ ਦੇ ਸਪ੍ਰਿੰਗਫੀਲਡ ਹਵਾਈ ਅੱਡੇ ’ਤੇ ਪੁੱਜਣਾ ਸੀ ਅਤੇ ਫਿਰ ਬੱਚੀ ਨੂੰ ਲੈ ਕੇ ਮੈਕਸੀਕੋ ਰਵਾਨਾ ਹੋਣ ਦੀ ਯੋਜਨਾ ਬਣਾਈ ਗਈ। ਉਧਰ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਫਿਲਾਡੈਲਫੀਆ ਸ਼ਹਿਰ ਦੀ ਪੁਲਿਸ ਮੁਤਾਬਕ 7 ਜਣਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਨੂੰ ਤਿੰਨ ਜਣਿਆਂ ਨੂੰ ਮੱਲ੍ਹਮ ਪੱਟੀ ਤੋਂ ਬਾਅਦ ਛੁੱਟੀ ਦੇ ਦਿਤੀ ਗਈ ਜਦਕਿ ਤਿੰਨ ਦਾ ਇਲਾਜ ਚੱਲ ਰਿਹਾ ਹੈ।
6 ਮੈਕਸੀਕਨ ਨਾਗਰਿਕਾਂ ਦੀ ਮੌਤ, 7 ਅਮਰੀਕੀ ਹੋਏ ਜ਼ਖਮੀ
ਸੱਤਵੇਂ ਜ਼ਖਮੀ ਬਾਰੇ ਜਾਣਕਾਰੀ ਹਾਸਲ ਨਾ ਹੋ ਸਕੀ। ਲੀਅਰਜੈਟ 55 ਕਿਸਮ ਦਾ ਜਹਾਜ਼ ਕਰੈਸ਼ ਹੋਣ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਜਹਾਜ਼ ਨੂੰ ਅਸਮਾਨ ਵਿਚ ਹੀ ਅੱਗ ਲੱਗ ਗਈ ਅਤੇ ਇਹ ਬੇਕਾਬੂ ਹੋ ਕੇ ਘਰਾਂ ਉਤੇ ਜਾ ਡਿੱਗਾ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਪੈਨਸਿਲਵੇਨੀਆ ਸੂਬੇ ਦਾ ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ ਵਾਸ਼ਿੰਗਟਨ ਡੀ.ਸੀ. ਵਿਖੇ ਮੁਸਾਫ਼ਰ ਜਹਾਜ਼ ਅਤੇ ਫੌਜ ਦੀ ਹੈਲੀਕਾਪਟਰ ਦੀ ਟੱਕਰ ਬਾਰੇ ਕਈ ਕਿਸਮ ਦੀਆਂ ਅਫ਼ਵਾਹਾਂ ਉਡ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਹੈਲੀਕਾਪਟਰ ਵੱਲੋਂ ਰਾਸ਼ਟਰਪਤੀ ਨੂੰ ਹੰਗਾਮੀ ਹਾਲਾਤ ਵਿਚ ਵਾਈਟ ਹਾਊਸ ਵਿਚੋਂ ਕੱਢ ਕੇ ਲਿਜਾਣ ਦੀ ਪ੍ਰੈਕਟਿਸ ਕੀਤੀ ਜਾ ਰਹੀ ਸੀ ਜਦਕਿ ਰਾਸ਼ਟਰਪਤੀ ਟਰੰਪ ਹਾਦਸੇ ਲਈ ਚਮੜੀ ਦੇ ਰੰਗ ਨੂੰ ਦੋਸ਼ ਦੇ ਰਹੇ ਹਨ।