ਪੈਰਿਸ ਓਲੰਪਿਕਸ ’ਤੇ ਕੋਰੋਨਾ ਦਾ ਪਰਛਾਵਾਂ

ਪੈਰਿਸ ਓਲੰਪਿਕਸ ’ਤੇ ਕੋਰੋਨਾ ਦੀ ਮਾਰ ਪੈਂਦੀ ਨਜ਼ਰ ਆਈ ਜਦੋਂ 12 ਤੋਂ ਵੱਧ ਖਿਡਾਰੀ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ਖਿਡਾਰੀਆਂ ਵਿਚੋਂ ਕੁਝ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ;

Update: 2024-08-02 12:11 GMT

ਪੈਰਿਸ : ਪੈਰਿਸ ਓਲੰਪਿਕਸ ’ਤੇ ਕੋਰੋਨਾ ਦੀ ਮਾਰ ਪੈਂਦੀ ਨਜ਼ਰ ਆਈ ਜਦੋਂ 12 ਤੋਂ ਵੱਧ ਖਿਡਾਰੀ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ਖਿਡਾਰੀਆਂ ਵਿਚੋਂ ਕੁਝ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਐਲਾਨ ਕਰ ਦਿਤਾ ਪਰ ਕੁਝ ਵਾਇਰਸ ਪੀੜਤ ਹੋਣ ਦੇ ਬਾਵਜੂਦ ਮੁਕਾਬਲਿਆਂ ਵਿਚ ਸ਼ਾਮਲ ਹੋਣ ਲਈ ਡਟੇ ਹੋਏ ਹਨ। ਉਧਰ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਾਮਲਿਆਂ ਦਾ ਖੇਡਾਂ ’ਤੇ ਕੋਈ ਅਸਰ ਨਹੀਂ ਪਵੇਗਾ ਅਤੇ ਮੁਕਾਬਲੇ ਆਮ ਵਾਂਗ ਜਾਰੀ ਰਹਿਣਗੇ। ਦੂਜੇ ਪਾਸੇ ਕੋਰੋਨਾ ਦੀ ਖਬਰ ਫੈਲਦਿਆਂ ਹੀ ਦਰਸ਼ਕਾਂ ਵਿਚ ਮਾਸਕ ਨਜ਼ਰ ਆਉਣ ਲੱਗੇ।

12 ਖਿਡਾਰੀ ਵਾਇਰਸ ਪੀੜਤ ਮਿਲੇ

ਬਰਤਾਨਵੀ ਤੈਰਾਕ ਐਡਮ ਪੀਟੀ ਨੂੰ ਕੋਰੋਨਾ ਹੋਣ ਦੀ ਰਿਪੋਰਟ ਹੈ ਜਿਸ ਨੇ 100 ਮੀਟਰ ਬ੍ਰੈਸਟ ਸਟ੍ਰੋਕ ਮੁਕਾਬਲੇ ਵਿਚ ਸਿਲਵਰ ਮੈਡਲ ਜਿੱਤਿਆ ਸੀ। ਆਸਟ੍ਰੇਲੀਆ ਦੀ ਇਕ ਤੈਰਾਨ ਨੇ ਕੋਰੋਨਾ ਪੀੜਤ ਹੋਣ ਮਗਰੋਂ 1500 ਫਰੀ ਸਟਾਈਲ ਮੁਕਾਬਲੇ ਵਿਚੋਂ ਆਪਣਾ ਨਾਂ ਵਾਪਸ ਲੈ ਲਿਆ। ਕੋਰੋਨਾ ਪੀੜਤ ਹੋਣ ਦੇ ਬਾਵਜੂਦ ਖਿਡਾਰੀਆਂ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਲਈ ਮਜਬੂਰ ਨਹੀਂ ਕੀਤਾ ਜਾ ਰਿਹਾ ਹੈ ਜਿਸ ਦੇ ਮੱਦੇਨਜ਼ਰ ਆਸਟ੍ਰੇਲੀਅਨ ਤੈਰਾਕ ਵੱਲੋਂ ਆਰਾਮ ਕਰਨ ਅਤੇ 4 ਗੁਣਾ 200 ਮੀਟਰ ਫਰੀਸਟਾਈਲ ਮੁਕਾਬਲੇ ਵਿਚ ਸ਼ਾਮਲ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਦਾ ਫਾਇਦਾ ਹੋਇਆ ਅਤੇ ਆਸਟ੍ਰੇਲੀਅਨ ਟੀਮ ਗੋਲਡ ਮੈਡਲ ਜਿੱਤਣ ਵਿਚ ਸਫਲ ਰਹੀ।

ਕੁਝ ਨੇ ਬਿਮਾਰ ਹੋਣ ਦੇ ਬਾਵਜੂਦ ਖੇਡਣ ਦਾ ਕੀਤਾ ਐਲਾਨ

ਦੂਜੇ ਪਾਸੇ ਜਰਮਨ ਐਥਲੀਟ ਮੈਨੁਅਲ ਆਇਟਨ ਨੇ ਇੰਸਟਗ੍ਰਾਮ ’ਤੇ ਟੂਰਨਾਮੈਂਟ ਵਿਚੋਂ ਬਾਹਰ ਰਹਿਣ ਦਾ ਐਲਾਨ ਕੀਤਾ। ਜਰਮਨ ਖਿਡਾਰੀ ਨੇ ਕਿਹਾ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦਿਨਾਂ ਵਿਚੋਂ ਇਕ ਹੈ। ਦੱਸ ਦੇਈਏ ਕਿ ਪੈਰਿਸ ਓਲੰਪਿਕਸ ਵਿਚ ਜ਼ਿਆਦਾ ਸਖਤੀ ਨਹੀਂ ਵਰਤੀ ਜਾ ਰਹੀ ਅਤੇ ਫੈਸਲਾ ਸਬੰਧਤ ਮੁਲਕਾਂ ਜਾਂ ਉਨ੍ਹਾਂ ਦੇ ਖਿਡਾਰੀਆਂ ’ਤੇ ਹੀ ਛੱਡਿਆ ਜਾ ਰਿਹਾ ਹੈ। ਬਰਤਾਨੀਆਂ ਦੇ ਖਿਡਾਰੀ ਮਾਸਕ ਨਾਲ ਨਜ਼ਰ ਆ ਰਹੇ ਸਨ ਜਦਕਿ ਕੈਨੇਡੀਅਨ ਖਿਡਾਰੀਆਂ ਵੱਲੋਂ ਮਹਾਂਮਾਰੀ ਵਾਲੇ ਹੋਰਨਾਂ ਨਿਯਮਾਂ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ। ਕੈਨੇਡਾ ਦੇ ਚੀਫ ਮੈਡੀਕਲ ਅਫਸਰ ਮਾਈਕ ਵਿਲਕਿਨਸਨ ਨੇ ਦੱਸਿਆ ਕਿ ਖਿਡਾਰੀਆਂ ਨੂੰ ਇਕਾਂਤਵਾਸ ਵਿਚ ਰੱਖਣ ਦਾ ਨਿਯਮ ਵੀ ਬਣਾਇਆ ਗਿਆ ਹੈ। ਚੇਤੇ ਰਹੇ ਕਿ ਮਹਾਂਮਾਰੀ ਕਰ ਕੇ 2020 ਦੀਆਂ ਟੋਕੀਓ ਓਲੰਪਿਕਸ ਇਕ ਸਾਲ ਬਾਅਦ ਹੋਈਆਂ ਸਨ। ਇਸ ਤੋਂ ਇਲਾਵਾ ਟੋਕੀਓ ਓਲੰਪਿਕਸ ਵਿਚ ਮਾਸਕ, ਸੋਸ਼ਲ ਡਿਸਟੈਂਸਿੰਗ ਅਤੇ ਲਗਾਤਾਰ ਟੈਸਟਿੰਗ ਲਾਜ਼ਮੀ ਕੀਤੀ ਗਈ।

Tags:    

Similar News