ਅਮਰੀਕਾ ਤੋਂ ਭਾੜੇ ਦੇ ਕਾਤਲਾਂ ਰਾਹੀਂ ਪੰਜਾਬ ਵਿਚ ਦੂਜੀ ਵਾਰਦਾਤ!

ਪੰਜਾਬ ਦੇ ਜੰਡਿਆਲਾ ਗੁਰੂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਵੀਰਵਾਰ ਦੇਰ ਸ਼ਾਮ ਹੋਏ ਕਤਲ ਦਾ ਦੋਸ਼ ਅਮਰੀਕਾ ਰਹਿੰਦੇ ਜਗਰੂਪ ਸਿੰਘ ਉਰਫ ਜੱਗਾ ਅਤੇ ਉਸ ਦੇ ਮਾਪਿਆਂ ਕਸ਼ਮੀਰ ਸਿੰਘ ਤੇ ਇਕਬਾਲ ਕੌਰ ’ਤੇ ਲਾਇਆ ਜਾ ਰਿਹਾ ਹੈ।;

Update: 2024-08-31 11:38 GMT

ਅੰਮ੍ਰਿਤਸਰ : ਪੰਜਾਬ ਦੇ ਜੰਡਿਆਲਾ ਗੁਰੂ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਤਲਾਵਾਂ ਵਿਖੇ ਵੀਰਵਾਰ ਦੇਰ ਸ਼ਾਮ ਹੋਏ ਕਤਲ ਦਾ ਦੋਸ਼ ਅਮਰੀਕਾ ਰਹਿੰਦੇ ਜਗਰੂਪ ਸਿੰਘ ਉਰਫ ਜੱਗਾ ਅਤੇ ਉਸ ਦੇ ਮਾਪਿਆਂ ਕਸ਼ਮੀਰ ਸਿੰਘ ਤੇ ਇਕਬਾਲ ਕੌਰ ’ਤੇ ਲਾਇਆ ਜਾ ਰਿਹਾ ਹੈ। ਪੁਲਿਸ ਕੋਲ ਦਰਜ ਸ਼ਿਕਾਇਤ ਮੁਤਾਬਕ ਆਪਣੀ ਧੀ ਦਲਜੀਤ ਕੌਰ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ਬੈਠੇ ਪਰਵਾਰ ਨੇ ਕੁਲਬੀਰ ਸਿੰਘ ਦਾ ਕਤਲ ਕਰਵਾਇਆ। ਇਸ ਤੋਂ ਪਹਿਲਾਂ ਵਿਸਕੌਨਸਿਨ ਦੇ ਮਿਲਵੌਕੀ ਸ਼ਹਿਰ ਵਿਚ ਰਹਿੰਦੇ ਪਰਵਾਰ ਵਿਰੁੱਧ ਸੁਖਚੈਨ ਸਿੰਘ ’ਤੇ ਕਾਤਲਾਨਾ ਹਮਲਾ ਕਰਵਾਉਣ ਦੇ ਦੋਸ਼ ਲੱਗ ਚੁੱਕੇ ਹਨ। ਪੰਜਾਬ ਪੁਲਿਸ ਵੱਲੋਂ ਦੋਹਾਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਜ਼ਿਲ੍ਹੇ ਵਿਚ ਸਾਹਮਣੇ ਆਈਆਂ ਦੋਵੇਂ ਵਾਰਦਾਤਾਂ

ਅੰਮ੍ਰਿਤਸਰ ਦੇ ਦਬੁਰਜੀ ਪਿੰਡ ਵਿਚ ਵਾਪਰੀ ਵਾਰਦਾਤ ਤੋਂ ਪਹਿਲਾਂ ਬੰਦੂਕਧਾਰੀਆਂ ਦੇ ਖਾਤੇ ਵਿਚ ਲੱਖਾਂ ਰੁਪਏ ਜਮ੍ਹਾਂ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ ਅਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਹ ਰਕਮ ਅਮਰੀਕਾ ਤੋਂ ਭਿਜਵਾਈ ਗਈ। ਵਧੀਕ ਡਿਪਟੀ ਕਮਿਸ਼ਨਰ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਸੁਖਚੈਨ ਸਿੰਘ ਦੀ ਸਾਬਕਾ ਪਤਨੀ ਦੇ ਭਰਾ ਸੁਖਵਿੰਦਰ ਸਿੰਘ ਅਤੇ ਭੈਣਾਂ ਕੁਲਜਿੰਦਰ ਕੌਰ ਅਤੇ ਜਸਵੀਰ ਕੌਰ ਦੀ ਕਥਿਤ ਸ਼ਮੂਲੀਅਤ ਬਾਰੇ ਤੱਥ ਸਾਹਮਣੇ ਆਏ ਹਨ। ਇਹ ਸਾਰੇ ਅਮਰੀਕਾ ਦੇ ਮਿਲਵੌਕੀ ਸ਼ਹਿਰ ਵਿਚ ਰਹਿੰਦੇ ਹਨ ਅਤੇ ਵਿੱਤੀ ਲੈਣ-ਦੇਣ ਬਾਰੇ ਹੋਰ ਜਾਣਵਾਰੀ ਵੀ ਉਭਰ ਕੇ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਦਬੁਰਜੀ ਗੋਲੀਕਾਂਡ ਮਗਰੋਂ ਪੁਲਿਸ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿਚ ਕਥਿਤ ਸ਼ੂਟਰ ਗੁਰਕੀਰਤ ਸਿੰਘ ਵਾਸੀ ਪਿੰਡ ਬੁਟਰਾਂ ਅਤੇ ਸੁਖਵਿੰਦਰ ਸਿੰਘ ਵਾਸੀ ਢਿਲਵਾਂ ਸ਼ਾਮਲ ਹਨ। ਦੋਹਾਂ ਤੋਂ ਇਲਾਵਾ ਸੁਖਚੈਨ ਸਿੰਘ ਦੀ ਸਾਬਕਾ ਪਤਨੀ ਦੇ ਪਿਤਾ ਸਰਵਣ ਸਿੰਘ, ਜਗਜੀਤ ਸਿੰਘ ਅਤੇ ਚਮਕੌਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਇਕ ਹੋਟਲ ਮਾਲਕ ਦਿਗਾਂਬਰ ਅਤਰੀ ਅਤੇ ਉਸ ਦੇ ਮੈਨੇਜਰ ਅਭਿਲਾਕਸ਼ ਭਾਸਕਰ ਦੀ ਗ੍ਰਿਫ਼ਤਾਰੀ ਵੀ ਹੋਈ। ਦੂਜੇ ਪਾਸੇ ਤਾਰਾਗੜ੍ਹ ਤਲਾਵਾਂ ਮਾਮਲੇ ਵਿਚ ਕੁਲਬੀਰ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਦਲਜੀਤ ਕੌਰ ਦੀ ਮੌਤ 2011 ਵਿਚ ਹੋਈ ਅਤੇ ਇਸ ਦਾ ਦੋਸ਼ ਕੁਲਬੀਰ ਸਿੰਘ ’ਤੇ ਲਾਇਆ ਗਿਆ।

ਇਕ ਜਣੇ ਦੀ ਗਈ ਜਾਨ, ਦੂਜਾ ਗੰਭੀਰ ਜ਼ਖਮੀ

ਅਦਾਲਤ ਨੇ ਦੋ ਸਾਲ ਬਾਅਦ ਕੁਲਬੀਰ ਸਿੰਘ ਨੂੰ ਬਰੀ ਕਰ ਦਿਤਾ ਅਤੇ ਹੁਣ ਬਦਲਾ ਲੈਣ ਲਈ ਅਮਰੀਕਾ ਤੋਂ ਉਸ ਦਾ ਕਤਲ ਕਰਵਾਇਆ ਗਿਆ। ਦੱਸ ਦੇਈਏ ਕਿ ਕੁਲਬੀਰ ਸਿੰਘ ਆਪਣੀ ਗੱਡੀ ਵਿਚ ਜਾ ਰਿਹਾ ਸੀ ਜਦੋਂ ਦੋ ਮੋਟਰਸਾਈਕਲ ਸਵਾਰ ਉਸ ਦੇ ਰਾਹ ਵਿਚ ਆ ਗਏ ਅਤੇ ਬਾਰੀ ਦਾ ਸ਼ੀਸ਼ਾ ਹੇਠਾਂ ਕਰਨ ਲਈ ਕਹਿਣ ਲੱਗੇ। ਇਸ ਤੋਂ ਪਹਿਲਾਂ ਕਿ ਕੁਲਬੀਰ ਸਿੰਘ ਨੂੰ ਕੁਝ ਸਮਝ ਆਉਂਦਾ, ਮੋਟਰਸਾਈਕਲ ਸਵਾਰ ਬੰਦਿਆਂ ਨੇ ਗੋਲੀਆਂ ਚਲਾ ਦਿਤੀਆਂ। ਦੋ ਗੋਲੀਆਂ ਕੁਲਬੀਰ ਦੇ ਸਿਰ ਵਿਚ ਵੱਜੀਆਂ ਜਦਕਿ ਇਕ ਬਾਂਹ ’ਤੇ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀ.ਐਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਦੇ ਪਿਤਾ ਦੀ ਸ਼ਿਕਾਇਤ ’ਤੇ ਅਮਰੀਕਾ ਰਹਿੰਦੇ ਪਰਵਾਰ ਵਿਰੁੱਧ ਸ਼ਿਕਾਇਤ ਦਰਜ ਕਰਦਿਆਂ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News