ਅਮਰੀਕਾ ਤੋਂ ਡਿਪੋਰਟ ਪੰਜਾਬੀ ਪਰਵਾਰ ਦੀ ਹੱਡਬੀਤੀ
ਅਮਰੀਕਾ ਤੋਂ ਪਰਵਾਰ ਸਣੇ ਡਿਪੋਰਟ ਕੀਤੇ ਪਰਮਜੀਤ ਸਿੰਘ ਦੀ ਹੱਡਬੀਤੀ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ ਜੋ ਨਾ ਸਿਰਫ਼ ਸਵਾ ਕਰੋੜ ਰੁਪਏ ਗੁਆ ਕੇ ਘਰ ਪਰਤਿਆ ਹੈ ਸਗੋਂ;
ਕੁਰੂਕਸ਼ੇਤਰ : ਅਮਰੀਕਾ ਤੋਂ ਪਰਵਾਰ ਸਣੇ ਡਿਪੋਰਟ ਕੀਤੇ ਪਰਮਜੀਤ ਸਿੰਘ ਦੀ ਹੱਡਬੀਤੀ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ ਜੋ ਨਾ ਸਿਰਫ਼ ਸਵਾ ਕਰੋੜ ਰੁਪਏ ਗੁਆ ਕੇ ਘਰ ਪਰਤਿਆ ਹੈ ਸਗੋਂ ਪਤਨੀ ਅਤੇ ਬੱਚਿਆਂ ਦੀ ਜਾਨ ਵੀ ਖਤਰੇ ਵਿਚ ਪੈ ਗਈ ਜਦੋਂ ਡੌਂਕਰਾਂ ਨੇ ਰਕਮ ਨਾ ਮਿਲਣ ’ਤੇ ਸਭਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ। ਪਰਮਜੀਤ ਸਿੰਘ ਮੁਤਾਬਕ ਰਕਮ ਦਾ ਪ੍ਰਬੰਧ ਨਾ ਹੋਣ ’ਤੇ ਡੌਂਕਰਾਂ ਨੇ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਕਰੰਟ ਵੀ ਲਾਇਆ। ਕਰਨਾਲ ਜ਼ਿਲ੍ਹੇ ਦੇ ਪਿੰਡ ਹੈਬਤਪੁਰ ਨਾਲ ਸਬੰਧਤ ਪਰਮਜੀਤ ਸਿੰਘ ਮੁਤਾਬਕ ਉਹ ਅਤੇ ਉਨ੍ਹਾਂ ਦੀ ਪਤਨੀ ਸਿਰਫ਼ ਪੰਜਵੀਂ ਪਾਸ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਬਿਹਤਰ ਤੋਂ ਬਿਹਤਰ ਸਿੱਖਿਆ ਦੇਣਾ ਚਾਹੁੰਦੇ ਸਨ ਜਿਸ ਦੇ ਮੱਦੇਨਜ਼ਰ ਪਿੰਡ ਛੱਡ ਕੇ ਕੁਰੂਕਸ਼ੇਤਰ ਰਹਿਣ ਲੱਗੇ।
ਬੱਚਿਆਂ ਨੂੰ ਲਾਇਆ ਕਰੰਟ, ਜਾਨੋ ਮਾਰਨ ਦੀ ਧਮਕੀ
ਇਸੇ ਦੌਰਾਨ ਤਿੰਨ ਠੱਗ ਟਰੈਵਲ ਏਜੰਟ ਪਰਮਜੀਤ ਸਿੰਘ ਨੂੰ ਮਿਲੇ ਅਤੇ ਸਬਜ਼ਬਾਗ ਦਿਖਾਉਣੇ ਸ਼ੁਰੂ ਕਰ ਦਿਤੇ ਕਿ ਅਮਰੀਕਾ ਪੁਜਦਿਆਂ ਹੀ ਚੰਗੀ ਨੌਕਰੀ ਮਿਲ ਜਾਵੇਗੀ ਅਤੇ ਉਹ ਪਰਵਾਰ ਸਮੇਤ ਉਥੇ ਜਾ ਸਕਦਾ ਹੈ। ਪਤੀ-ਪਤਨੀ ਅਤੇ 2 ਬੱਚਿਆਂ ਨੂੰ ਅਮਰੀਕਾ ਭੇਜਣ ਦੇ ਇਵਜ਼ ਵਿਚ ਇਕ ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ ਗਈ। ਪਰਮਜੀਤ ਸਿੰਘ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਨਾਜਾਇਜ਼ ਤਰੀਕੇ ਨਾਲ ਅਮਰੀਕਾ ਜਾਣ ਦਾ ਮਨ ਬਣਾ ਲਿਆ ਅਤੇ ਪੇਸ਼ਗੀ ਵਜੋਂ ਡੇਢ ਲੱਖ ਰੁਪਏ ਟਰੈਵਲ ਏਜੰਟਾਂ ਨੂੰ ਦੇ ਦਿਤੇ। ਪਰਮਜੀਤ ਸਿੰਘ ਦੀ ਪਤਨੀ ਦਾ ਪਾਸਪੋਰਟ ਨਹੀਂ ਸੀ ਬਣਿਆ ਹੋਇਆ ਅਤੇ ਜਲਦ ਤੋਂ ਜਲਦ ਪਾਸਪੋਰਟ ਦਾ ਪ੍ਰਬੰਧ ਕਰਵਾਉਣ ਲਈ ਟਰੈਵਲ ਏਜੰਟਾਂ ਨੂੰ 8 ਲੱਖ ਰੁਪਏ ਹੋਰ ਦਿਤੇ। ਟਰੈਵਲ ਏਜੰਟਾਂ ਨੇ ਅਮਰੀਕਾ ਭੇਜਣ ਦੀ ਸਾਰੀ ਤਿਆਰੀ ਹੋਣ ਦੀ ਗੱਲ ਆਖੀ ਤਾਂ ਪਰਮਜੀਤ ਨੇ ਆਪਣਾ ਘਰ 74 ਲੱਖ ਰੁਪਏ ਵਿਚ ਵੇਚ ਦਿਤਾ। 18 ਦਸੰਬਰ 2024 ਨੂੰ ਟਰੈਵਲ ਏਜੰਟਾਂ ਨੇ 40 ਲੱਖ ਰੁਪਏ ਨਕਦ ਲੈ ਲਏ ਅਤੇ ਇਸ ਮਗਰੋਂ 21 ਦਸੰਬਰ ਨੂੰ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਰੋਮ ਅਤੇ ਫਿਰ ਪੈਰਿਸ ਪਹੁੰਚਾ ਦਿਤਾ।
ਪਰਮਜੀਤ 1.25 ਕਰੋੜ ਰੁ. ਗੁਆ ਕੇ ਘਰ ਪਰਤਿਆ
ਪੈਰਿਸ ਪੁੱਜੇ ਪਰਮਜੀਤ ਨੂੰ ਵ੍ਹਟਸਐਪ ਕਾਲ ਕਰ ਕੇ ਦੱਸਿਆ ਗਿਆ ਕਿ ਪਨਾਮਾ ਜਾਣ ਵਾਲੀ ਫਲਾਈਟ ਰੱਦ ਹੋ ਗਈ ਹੈ ਜਿਸ ਦੇ ਮੱਦੇਨਜ਼ਰ 27 ਦਸੰਬਰ ਨੂੰ ਕੌਸਟਾਰਿਕਾ ਭੇਜਿਆ ਗਿਆ। ਕੌਸਟਾਰਿਕਾ ਤੋਂ 15 ਦਿਨ ਦਾ ਸਫ਼ਰ ਕਰਦਿਆਂ ਪਰਮਜੀਤ ਅਤੇ ਉਸ ਦਾ ਪਰਵਾਰ ਮੈਕਸੀਕੋ ਪੁੱਜ ਗਏ ਜਿਥੇ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਦ ਕਰ ਦਿਤਾ ਗਿਆ। ਡੌਂਕਰਾਂ ਨੇ ਪਾਸਪੋਰਟ ਅਤੇ ਮੋਬਾਈਲ ਖੋਹ ਲਏ ਅਤੇ ਮੋਟੀ ਰਕਮ ਮੰਗਣੀ ਸ਼ੁਰੂ ਕਰ ਦਿਤੀ। ਪਰਮਜੀਤ ਵੱਲੋਂ ਵਾਰ ਵਾਰ ਯਕੀਨ ਦਿਵਾਉਣ ਕਿ ਅਮਰੀਕਾ ਪਹੁੰਚਣ ’ਤੇ ਸਾਰੀ ਰਕਮ ਅਦਾ ਕਰ ਦਿਤੀ ਜਾਵੇਗੀ, ਦੇ ਬਾਵਜੂਦ ਡੌਂਕਰਾਂ ਨੇ ਇਕ ਨਾ ਸੁਣੀ ਅਤੇ ਬੱਚਿਆਂ ਦੀ ਕੁੱਟਮਾਰ ਕਰਨ ਲੱਗੇ ਅਤੇ ਬਿਜਲੀ ਦਾ ਕਾਰੰਟ ਵੀ ਲਾਇਆ। ਬੱਚਿਆਂ ਨੂੰ ਜਾਨੋ ਮਾਰਨ ਦੀ ਧਮਕੀ ਵੀ ਦਿਤੀ ਗਈ ਜਿਸ ਮਗਰੋਂ ਪਰਮਜੀਤ ਨੇ 15 ਜਨਵਰੀ ਨੂੰ ਆਪਣੇ ਮਾਮੇ ਦੇ ਮੁੰਡੇ ਨੂੰ ਵ੍ਹਟਸਐਪ ਕਾਲ ਕਰ ਕੇ ਰਕਮ ਦਾ ਪ੍ਰਬੰਧ ਕਰਨ ਦੇ ਤਰਲੇ ਕੀਤੇ। ਪਰਮਜੀਤ ਬਿਹਤਰ ਭਵਿੱਖ ਦੀ ਭਾਲ ਵਿਚ ਅਮਰੀਕਾ ਜਾ ਰਿਹਾ ਸੀ ਪਰ ਉਸ ਦੇ ਪਰਵਾਰ ਦੀ ਜਾਨ ਖਤਰੇ ਵਿਚ ਘਿਰ ਗਈ। ਆਖਰਵਾਰ 70 ਲੱਖ ਰੁਪਏ ਦਾ ਪ੍ਰਬੰਧ ਹੋ ਗਿਆ ਅਤੇ ਡੌਂਕਰ ਉਨ੍ਹਾਂ ਨੂੰ ਅਮਰੀਕਾ ਦੇ ਬਾਰਡਰ ਨੇੜੇ ਲੈ ਗਏ ਪਰ ਦੂਜੇ ਪਾਸੇ ਟਰੰਪ ਬਤੌਰ ਰਾਸ਼ਟਰਪਤੀ ਅਹੁਦਾ ਸੰਭਾਲ ਚੁੱਕੇ ਸਨ ਅਤੇ ਨਾਜਾਇਜ਼ ਪ੍ਰਵਾਸੀਆਂ ਦੀ ਫੜੋ ਫੜੀ ਵੱਡੇ ਪੱਧਰ ’ਤੇ ਸ਼ੁਰੂ ਹੋ ਗਈ। ਪਰਮਜੀਤ ਨੂੰ ਆਲੇ ਦੁਆਲੇ ਤੋਂ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਪਰਵਾਰ ਸਣੇ ਬਾਰਡਰ ਪਾਰ ਕਰਨ ਤੋਂ ਨਾਂਹ ਕਰ ਦਿਤੀ ਜਿਸ ਮਗਰੋਂ ਡੌਂਕਰਾਂ ਨੇ ਮੁੜ ਪਰਮਜੀਤ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦਿਤੀ ਅਤੇ ਜ਼ਬਰਦਸਤੀ ਬਾਰਡਰ ਪਾਰ ਕਰਵਾ ਦਿਤਾ। ਪਰਮਜੀਤ ਅਤੇ ਉਸ ਦੇ ਪਰਵਾਰ ਦੇ ਅਮਰੀਕਾ ਵਿਚ ਦਾਖਲ ਹੋਣ ਦੀ ਵੀਡੀਓ ਬਣਾ ਕੇ ਇੰਡੀਆ ਵਿਚ ਮੌਜੂਦ ਏਜੰਟਾਂ ਨੂੰ ਭੇਜ ਦਿਤੀ ਗਈ ਪਰ ਇਧਰ ਬਾਰਡਰ ਏਜੰਟਾਂ ਨੇ ਪੂਰੇ ਪਰਵਾਰ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਵਿਚ ਡੱਕ ਦਿਤਾ ਅਤੇ 5 ਫ਼ਰਵਰੀ ਨੂੰ ਡਿਪੋਰਟ ਕਰ ਦਿਤਾ ਗਿਆ। ਹੁਣ ਪਰਮਜੀਤ ਅਤੇ ਉਸ ਦੇ ਪਰਵਾਰ ਦਾ ਭਵਿੱਖ ਹਨੇਰੇ ਵਿਚ ਹੈ। ਸਿਰ ’ਤੇ ਛੱਤ ਵੀ ਨਹੀਂ ਰਹੀ ਅਤੇ ਲੱਖਾਂ ਰੁਪਏ ਦਾ ਕਰਜ਼ਾ ਵੱਖਰਾ ਚੜ੍ਹ ਗਿਆ।