ਨਿਊ ਯਾਰਕ ਸ਼ਹਿਰ ਦਾ ਅਗਲਾ ਮੇਅਰ ਹੋਵੇਗਾ ਭਾਰਤੀ
ਅਮਰੀਕਾ ਦੀ ਆਰਥਿਕ ਰਾਜਧਾਨੀ ਨਿਊ ਯਾਰਕ ਵਿਚ ਪਹਿਲਾ ਭਾਰਤੀ ਮੇਅਰ ਬਣਨਾ ਲਗਭਗ ਯਕੀਨੀ ਹੋ ਗਿਆ ਹੈ।
ਨਿਊ ਯਾਰਕ : ਅਮਰੀਕਾ ਦੀ ਆਰਥਿਕ ਰਾਜਧਾਨੀ ਨਿਊ ਯਾਰਕ ਵਿਚ ਪਹਿਲਾ ਭਾਰਤੀ ਮੇਅਰ ਬਣਨਾ ਲਗਭਗ ਯਕੀਨੀ ਹੋ ਗਿਆ ਹੈ। ਜੀ ਹਾਂ, ਡੈਮੋਕ੍ਰੈਟਿਕ ਪਾਰਟੀ ਵੱਲੋਂ ਜ਼ੋਹਰਾਨ ਮਮਦਾਨੀ ਉਮੀਦਵਾਰੀ ਜਿੱਤ ਚੁੱਕੇ ਹਨ ਅਤੇ ਨਿਊ ਯਾਰਕ ਸ਼ਹਿਰ ਵਿਚ ਡੈਮੋਕ੍ਰੈਟਸ ਦਾ ਦਬਦਬਾ ਮੰਨਿਆ ਜਾਂਦਾ ਹੈ। ਗੁਜਰਾਤੀ ਅਤੇ ਪੰਜਾਬੀ ਮਾਪਿਆਂ ਦੀ ਸੰਤਾਨ ਜ਼ੋਹਰਾਨ ਮਮਦਾਨੀ ਦਾ ਜਨਮ ਯੁਗਾਂਡਾ ਵਿਚ ਹੋਇਆ ਅਤੇ ਬਾਅਦ ਵਿਚ ਉਨ੍ਹਾਂ ਦਾ ਪਰਵਾਰ ਅਮਰੀਕਾ ਆ ਕੇ ਵਸ ਗਿਆ। ਨਿਊ ਯਾਰਕ ਸੂਬਾ ਅਸੈਂਬਲੀ ਦੇ 33 ਸਾਲਾ ਮੈਂਬਰ ਜ਼ੋਹਰਾਨ ਮਮਦਾਨੀ ਨੇ ਪਾਰਟੀ ਪੱਧਰ ’ਤੇ 80 ਫ਼ੀ ਸਦੀ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਮੇਅਰ ਦੀ ਉਮੀਦਵਾਰੀ ਜਿੱਤ ਲਈ ਜਦਕਿ ਸਾਬਕਾ ਗਵਰਨਰ ਐਂਡਰਿਊ ਕੂਮੋ ਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਜ਼ੋਹਰਾਨ ਮਮਦਾਨੀ ਨੇ ਜਿੱਤੀ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ
ਆਪਣੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਐਂਡਰਿਊ ਕੂਮੋ ਨੇ ਕਿਹਾ ਕਿ ਅੱਜ ਦੀ ਰਾਤ ਜ਼ੋਹਰਾਨ ਮਮਦਾਨੀ ਦੇ ਨਾਂ ਰਹੀ। ਦੂਜੇ ਪਾਸੇ ਨਿਊ ਯਾਰਕ ਸ਼ਹਿਰ ਦੇ ਮੌਜੂਦਾ ਮੇਅਰ ਐਰਿਕ ਐਡਮਜ਼ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਕਾਰਨ ਡੈਮੋਕ੍ਰੈਟਿਕ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਲਈ ਚੋਣ ਹੀ ਨਾ ਲੜੀ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਮੇਅਰ ਦੀ ਚੋਣ ਲੜ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਡੈਮੋਕ੍ਰੈਟਿਕ ਪਾਰਟੀ ਦਾ ਅਗਾਂਹਵਧੂ ਧੜਾ ਜ਼ੋਹਰਾਨ ਮਮਦਾਨੀ ਦੀ ਪਿੱਠ ’ਤੇ ਆ ਗਿਆ ਅਤੇ ਐਂਡਰਿਊ ਕੂਮੋ ਵਰਗੇ ਤਜਰਬੇਕਾਰ ਸਿਆਸਤਦਾਨ ਦੇ ਪੈਰ ਨਾ ਲੱਗਣ ਦਿਤੇ। ਜ਼ੋਹਰਾਨ ਮਮਦਾਨੀ ਨੇ ਆਪਣੇ ਪ੍ਰਚਾਰ ਦੌਰਾਨ ਨਿਊ ਯਾਰਕ ਸ਼ਹਿਰ ਵਿਚ ਅਸਮਾਨ ਛੂੰਹਦੇ ਰਹਿਣ-ਸਹਿਣ ਦੇ ਖਰਚੇ ਨੂੰ ਮੁੱਦਾ ਬਣਾਇਆ ਅਤੇ ਅਮਰੀਕਾ ਦੇ ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਕਰਨ ਵਿਚ ਵੀ ਸਫ਼ਲ ਰਿਹਾ। ਦੂਜੇ ਪਾਸੇ ਰਿਪਬਲਿਕਨ ਪਾਰਟੀ ਵੱਲੋਂ ਕਰਟਿਸ ਸਲੀਵਾ ਮੇਅਰ ਦੀ ਚੋਣ ਦੌਰਾਨ ਉਮੀਦਵਾਰ ਹੋਣਗੇ ਅਤੇ ਇਹ ਵੀ ਸੰਭਵ ਹੈ ਕਿ ਜ਼ੋਹਰਾਨ ਮਮਦਾਨੀ ਤੋਂ ਹਾਰਨ ਵਾਲੇ ਐਂਡਰਿਊ ਕੂਮੋ ਨਵੰਬਰ ਵਿਚ ਪੈਣ ਵਾਲੀਆਂ ਵੋਟਾਂ ਦੌਰਾਨ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿਚ ਨਿੱਤਰ ਆਉਣ। ਉਧਰ ਜ਼ੋਹਰਾਨ ਮਮਦਾਨੀ ਦੇ ਵਿਰੋਧੀਆਂ ਵੱਲੋਂ ਕੂੜ ਪ੍ਰਚਾਰ ਆਰੰਭ ਦਿਤਾ ਗਿਆ ਹੈ। ਨਿਊ ਯਾਰਕ ਸ਼ਹਿਰ ਨੂੰ ਦੁਨੀਆਂ ਦੀ ਆਰਥਿਕ ਰਾਜਧਾਨੀ ਕਰਾਰ ਦਿੰਦਿਆਂ ਕੁਝ ਸਿਆਸਤਦਾਨ ਦਾਅਵਾ ਕਰ ਰਹੇ ਹਨ ਕਿ ਜ਼ੋਹਰਾਨ ਮਮਦਾਨੀ ਮੇਅਰ ਬਣਿਆ ਤਾਂ ਅਮੀਰਾਂ ’ਤੇ ਟੈਕਸਾਂ ਦਾ ਬੋਝ ਵਧ ਸਕਦਾ ਹੈ।
ਗੁਜਰਾਤੀ ਅਤੇ ਪੰਜਾਬੀ ਮਾਪਿਆਂ ਦੀ ਸੰਤਾਨ ਹੈ ਯੁਗਾਂਡਾ ’ਚ ਜੰਮਿਆ ਮਮਦਾਨੀ
ਹਮੇਸ਼ਾ ਤੋਂ ਹੀ ਸਿਆਸਤ ਵਿਚ ਡੂੰਘੀ ਦਿਲਚਸਪੀ ਰੱਖਣ ਵਾਲੇ ਜ਼ੋਹਰਾਨ ਮਮਦਾਨੀ ਨੇ 2021 ਵਿਚ ਕੁਈਨਜ਼ ਇਲਾਕੇ ਤੋਂ ਸੂਬਾ ਅਸੈਂਬਲੀ ਦੀ ਚੋਣ ਜਿੱਤੀ ਸੀ ਅਤੇ ਇਸ ਜਿੱਤ ਵਿਚ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਰਿਹਾ। ਮੇਅਰ ਦੀ ਚੋਣ ਨਾਲ ਸਬੰਧਤ ਸਰਵੇਖਣ ਵੀ ਆਉਣੇ ਸ਼ੁਰੂ ਹੋ ਰਹੇ ਹਨ ਅਤੇ ਟਰੰਪ ਦੀਆਂ ਨੀਤੀਆਂ ਨੂੰ ਵੇਖਦਿਆਂ ਡੈਮੋਕ੍ਰੈਟਿਕ ਪਾਰਟੀ ਨੂੰ ਵੱਡਾ ਫਾਇਦਾ ਹੋ ਸਕਦਾ ਹੈ। ਮੈਨਹਟਨ ਇੰਸਟੀਚਿਊਟ ਦੇ ਫੈਲੋ ਚਾਰਲਸ ਫੇਨ ਲੀਹਮਨ ਦਾ ਕਹਿਣਾ ਸੀ ਕਿ ਜ਼ੋਹਰਾਨ ਮਮਦਾਨੀ ਸ਼ਹਿਰ ਵਾਸੀਆਂ ਦੀ ਨਬਜ਼ ਪਛਾਣਨ ਵਿਚ ਸਫ਼ਲ ਰਿਹਾ ਅਤੇ ਸ਼ਹਿਰ ਦੇ ਲੋਕਾਂ ਨੂੰ ਅਜਿਹਾ ਮੇਅਰ ਚਾਹੀਦਾ ਹੈ ਜੋ ਜ਼ਿੰਦਗੀ ਦੇ ਖਰਚਿਆਂ ਨੂੰ ਘਟਾ ਸਕੇ। ਮਮਦਾਨੀ ਸ਼ਹਿਰ ਦੇ ਲੋਕਾਂ ਵਾਸਤੇ ਸਰਕਾਰੀ ਗਰੌਸਰੀ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਨਿਊ ਯਾਰਕ ਪੁਲਿਸ ਵਿਭਾਗ ਦਾ ਘੇਰਾ ਵਧਾਉਣ ਦੇ ਹੱਕ ਵਿਚ ਨਹੀਂ। ਮੇਅਰ ਦੀ ਚੋਣ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨਿਊ ਯਾਰਕ ਸਣੇ ਕਈ ਸ਼ਹਿਰਾਂ ਵਿਚ ਇੰਮੀਗ੍ਰੇਸ਼ਨ ਛਾਪੇ ਵਧਾਉਣ ਦੇ ਹੁਕਮ ਦੇ ਚੁੱਕੇ ਹਨ।