ਅਮਰੀਕਾ ਵਾਲਿਆਂ ਦੇ ਸਿਰ ਚੜ੍ਹ ਬੋਲਿਆ ਕਮਲਾ ਹੈਰਿਸ ਦਾ ਜਾਦੂ
ਭਾਰਤੀ ਮੂਲ ਦੀ ਕਮਲਾ ਹੈਰਿਸ ਦਾ ਜਾਦੂ ਅਮਰੀਕਾ ਵਾਲਿਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਜਿਥੇ ਸਿਆਸੀ ਚੰਦੇ ਦੇ ਰੂਪ ਵਿਚ ਡਾਲਰਾਂ ਦੀ ਬਾਰਸ਼ ਹੋ ਰਹੀ ਹੈ, ਉਥੇ ਹੀ ਮਕਬੂਲੀਅਤ ਦਾ ਗ੍ਰਾਫ ਵੀ ਲਗਾਤਾਰ ਵਧਦਾ ਜਾ ਰਿਹਾ ਹੈ।
ਵਾਸ਼ਿੰਗਟਨ : ਭਾਰਤੀ ਮੂਲ ਦੀ ਕਮਲਾ ਹੈਰਿਸ ਦਾ ਜਾਦੂ ਅਮਰੀਕਾ ਵਾਲਿਆਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਅਤੇ ਜਿਥੇ ਸਿਆਸੀ ਚੰਦੇ ਦੇ ਰੂਪ ਵਿਚ ਡਾਲਰਾਂ ਦੀ ਬਾਰਸ਼ ਹੋ ਰਹੀ ਹੈ, ਉਥੇ ਹੀ ਮਕਬੂਲੀਅਤ ਦਾ ਗ੍ਰਾਫ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਤਾਜ਼ਾ ਰਿਪੋਰਟ ਮੁਤਾਬਕ ਇਕ ਹਫਤੇ ਵਿਚ ਕਮਲਾ ਹੈਰਿਸ 200 ਮਿਲੀਅਨ ਡਾਲਰ ਦਾ ਸਿਆਸੀ ਚੰਦਾ ਇਕੱਤਰ ਕਰ ਚੁੱਕੇ ਹਨ ਜਦਕਿ ਚੋਣ ਸਰਵੇਖਣਾਂ ਵਿਚ ਟਰੰਪ ਨੂੰ ਤਰਜੀਹ ਦੇਣ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਕਮਲਾ ਹੈਰਿਸ ਆਪਣੀ ਸ਼ਖਸੀਅਤ ਦੇ ਦਮ ’ਤੇ 1 ਲੱਖ 70 ਹਜ਼ਾਰ ਨਵੇਂ ਵਾਲੰਟੀਅਰ ਡੈਮੋਕ੍ਰੈਟਿਕ ਪਾਰਟੀ ਨਾਲ ਜੋੜ ਚੁੱਕੇ ਹਨ ਅਤੇ ਦਾਨੀ ਸੱਜਣਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਮੈਸਾਚਿਊਸੈਟਸ ਦੇ ਦੇ ਪਿਟਸਫੀਲਡ ਵਿਖੇ ਇਕ ਚੋਣ ਸਮਾਗਮ ਦੌਰਾਨ ਕਮਲਾ ਹੈਰਿਸ ਨੂੰ 14 ਲੱਖ ਡਾਲਰ ਮਿਲਰ ਜਦਕਿ ਟੀਚਾ ਸਿਰਫ 4 ਲੱਖ ਡਾਲਰ ਦਾ ਮਿੱਥਿਆ ਗਿਆ ਸੀ।
ਸਿਰਫ ਇਕ ਹਫ਼ਤੇ ’ਚ ਇਕੱਤਰ ਕੀਤੇ 200 ਮਿਲੀਅਨ ਡਾਲਰ
ਵੋਟਾਂ ਵਾਲੇ ਦਿਨ ਵਿਚ ਸਿਰਫ 100 ਦਿਨ ਦਾ ਸਮਾਂ ਰਹਿ ਗਿਆ ਹੈ ਅਤੇ ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦੀ ਰਫ਼ਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਰਾਸ਼ਟਰਪਤੀ ਦੀ ਕੁਰਸੀ ਤੱਕ ਪਹੁੰਚਣ ਵਿਚ ਕੋਈ ਦਿੱਕਤ ਨਹੀਂ ਆਵੇਗੀ। ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਡੌਨਲਡ ਟਰੰਪ ਨੂੰ ਨਾਪਸੰਦ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਫੋਰਬਜ਼ ਦੀ ਰਿਪੋਰਟ ਮੁਤਾਬਕ ਡੈਮੋਕ੍ਰੈਟਿਕ ਪਾਰਟੀ 86 ਫੀ ਸਦੀ ਵੋਟਰ ਕਮਲਾ ਹੈਰਿਸ ਦੀ ਉਮੀਦਵਾਰ ਤੋਂ ਖੁਸ਼ ਹਨ ਜਦਕਿ ਬਾਕੀਆਂ ਦਾ ਕਹਿਣਾ ਹੈ ਕਿ ਕੋਈ ਹੋਰ ਉਮੀਦਵਾਰ ਹੋਣਾ ਚਾਹੀਦਾ ਸੀ। ਇਸੇ ਤਰ੍ਹਾਂ ਅਮਰੀਕਾ ਦੇ 52 ਫੀ ਸਦੀ ਲੋਕ ਕਮਲਾ ਹੈਰਿਸ ਨੂੰ ਆਪਣਾ ਅਗਲਾ ਰਾਸ਼ਟਰਪਤੀ ਦੇਖਣਾ ਚਾਹੁੰਦੇ ਹਨ। ਇਨ੍ਹਾਂ ਅੰਕੜਿਆਂ ਦੀ ਤੁਲਨਾ ਟਰੰਪ ਨਾਲ ਕੀਤੀ ਜਾਵੇ ਤਾਂ ਰਿਪਬਲਿਕਨ ਪਾਰਟੀ ਦੇ 82 ਫੀ ਸਦੀ ਵੋਟਰ ਟਰੰਪ ਦੀ ਉਮੀਦਵਾਰੀ ਤੋਂ ਖੁਸ਼ ਹਨ। ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਦੇ ਚੋਣ ਮੈਦਾਨ ਵਿਚੋਂ ਹਟਣ ਤੱਕ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦਾ ਹੱਥ ਉਪਰ ਰਿਹਾ ਪਰ ਇਕ ਹਫ਼ਤੇ ਦੇ ਅੰਦਰ ਹਾਲਾਤ ਬਦਲ ਚੁੱਕੇ ਹਨ। ਕਮਲਾ ਹੈਰਿਸ ਲਈ ਅਗਲੀ ਚੁਣੌਤੀ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਨ ਦੀ ਹੋਵੇਗੀ। ਐਰੀਜ਼ੋਨਾ ਤੋਂ ਸੈਨੇਟ ਮੈਂਬਰ ਮਾਰਕ ਕੈਲੀ ਉਮੀਦਵਾਰੀ ਦੀ ਦੌੜ ਵਿਚ ਸਭ ਤੋਂ ਅੱਗੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਪੈਨਸਿਲਵੇਨੀਆ ਦੇ ਗਵਰਨਰ ਜੌਸ਼ ਸ਼ੈਪੀਰੋ, ਕੈਂਟਕੀ ਦੇ ਗਵਰਨਰ ਐਂਡੀ ਬੈਸਹਿਅਰ ਅਤੇ ਕੈਲੇਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੀ ਦੌੜ ਵਿਚ ਸ਼ਾਮਲ ਹਨ।