ਬੇਸ਼ਕੀਮਤੀ ਗੁਲਾਬੀ ਹੀਰੇ ਉਗਲਦੀ ਇਸ ਦੇਸ਼ ਦੀ ਧਰਤੀ

ਧਰਤੀ ਵਿਚ ਅਨੇਕਾਂ ਖਣਿਜਾਂ ਅਤੇ ਧਾਤਾਂ ਦਾ ਭੰਡਾਰ ਛੁਪਿਆ ਹੋਇਆ ਏ, ਕਈ ਥਾਵਾਂ ’ਤੇ ਧਰਤੀ ਵਿਚੋਂ ਸੋਨਾ ਨਿਕਲਦਾ ਏ, ਕਿਤੇ ਲੋਹਾ ਨਿਕਲਦਾ ਏ ਅਤੇ ਕਿਤੇ ਕੋਲਾ ਅਤੇ ਹੋਰ ਖਣਿਜ ਪਦਾਰਥ,,, ਪਰ ਇਕ ਅਜਿਹਾ ਦੇਸ਼ ਐ, ਜਿੱਥੋਂ ਦੀ ਧਰਤੀ ਬੇਸ਼ਕੀਮਤੀ ਗੁਲਾਬੀ ਹੀਰੇ ਉਗਲਦੀ ਐ, ਯਾਨੀ ਕਿ ਉਥੇ ਗੁਲਾਬੀ;

Update: 2024-07-04 13:25 GMT

ਕੈਨਬਰਾ : ਧਰਤੀ ਵਿਚ ਅਨੇਕਾਂ ਖਣਿਜਾਂ ਅਤੇ ਧਾਤਾਂ ਦਾ ਭੰਡਾਰ ਛੁਪਿਆ ਹੋਇਆ ਏ, ਕਈ ਥਾਵਾਂ ’ਤੇ ਧਰਤੀ ਵਿਚੋਂ ਸੋਨਾ ਨਿਕਲਦਾ ਏ, ਕਿਤੇ ਲੋਹਾ ਨਿਕਲਦਾ ਏ ਅਤੇ ਕਿਤੇ ਕੋਲਾ ਅਤੇ ਹੋਰ ਖਣਿਜ ਪਦਾਰਥ,,, ਪਰ ਇਕ ਅਜਿਹਾ ਦੇਸ਼ ਐ, ਜਿੱਥੋਂ ਦੀ ਧਰਤੀ ਬੇਸ਼ਕੀਮਤੀ ਗੁਲਾਬੀ ਹੀਰੇ ਉਗਲਦੀ ਐ, ਯਾਨੀ ਕਿ ਉਥੇ ਗੁਲਾਬੀ ਹੀਰਿਆਂ ਦਾ ਸਭ ਤੋਂ ਵੱਡਾ ਭੰਡਾਰ ਮੌਜੂਦ ਐ। ਇਹ ਗੁਲਾਬੀ ਹੀਰੇ ਬੇਹੱਦ ਦੁਰਲੱਭ ਮੰਨੇ ਜਾਂਦੇ ਨੇ ਅਤੇ ਜਿਨ੍ਹਾਂ ਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉਡ ਜਾਣਗੇ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਹੜੇ ਦੇਸ਼ ਵਿਚ ਮੌਜੂਦ ਐ ਇਹ ਗੁਲਾਬੀ ਹੀਰਿਆਂ ਦਾ ਭੰਡਾਰ ਅਤੇ ਕਿਉਂ ਮੰਨਿਆ ਜਾਂਦੈ ਗੁਲਾਬੀ ਹੀਰਿਆਂ ਨੂੰ ਦੁਰਲੱਭ।

ਆਸਟ੍ਰੇਲੀਆ ਦੇ ਦੂਰ ਦੁਰਾਡੇ ਕਿੰਬਰਲੀ ਖੇਤਰ ਵਿਚ ਸਥਿਤ ਅਰਗਾਈਲ ਖੱਦਾਨ ਵਿਚ ਗੁਲਾਬੀ ਹੀਰਿਆਂ ਦਾ ਸਭ ਤੋਂ ਵੱਡਾ ਭੰਡਾਰ ਮੌਜੂਦ ਐ। ਵਿਸ਼ਵ ਭਰ ਵਿਚ ਹੁਣ ਤੱਕ ਇੰਨਾ ਵੱਡਾ ਭੰਡਾਰ ਕਿਤੇ ਮੌਜੂਦ ਨਹੀਂ। ਦਰਅਸਲ ਅਸ਼ੁੱਧੀਆਂ ਵਾਲੇ ਨੀਲੇ ਅਤੇ ਪੀਲੇ ਹੀਰਿਆਂ ਦੇ ਉਲਟ ਗੁਲਾਬੀ ਹੀਰੇ ਭੂ ਵਿਗਿਆਨਕ ਪ੍ਰਕਿਰਿਆਵਾਂ ਦੇ ਜ਼ਰੀਏ ਆਪਣਾ ਗੁਲਾਬੀ ਰੰਗ ਹਾਸਲ ਕਰਦੇ ਨੇ। ਇੰਟਰਨੈਸ਼ਨਲ ਜੇਮ ਸੁਸਾਇਟੀ ਦੇ ਅਨੁਸਾਰ ਗੁਲਾਬੀ ਹੀਰੇ ਬੇਹੱਦ ਦੁਰਲੱਭ ਹੁੰਦੇ ਨੇ, ਜਿਨ੍ਹਾਂ ਦੀ ਕੀਮਤ ਪ੍ਰਤੀ ਕੈਰੇਟ ਦੋ ਮਿਲੀਅਨ ਡਾਲਰ ਤੱਕ ਹੁੰਦੀ ਐ। ਇਕ ਕੈਰੇਟ 0.2 ਗ੍ਰਾਮ ਜਾਂ 0.007 ਔਂਸ ਦੇ ਬਰਾਬਰ ਹੁੰਦਾ ਏ। ਆਰਗਾਈ ਝੀਲ ਦੇ ਕਿਨਾਰੇ ਸਥਿਤ ਇਸ ਖੱਦਾਨ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਰਿਓ ਟਿੰਟੋ ਦੇ ਅਨੁਸਾਰ ਇੱਥੇ ਮਾਈਨਿੰਗ ਦਾ ਕੰਮ 37 ਸਾਲਾਂ ਤੱਕ ਚਲਦਾ ਰਿਹਾ, ਜਿਸ ਦੌਰਾਨ ਇੱਥੋਂ 865 ਮਿਲੀਅਨ ਕੈਰੇਟ ਯਾਨੀ 191 ਟਨ ਤੋਂ ਜ਼ਿਆਦਾ ਕੱਚੇ ਹੀਰੇ ਕੱਢੇ ਗਏ, ਜਿਨ੍ਹਾਂ ਵਿਚ ਚਿੱਟੇ, ਨੀਲੇ, ਬੈਂਗਣੀ ਅਤੇ ਲਾਲ ਰੰਗ ਦੇ ਹੀਰੇ ਸ਼ਾਮਲ ਨੇ।

ਲਾਈਵ ਸਾਇੰਸ ਦੀ ਰਿਪੋਰਟ ਦੇ ਮੁਤਾਬਕ ਅਰਗਾਈਲ ਰੌਕ ਢਾਂਚਾ ਹੀਰੇ ਦੇ ਲਈ ਅਸਧਾਰਨ ਸਥਾਨ ਐ ਕਿਉਂਕਿ ਇਹ ਮਹਾਂਦੀਪ ਦੇ ਕਿਨਾਰੇ ’ਤੇ ਸਥਿਤ ਅੇ। ਇੱਥੇ ਹੀਰੇ ਆਮ ਤੌਰ ’ਤੇ ਕਿੰਬਰਲਾਈਟ ਰੌਕ ਖੇਤਰ ਵਿਚ ਪਾਏ ਜਾਂਦੇ ਨੇ ਪਰ ਅਰਗਾਈਲ ਖੇਤਰ ਵਿਚ ਇਕ ਤਰ੍ਹਾਂ ਦੀ ਜਵਾਲਾਮੁਖੀ ਚੱਟਾਨ ਹੁੰਦੀ ਐ, ਜਿਸ ਨੂੰ ਓਲੀਵਾਈਨ ਲੈਂਪ੍ਰੋਈਟ ਕਿਹਾ ਜਾਂਦਾ ਏ। ਖੋਜਕਰਤਾਵਾਂ ਨੇ ਸੰਨ 1979 ਵਿਚ ਸਾਈਟ ਦੀ ਖੋਜ ਦੇ ਤੁਰੰਤ ਬਾਅਦ ਹੀ ਆਰਗਾਈਲ ਵਿਚ ਚੱਟਾਨਾਂ ਦੀ ਤਰੀਕ ਤੈਅ ਕੀਤੀ ਸੀ। ਸ਼ੁਰੂਆਤੀ ਨਤੀਜਿਆਂ ਨੇ ਉਨ੍ਹਾਂ ਦੀ ਉਮਰ 1.1 ਤੋਂ 1.2 ਬਿਲੀਅਨ ਸਾਲ ਦੇ ਵਿਚਕਾਰ ਦੱਸੀ ਸੀ ਪਰ ਪਿਛਲੇ ਸਾਲ ਇਕ ਨਵੀਂ ਖੋਜ ਤੋਂ ਪਤਾ ਚੱਲਿਆ ਕਿ ਚੱਟਾਨਾਂ 1.3 ਬਿਲੀਅਨ ਸਾਲ ਪੁਰਾਣੀਆਂ ਨੇ।

ਨਵੀਂ ਖੋਜ ਤੋਂ ਪਤਾ ਚਲਦਾ ਏ ਕਿ ਅਰਗਾਈਲ ਖੇਤਰ ਦੀ ਉਤਪਤੀ ਸੁਪਰ ਕਾਂਟੀਨੈਂਟ ਨੂਨਾ ਦੇ ਟੁੱਟਣ ਦੀ ਸ਼ੁਰੂਆਤ ਵਿਚ ਹੋਈ ਸੀ, ਜਿਸ ਤੋਂ ਇਸ ਗੱਲ ਦੇ ਸੁਰਾਗ਼ ਮਿਲਦੇ ਨੇ ਕਿ ਹੀਰੇ ਕਿਵੇਂ ਬਣੇ ਅਤੇ ਉਨ੍ਹਾਂ ਵਿਚ ਇੰਨੇ ਸਾਰੇ ਗ਼ੁਲਾਬੀ ਰੰਗ ਦੇ ਕਿਉਂ ਹੁੰਦੇ ਨੇ। ਗੁਲਾਬੀ ਹੀਰੇ ਬਹੁਤ ਜ਼ਿਆਦਾ ਤਾਪਮਾਨ ਅਤੇ ਦਬਾਅ ਦੀਆਂ ਸਥਿਤੀਆਂ ਵਿਚ ਪੈਦਾ ਹੁੰਦੇ ਨੇ ਜੋ ਟੈਕਨੋਟਿਕ ਪਲੇਟਾਂ ਦੇ ਟਕਰਾਉਣ ’ਤੇ ਪੈਦਾ ਹੁੰਦੇ ਨੇ। ਇਨ੍ਹਾਂ ਟਕਰਾਵਾਂ ਦਾ ਦਬਾਅ ਪਹਿਲਾਂ ਤੋਂ ਮੌਜੂਦ ਹੀਰਿਆਂ ਦੇ ਕ੍ਰਿਸਟਲ ਜਾਲ ਨੂੰ ਇਸ ਤਰ੍ਹਾਂ ਨਾਲ ਮੋੜ ਸਕਦਾ ਏ ਕਿ ਉਹ ਗੁਲਾਬੀ ਰੰਗ ਦੇ ਵੱਖ ਵੱਖ ਆਕਾਰਾਂ ਵਿਚ ਬਦਲ ਜਾਣ।

ਇਸ ਸੁਪਰ ਕਾਂਟੀਨੈਂਟਲ ਨੂਨਾ ਦਾ ਨਿਰਮਾਣ ਉਦੋਂ ਹੋਇਆ ਜਦੋਂ ਲਗਭਗ 1.8 ਬਿਲੀਅਨ ਸਾਲ ਪਹਿਲਾਂ ਧਰਤੀ ਦੀ ਪਪੜੀ ਦੇ ਦੋ ਹਿੱਸੇ ਆਪਸ ਵਿਚ ਟਕਰਾਏ। ਮੰਨਿਆ ਜਾਂਦਾ ਏ ਕਿ ਜਿਸ ਖੇਤਰ ਵਿਚ ਉਹ ਆਪਸ ਵਿਚ ਟਕਰਾਏ ਸੀ, ਉਹ ਮੌਜੂਦਾ ਅਰਗਾਈਲ ਗਠਨ ਦੇ ਨਾਲ ਓਵਰਲੈਪ ਹੁੰਦਾ ਏ, ਜਿਸ ਤੋਂ ਪਤਾ ਚਲਦਾ ਏ ਕਿ ਇਸ ਟੱਕਰ ਨੇ ਗੁਲਾਬੀ ਰੰਗ ਦੇ ਹੀਰਿਆਂ ਨੂੰ ਜਨਮ ਦਿੱਤਾ। ਹਾਲਾਂਕਿ ਉਸ ਸਮੇਂ ਹੀਰੇ ਪਪੜੀ ਦੇ ਅੰਦਰ ਡੂੰਘੇ ਦਬੇ ਹੋਏ ਹੋਣਗੇ। ਵਿਗਿਆਨੀਆਂ ਦਾ ਮੰਨਣਾ ਏ ਕਿ 500 ਮਿਲੀਅਨ ਸਾਲ ਬਾਅਦ ਜਦੋਂ ਟੈਕਨੋਟਿਕ ਪਲੇਟਾਂ ਇਕ ਦੂਜੇ ਤੋਂ ਦੂਰ ਜਾਣ ਦੇ ਕਾਰਨ ਨੂਨਾ ਟੁੱਟਣ ਲੱਗਿਆ ਤਾਂ ਹੀਰੇ ਲਿਜਾਣ ਵਾਲੀਆਂ ਚੱਟਾਨਾਂ ਧਰਤੀ ਦੀ ਸਤ੍ਹਾ ’ਤੇ ਆ ਗਈਆਂ, ਜਿਨ੍ਹਾਂ ਵਿਚ ਭੂਰੇ ਰੰਗ ਦੇ ਹੀਰੇ ਭਾਰੀ ਮਾਤਰਾ ਵਿਚ ਭਰੇ ਹੋਏ ਸੀ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News