ਗੁਰਪਤਵੰਤ ਪੰਨੂ ਮਾਮਲੇ ਦੀ ਪੜਤਾਲ ਲਈ ਅਮਰੀਕਾ ਪੁੱਜ ਰਹੀ ਭਾਰਤੀ ਟੀਮ
ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਚੱਲ ਰਹੀ ਪੜਤਾਲ ਵਿਚ ਅਮਰੀਕਾ ਨੂੰ ਸਹਿਯੋਗ ਦੇਣ ਭਾਰਤੀ ਟੀਮ ਅੱਜ ਵਾਸ਼ਿੰਗਟਨ ਡੀ.ਸੀ. ਪੁੱਜ ਰਹੀ ਹੈ।
ਵਾਸ਼ਿੰਗਟਨ ਡੀ.ਸੀ. : ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬਾਰੇ ਚੱਲ ਰਹੀ ਪੜਤਾਲ ਵਿਚ ਅਮਰੀਕਾ ਨੂੰ ਸਹਿਯੋਗ ਦੇਣ ਭਾਰਤੀ ਟੀਮ ਅੱਜ ਵਾਸ਼ਿੰਗਟਨ ਡੀ.ਸੀ. ਪੁੱਜ ਰਹੀ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਗੁਆਂਢੀ ਮੁਲਕ ਕੈਨੇਡਾ ਨਾਲ ਕੂਟਨੀਤਕ ਖਿੱਚੋਤਾਣ ਪੂਰੇ ਸਿਖਰਾਂ ’ਤੇ ਹੈ ਅਤੇ ਦੋਵੇਂ ਮੁਲਕ ਇਕ-ਦੂਜੇ ਦੇ ਡਿਪਲੋਮੈਟਸ ਨੂੰ ਕੱਢ ਚੁੱਕੇ ਹਨ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਦੱਸਿਆ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਨਿਊ ਯਾਰਕ ਵਿਖੇ ਘੜੀ ਗਈ ਅਤੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ ਜਦਕਿ ਭਾਰਤੀ ਖੁਫੀਆ ਏਜੰਸੀ ਦਾ ਸਾਬਕਾ ਅਫਸਰ ਅਮਰੀਕਾ ਦੀ ਪਕੜ ਤੋਂ ਬਾਹਰ ਹੈ ਜਿਸ ਨੂੰ ਮੁੱਖ ਸਾਜ਼ਿਸ਼ਘਾੜਾ ਮੰਨਿਆ ਜਾ ਰਿਹਾ ਹੈ।
ਨਿਖਿਲ ਗੁਪਤਾ ਵਿਰੁੱਧ ਨਿਊ ਯਾਰਕ ਦੀ ਅਦਾਲਤ ਵਿਚ ਚੱਲ ਰਿਹੈ ਮੁਕੱਦਮਾ
ਇਕ ਬਿਆਨ ਜਾਰੀ ਕਰਦਿਆਂ ਵਿਦੇਸ਼ ਵਿਭਾਗ ਨੇ ਕਿਹਾ ਕਿ ਭਾਰਤੀ ਟੀਮ ਨਾ ਸਿਰਫ਼ ਪੜਤਾਲ ਵਿਚ ਸਹਿਯੋਗ ਦੇਵੇਗੀ ਸਗੋਂ ਆਪਣੇ ਵੱਲੋਂ ਇਕੱਤਰ ਜਾਣਕਾਰੀ ਅਮਰੀਕੀ ਜਾਂਚ ਏਜੰਸੀਆਂ ਨਾਲ ਸਾਂਝੀ ਕਰੇਗੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਭਾਰਤ ਸਰਕਾਰ ਵੱਲੋਂ ਅਮਰੀਕਾ ਸਰਕਾਰ ਦੀਆਂ ਸੁਰੱਖਿਆ ਚਿੰਤਾਵਾਂ ਦੂਰ ਕਰਨ ਦੇ ਮਕਸਦ ਤਹਿਤ ਇਕ ਉਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈਕਿ ਕੌਮੀ ਸੁਰੱਖਿਆ ਖਤਰਿਆਂ ਨਾਲ ਸਬੰਧਤ ਜਾਣਕਾਰੀ ਨੂੰ ਗੰਭੀਰਤਾ ਨਾ ਲਿਆ ਜਾ ਰਿਹਾ ਹੈ ਅਤੇ ਸਬੰਧਤ ਵਿਭਾਗ ਇਨ੍ਹਾਂ ਦੀ ਡੂੰਘਾਈ ਨਾਲ ਘੋਖ ਕਰ ਰਹੇ ਹਨ। ਨਿਖਿਲ ਗੁਪਤਾ ਪਹਿਲਾਂ ਹੀ ਅਮਰੀਕਾ ਦੀ ਜੇਲ ਵਿਚ ਹੈ ਅਤੇ ਅਮਰੀਕਾ ਸਰਕਾਰ ਚਾਹੁੰਦੀ ਹੈ ਕਿ ਮਾਮਲੇ ਨੂੰ ਪਰਤ ਦਰ ਪਰਤ ਖੋਲ੍ਹ ਕੇ ਲੋਕਾਂ ਸਾਹਮਣੇ ਰੱਖ ਦਿਤਾ ਜਾਵੇ।