ਸੱਸ-ਸਹੁਰੇ ਨੂੰ ਜ਼ਬਰਦਸਤੀ ਭੇਜਿਆ ਕੈਨੇਡਾ
ਸੱਸ-ਸਹੁਰੇ ਨੂੰ ਜ਼ਬਰਦਸਤੀ ਕੈਨੇਡਾ ਭੇਜਣ ਮਗਰੋਂ ਪਤੀ ਦੇ ਕਤਲ ਦਾ ਨੰਗਾ ਨਾਚ ਕਰਨ ਵਾਲੀ ਰੁਪਿੰਦਰ ਕੌਰ ਬਾਰੇ ਨਵੇਂ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ
ਫ਼ਰੀਦਕੋਟ : ਸੱਸ-ਸਹੁਰੇ ਨੂੰ ਜ਼ਬਰਦਸਤੀ ਕੈਨੇਡਾ ਭੇਜਣ ਮਗਰੋਂ ਪਤੀ ਦੇ ਕਤਲ ਦਾ ਨੰਗਾ ਨਾਚ ਕਰਨ ਵਾਲੀ ਰੁਪਿੰਦਰ ਕੌਰ ਬਾਰੇ ਨਵੇਂ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ। ਜੀ ਹਾਂ, ਰੁਪਿੰਦਰ ਕੌਰ ਦੀ ਨਣਦ ਕੈਨੇਡਾ ਰਹਿੰਦੀ ਹੈ ਅਤੇ ਉਸ ਦੇ ਘਰ ਬੱਚਾ ਜੰਮਣ ਮਗਰੋਂ ਰੁਪਿੰਦਰ ਨੇ ਆਪਣੇ ਸੱਸ-ਸਹੁਰੇ ਨੂੰ ਫ਼ਲਾਈਟ ਬੁੱਕ ਕਰਨ ਲਈ ਮਜਬੂਰ ਕਰ ਦਿਤਾ। ਰੁਪਿੰਦਰ ਲਗਾਤਾਰ ਜ਼ਿਦ ਕਰ ਰਹੀ ਸੀ ਕਿ ਆਪਣੇ ਦੋਹਤੇ ਦਾ ਮੂੰਹ ਦੇਖ ਕੇ ਆਉ ਪਰ ਕੋਈ ਨਹੀਂ ਸੀ ਜਾਣਦਾ ਕਿ ਉਹ ਗੁਰਵਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜ ਚੁੱਕੀ ਹੈ। ਮਰਹੂਮ ਗੁਰਵਿੰਦਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੇ 8 ਦਸੰਬਰ ਨੂੰ ਕੈਨੇਡਾ ਤੋਂ ਵਾਪਸੀ ਕਰਨੀ ਸੀ ਅਤੇ ਉਨ੍ਹਾਂ ਦੀ ਨੂੰਹ ਨੇ ਇਸ ਤੋਂ ਪਹਿਲਾਂ ਹੀ ਵਾਰਦਾਤ ਕਰ ਦਿਤੀ।
ਪਤੀ ਦੀ ਕਾਤਲ ਰੁਪਿੰਦਰ ਕੌਰ ਬਾਰੇ ਨਵੇਂ ਤੱਥ ਆਏ ਸਾਹਮਣੇ
ਉਨ੍ਹਾਂ ਕਿਹਾ ਕਿ ਰੁਪਿੰਦਰ ਕੌਰ ਨੂੰ ਫ਼ਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਜਿਸ ਨੇ ਉਨ੍ਹਾਂ ਦਾ ਘਰ ਸੁੰਨਾ ਕਰ ਦਿਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਰੁਪਿੰਦਰ ਕੌਰ ਦੀ ਇੱਛਾ ਮੁਤਾਬਕ ਬੂਟੀਕ ਖੁਲ੍ਹਵਾ ਕੇ ਦਿਤਾ ਅਤੇ ਆਉਣ ਜਾਣ ਵਾਸਤੇ ਕਾਰ ਵੀ ਦਿਤੀ ਪਰ ਉਸ ਨੇ ਸਾਰਾ ਘਰ ਉਜਾੜ ਦਿਤਾ। ਇਸੇ ਦੌਰਾਨ ਮਰਹੂਮ ਗੁਰਵਿੰਦਰ ਸਿੰਘ ਦੇ ਭੂਆ ਜੀ ਨੇ ਦੱਸਿਆ ਕਿ ਰੁਪਿੰਦਰ ਕੌਰ ਦਾ ਸਾਰਾ ਧਿਆਨ ਸੁਰਖੀ ਬਿੰਦੀ ਵੱਲ ਹੀ ਰਹਿੰਦਾ ਸੀ ਅਤੇ ਹਮੇਸ਼ਾ ਵੀਡੀਓ ਬਣਾਉਣ ਵਿਚ ਰੁੱਝੀ ਰਹਿੰਦੀ। ਇਕ ਮੀਡੀਆ ਰਿਪੋਰਟ ਮੁਤਾਬਕ ਰੁਪਿੰਦਰ ਕੌਰ ਬੂਟੀਕ ਦੇ ਸੂਟਾਂ ਦੀ ਮਸ਼ਹੂਰੀ ਕਰਨ ਦੇ ਬਹਾਨੇ ਇੰਸਟਾਗ੍ਰਾਮ ’ਤੇ ਪੰਜਾਬੀ ਗੀਤਾਂ ਨਾਲ ਰੀਲਾਂ ਸ਼ੇਅਰ ਕਰਦੀ ਸੀ। ਉਸ ਦੀਆਂ ਕਈ ਰੀਲਾਂ ਅਜਿਹੀਆਂ ਹਨ ਜਿਨ੍ਹਾਂ ਵਿਚ ਸੂਟ ਦਾ ਤਾਂ ਸਿਰਫ਼ ਬਹਾਨਾ ਨਜ਼ਰ ਆਉਂਦਾ ਹੈ ਅਤੇ ਉਹ ਸੋਸ਼ਲ ਮੀਡੀਆ ਇਨਫਲੂਐਂਸਰ ਬਣਨ ਦੇ ਯਤਨ ਕਰ ਰਹੀ ਸੀ।
ਹਰ ਵੇਲੇ ਰੀਲਾਂ ਬਣਾਉਂਦੀ ਸੀ ਰੁਪਿੰਦਰ ਕੌਰ
ਇਕ ਹੋਰ ਹੈਰਾਨਕੁੰਨ ਤੱਥ ਇਹ ਵੀ ਹੈ ਕਿ ਰੁਪਿੰਦਰ ਕੌਰ ਨੇ ਰੀਲਾਂ ਵਿਚ ਕਦੇ ਵੀ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਨਹੀਂ ਦਿਖਾਇਆ ਅਤੇ ਇੰਸਟਾਗ੍ਰਾਮ ਅਕਾਊਂਟ ’ਤੇ ਵਿਆਹੀ ਹੋਣ ਦਾ ਵੀ ਕੋਈ ਜ਼ਿਕਰ ਨਹੀਂ ਸੀ ਕੀਤਾ। ਪੁਲਿਸ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੈਨੇਡਾ ਵਿਚ ਵਰਕ ਪਰਮਿਟ ਖ਼ਤਮ ਹੋਣ ਮਗਰੋਂ ਗੁਰਵਿੰਦਰ ਸਿੰਘ, ਉਸ ਦਾ ਵਰਕ ਪਰਮਿਟ ਰੀਨਿਊ ਕਰਵਾਉਣਾ ਚਾਹੁੰਦਾ ਸੀ ਪਰ ਉਹ ਜ਼ਿਦ ਕਰਨ ਲੱਗੀ ਕਿ ਪੰਜਾਬ ਵਿਚ ਬੂਟੀਕ ਖੋਲ੍ਹਣਾ ਹੈ। ਅਜਿਹੇ ਵਿਚ ਪਰਵਾਰ ਅਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਆਪਣੇ ਪ੍ਰੇਮੀ ਹਰਕੰਵਲ ਨਾਲ ਪਹਿਲਾਂ ਤੋਂ ਹੀ ਸੰਪਰਕ ਵਿਚ ਸੀ ਅਤੇ ਪੂਰੀ ਯੋਜਨਾਬੰਦੀ ਨਾਲ ਕੈਨੇਡਾ ਤੋਂ ਪੰਜਾਬ ਪਰਤੀ। ਪੁਲਿਸ ਇਸ ਮਾਮਲੇ ਵਿਚ ਰੁਪਿੰਦਰ ਕੌਰ ਤੋਂ ਇਲਾਵਾ ਉਸ ਦੇ ਪ੍ਰੇਮੀ ਹਰਕੰਵਲ ਅਤੇ ਡੱਬਵਾਲੀ ਰਹਿੰਦੇ ਉਸ ਦੇ ਸਾਥੀ ਵਿਸ਼ਵਦੀਪ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਪ੍ਰੇਮੀ ਨਾਲ ਨਵੀਆਂ ਵੀਡੀਓ ਆਈਆਂ ਸਾਹਮਣੇ
ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰੀ ਮਗਰੋਂ ਰੁਪਿੰਦਰ ਲਗਾਤਾਰ ਬਿਆਨ ਬਦਲ ਰਹੀ ਹੈ। ਦੱਸ ਦੇਈਏ ਕਿ ਰੁਪਿੰਦਰ ਕੌਰ ਨੇ ਰੂਪ ਲੇਬਲ ਨਾਂ ਦਾ ਇੰਸਟਾਗ੍ਰਾਮ ਅਕਾਊਂਟ ਬਣਾਇਆ ਸੀ ਅਤੇ ਸ਼ੁਰੂਆਤ ਵਿਚ ਸਿਰਫ਼ ਸੂਟਾਂਦੀਆਂ ਵੀਡੀਓ ਪੋਸਟ ਕੀਤੀਆਂ ਪਰ ਫਿਰ ਉਹ ਆਪਣੀਆਂ ਰੀਲਾਂ ਵੀ ਬਣਾਉਣ ਲੱਗੀ। ਕਿਸੇ ਵੇਲੇ ਰੁਪਿੰਦਰ ਦੀਆਂ ਤਾਰੀਫ਼ਾਂ ਕਰਨ ਵਾਲੇ ਫਾਲੋਅਰ ਹੁਣ ਉਸ ਬਾਰੇ ਭੱਦੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਰੁਪਿੰਦਰ ਕੌਰ ਨੇ 3 ਇੰਸਟਾਗ੍ਰਾਮ ਅਕਾਊਂਟ ਬਣਾਏ ਜਿਨ੍ਹਾਂ ਵਿਚੋਂ ਇਕ ਨੂੰ ਪ੍ਰਾਈਵੇਟ ਕੀਤਾ ਹੋਇਆ ਹੈ।