ਅੰਤਾਂ ਦੀ ਠੰਢ ਨੇ ਟਰੰਪ ਦੇ ਰੰਗ ਵਿਚ ਪਾਇਆ ਭੰਗ
ਅੰਤਾਂ ਦੀ ਠੰਢ ਕਾਰਨ 40 ਸਾਲ ਵਿਚ ਪਹਿਲੀ ਵਾਰ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਖੁੱਲ੍ਹੇ ਅਸਮਾਨ ਹੇਠ ਨਹੀਂ ਹੋਵੇਗਾ।;
ਵਾਸ਼ਿੰਗਟਨ : ਅੰਤਾਂ ਦੀ ਠੰਢ ਕਾਰਨ 40 ਸਾਲ ਵਿਚ ਪਹਿਲੀ ਵਾਰ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਖੁੱਲ੍ਹੇ ਅਸਮਾਨ ਹੇਠ ਨਹੀਂ ਹੋਵੇਗਾ। ਡੌਨਲਡ ਟਰੰਪ ਦਾ ਸਹੁੰ ਚੁੱਕ ਸਮਾਗਮ ਕੈਪੀਟਲ ਹਿਲ ਦੇ ਸੈਂਟਰਲ ਹਾਲ ਵਿਚ ਹੋਵੇਗਾ ਜਿਥੇ 1985 ਵਿਚ ਰੌਨਲਡ ਰੇਗਨ ਨੇ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਵਾਲੇ ਦਿਨ ਅਮਰੀਕਾ ਦੀ ਰਾਜਧਾਨੀ ਵਿਚ ਤਾਪਮਾਨ ਮਨਫ਼ੀ 7 ਡਿਗਰੀ ਤੋਂ ਵੀ ਡਿੱਗਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।
ਅਮਰੀਕਾ ਦੀ ਸੰਸਦ ਦੇ ਸੈਂਟਰਲ ਹਾਲ ਵਿਚ ਹੋਵੇਗਾ ਸਹੁੰ ਚੁੱਕ ਸਮਾਗਮ
ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਪੋਲਰ ਵੌਰਟੈਕਸ ਕਾਰਨ ਮੌਸਮ ਬੇਹੱਦ ਖਰਾਬ ਚੱਲ ਰਿਹਾ ਹੈ ਅਤੇ ਉਹ ਨਹੀਂ ਚਾਹੁੰਦੇ ਕਿ ਮਹਿਮਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ। ਇਨਡੋਰ ਸਮਾਗਮ ਦੌਰਾਨ ਹਰ ਮਹਿਮਾਨ ਸੁਰੱਖਿਅਤ ਅਤੇ ਖੁਸ਼ ਰਹੇਗਾ ਅਤੇ ਅਸੀਂ ਅਮਰੀਕਾ ਨੂੰ ਮੁੜ ਮਹਾਨ ਬਣਾਵਾਂਗੇ। ਦੱਸ ਦੇਈਏ ਕਿ 1985 ਵਿਚ ਰੌਨਲਡ ਰੇਗਨ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲ ਰਹੇ ਸਨ ਤਾਂ ਠੰਢ ਨੇ ਕਹਿਰ ਢਾਹ ਦਿਤਾ ਅਤੇ ਤਾਪਮਾਨ ਮਨਫ਼ੀ 29 ਡਿਗਰੀ ਤੱਕ ਡਿੱਗ ਗਿਆ। ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਆਪਣੀ ਪਤਨੀ ਨੀਤਾ ਅੰਬਾਨੀ ਨਾਲ ਸ਼ਮੂਲੀਅਤ ਕਰਨਗੇ। ਦੂਜੇ ਪਾਸੇ ਈਲੌਨ ਮਸਕ ਤੋਂ ਇਲਾਵਾ ਜੈਫ ਬੈਜੋਜਸ, ਮਾਰਕ ਜ਼ਕਰਬਰਗ ਅਤੇ ਸੈਮ ਅਲਟਮੈਨ ਵੀ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣ ਸਕਦੇ ਹਨ।
40 ਸਾਲ ਪਹਿਲਾਂ ਰੌਨਲਡ ਰੇਗਨ ਨੇ ਵੀ ਇਨਡੋਰ ਸਮਾਗਮ ਵਿਚ ਚੁੱਕੀ ਸੀ ਸਹੁੰ
ਦੁਨੀਆਂ ਦੇ ਅਮੀਰ ਲੋਕਾਂ ਦੀ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਦਿਲਚਸਪੀ ਹੋਣ ਕਾਰਨ 170 ਮਿਲੀਅਨ ਡਾਲਰ ਤੋਂ ਵੱਧ ਰਕਮ ਸਿਆਸੀ ਚੰਦੇ ਦੇ ਰੂਪ ਵਿਚ ਆ ਚੁੱਕੀ ਹੈ ਅਤੇ ਅੰਕੜਾ 200 ਮਿਲੀਅਨ ਡਾਲਰ ਨੂੰ ਪਾਰ ਕਰ ਸਕਦਾ ਹੈ। ਜੋਅ ਬਾਇਡਨ ਦੇ ਸਹੁੰ ਚੁੱਕਣ ਵੇਲੇ 62 ਮਿਲੀਅਨ ਡਾਲਰ ਇਕੱਤਰ ਹੋਏ ਸਨ ਜਦਕਿ 2017 ਵਿਚ ਟਰੰਪ ਦੇ ਸਹੁੰ ਚੁੱਕਣ ਵੇਲੇ 107 ਮਿਲੀਅਨ ਡਾਲਰ ਦੀ ਰਕਮ ਇਕੱਤਰ ਹੋਈ ਸੀ। ਇਸੇ ਦੌਰਾਨ ਸੁਰੱਖਿਆ ਏਜੰਸੀਆਂ ਇਨਡੋਰ ਸਮਾਗਮ ਕਾਰਨ ਨਵੀਂ ਦੁਚਿੱਤੀ ਵਿਚ ਘਿਰ ਗਈਆਂ ਕਿਉਂਕਿ ਸੈਂਟਰਲ ਹਾਲ ਵਿਚ ਵੱਧ ਤੋਂ ਵੱਧ 20 ਹਜ਼ਾਰ ਮਹਿਮਾਨਾਂ ਨੂੰ ਬਿਠਾਇਆ ਜਾ ਸਕਦਾ ਹੈ ਜਦਕਿ ਸੱਦੇ ਗਏ ਮਹਿਮਾਨਾਂ ਦਾ ਅੰਕੜਾ 2 ਲੱਖ ਦੱਸਿਆ ਜਾ ਰਿਹਾ ਹੈ।