ਅਮਰੀਕਾ ਵਾਲਿਆਂ ਦੇ ਸੁਪਨੇ ਟੁੱਟੇ, ਨਹੀਂ ਮਿਲਣਗੇ 5-5 ਹਜ਼ਾਰ ਡਾਲਰ
ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਹਰ ਪਰਵਾਰ ਨੂੰ ਪੰਜ-ਪੰਜ ਹਜ਼ਾਰ ਡਾਲਰ ਦੇਣ ਬਾਰੇ ਦਿਖਾਏ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ।;
ਵਾਸ਼ਿੰਗਟਨ : ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਦੇ ਹਰ ਪਰਵਾਰ ਨੂੰ ਪੰਜ-ਪੰਜ ਹਜ਼ਾਰ ਡਾਲਰ ਦੇਣ ਬਾਰੇ ਦਿਖਾਏ ਸੁਪਨੇ ਟੁੱਟਦੇ ਨਜ਼ਰ ਆ ਰਹੇ ਹਨ। ਜੀ ਹਾਂ, ਟਰੰਪ ਸਰਕਾਰ ਦਾ ਖਰਚਾ ਘਟਣ ਦੀ ਬਜਾਏ ਬਾਇਡਨ ਸਰਕਾ ਤੋਂ ਵਧ ਚੁੱਕਾ ਹੈ ਅਤੇ ਫਰਵਰੀ ਮਹੀਨੇ ਦੌਰਾਨ 605 ਅਰਬ ਡਾਲਰ ਖਰਚ ਕੀਤੇ ਗਏ ਜਦਕਿ ਫਰਵਰੀ 2024 ਦੌਰਾਨ 568 ਅਰਬ ਡਾਲਰ ਖਰਚ ਹੋਏ ਸਨ। ਅਕਤੂਬਰ ਤੋਂ ਫਰਵਰੀ ਤੱਕ ਅਮਰੀਕਾ ਸਰਕਾਰ 1.1 ਖਰਬ ਡਾਲਰ ਦਾ ਕਰਜ਼ਾ ਲੈ ਚੁੱਕੀ ਹੈ ਅਤੇ ਪੰਜ ਮਹੀਨੇ ਦਾ ਖਰਚਾ ਤਿੰਨ ਖਰਬ ਡਾਲਰ ਤੋਂ ਟੱਪਦਾ ਮਹਿਸੂਸ ਹੋ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਕੁਝ ਹਫਤਿਆਂ ਦੌਰਾਨ ਦਾਅਵਾ ਕੀਤਾ ਗਿਆ ਕਿ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਯਾਨੀ ਡੌਜ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਹਨ ਅਤੇ ਇਸ ਰਕਮ ਦਾ 20 ਫ਼ੀ ਸਦੀ ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20 ਫ਼ੀ ਸਦੀ ਰਕਮ ਮੁਲਕ ਸਿਰ ਚੜ੍ਹਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ।
ਟਰੰਪ ਸਰਕਾਰ ਦਾ ਖਰਚਾ ਬਾਇਡਨ ਸਰਕਾਰ ਤੋਂ ਟੱਪਿਆ
ਦਾਅਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ ਇਕ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬੱਚਤ ਕੀਤੀ ਗਈ ਪਰ ਅੰਕੜੇ ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। ਕੁਝ ਆਰਥਿਕ ਮਾਹਰਾਂ ਵੱਲੋਂ ਸਪੱਸ਼ਟ ਕਰ ਦਿਤਾ ਗਿਆ ਕਿ ਡੌਜ ਵੱਲੋਂ 2 ਖਰਬ ਡਾਲਰ ਦੀ ਬੱਚਤ ਕੀਤੇ ਜਾਣ ’ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਹੇ ਪਰਵਾਰਾਂ ਨੂੰ 5-5 ਹਜ਼ਾਰ ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਬੱਚਤ ਦਾ ਹੀ ਜ਼ਿਕਰ ਕੀਤਾ ਜਾ ਰਿਹਾ ਹੈ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਅਤੇ ਡਿਪੋਰਟ ਕੀਤੇ ਜਾਣ ’ਤੇ ਹੋ ਰਹੇ ਖਰਚੇ ਦਾ ਹਿਸਾਬ ਦੇਣ ਵਾਸਤੇ ਕੋਈ ਤਿਆਰ ਨਹੀਂ ਜਿਸ ਨਾਲ ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀ ਆਰਥਿਕਤਾ ਵੀ ਪ੍ਰਭਾਵਤ ਹੋ ਸਕਦੀ ਹੈ। ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਭੇਜੇ ਜਾ ਰਹੇ ਹਵਾਈ ਜਹਾਜ਼ਾਂ ਦੇ ਖਰਚੇ ਬਾਰੇ ਤਾਂ ਜਾਣਕਾਰੀ ਉਭਰ ਕੇ ਸਾਹਮਣੇ ਆ ਰਹੀ ਹੈ ਪਰ ਬਾਰਡਰ ’ਤੇ ਫੌਜ ਦੀ ਤੈਨਾਤੀ ਅਤੇ ਮੁਲਕ ਦੇ ਸ਼ਹਿਰਾਂ ਦੇ ਕਸਬਿਆਂ ਵਿਚ ਮਾਰੇ ਜਾ ਰਹੇ ਛਾਪਿਆਂ ’ਤੇ ਹੋ ਰਹੇ ਖਰਚੇ ਬਾਰੇ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ।