ਟਰੰਪ ਦੇ ਪਿੱਛੇ ਪੈ ਗਈ ਭੀੜ, ਰੋਟੀ ਖਾਣੀ ਵੀ ਕੀਤੀ ਦੁੱਭਰ

ਇਕ ਰੈਸਟੋਰੈਂਟ ਵਿਚ ਖਾਣਾ ਖਾਣ ਪੁੱਜੇ ਡੌਨਲਡ ਟਰੰਪ ਕਸੂਤੇ ਫਸ ਗਏ ਜਦੋਂ ਉਥੇ ਮੌਜੂਦ ਲੋਕਾਂ ਨੇ ਮੁਜ਼ਾਹਰਾਕਾਰੀਆਂ ਦਾ ਰੂਪ ਅਖਤਿਆਰ ਕਰ ਲਿਆ ਅਤੇ ਰਾਸ਼ਟਰਪਤੀ ’ਤੇ ਅਜੋਕੇ ਸਮੇਂ ਦਾ ਹਿਟਲਰ ਹੋਣ ਦਾ ਦੋਸ਼ ਲਾਉਣ ਲੱਗੇ।

Update: 2025-09-10 12:32 GMT

ਵਾਸ਼ਿੰਗਟਨ : ਇਕ ਰੈਸਟੋਰੈਂਟ ਵਿਚ ਖਾਣਾ ਖਾਣ ਪੁੱਜੇ ਡੌਨਲਡ ਟਰੰਪ ਕਸੂਤੇ ਫਸ ਗਏ ਜਦੋਂ ਉਥੇ ਮੌਜੂਦ ਲੋਕਾਂ ਨੇ ਮੁਜ਼ਾਹਰਾਕਾਰੀਆਂ ਦਾ ਰੂਪ ਅਖਤਿਆਰ ਕਰ ਲਿਆ ਅਤੇ ਰਾਸ਼ਟਰਪਤੀ ’ਤੇ ਅਜੋਕੇ ਸਮੇਂ ਦਾ ਹਿਟਲਰ ਹੋਣ ਦਾ ਦੋਸ਼ ਲਾਉਣ ਲੱਗੇ। ਨਾਹਰੇ ਲਾਉਣ ਵਾਲਿਆਂ ਵਿਚੋਂ ਜ਼ਿਆਦਾਤਰ ਔਰਤਾਂ ਸਨ ਅਤੇ ਟਰੰਪ ਕੱਚਾ ਜਿਹਾ ਮੂੰਹ ਲੈ ਕੇ ਆਪਣੀ ਸੀਟ ਵੱਲ ਵਧਣ ਤੋਂ ਸਿਵਾਏ ਕੁਝ ਨਾ ਕਰ ਸਕੇ। ਵਿਖਾਵਾਕਾਰੀਆਂ ਨੇ ‘ਵਾਸ਼ਿੰਗਟਨ ਡੀ.ਸੀ. ਨੂੰ ਆਜ਼ਾਦ ਕਰੋ ਅਤੇ ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਹਰੇ ਵੀ ਲਾਏ। ਵਾਈਟ ਹਾਊਸ ਵੱਲੋਂ ਸ਼ੇਅਰ ਕੀਤੀ ਵੀਡੀਓ ਵਿਚ ਟਰੰਪ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਸਾਡਾ ਸ਼ਹਿਰ ਸੁਰੱਖਿਅਤ ਬਣ ਚੁੱਕਾ ਹੈ, ਜ਼ਿੰਦਗੀ ਦਾ ਆਨੰਦ ਮਾਣੋ, ਹੁਣ ਤੁਹਾਨੂੰ ਘਰ ਜਾਂਦਿਆਂ ਡਰ ਨਹੀਂ ਲੱਗੇਗਾ। ਟਰੰਪ ਨੇ ਮੁਜ਼ਾਹਰਾਕਾਰੀਆਂ ਨੂੰ ਜ਼ਿਆਦਾ ਸ਼ਰਾਬ ਨਾ ਪੀਣ ਦਾ ਸੁਝਾਅ ਵੀ ਦਿਤਾ। ਦੱਸਿਆ ਜਾ ਰਿਹਾ ਹੈ ਕਿ ਡੌਨਲਡ ਟਰੰਪ ਨੇ ਪਹਿਲੀ ਵਾਰ ਵਾਸ਼ਿੰਗਟਨ ਡੀ.ਸੀ. ਦੇ ਅਜਿਹੇ ਰੈਸਟੋਰੈਂਟ ਵਿਚ ਡਿਨਰ ਕੀਤਾ ਜੋ ਉਨ੍ਹਾਂ ਦੀ ਮਾਲਕੀ ਵਾਲਾ ਨਹੀਂ ਸੀ।

ਗੁੱਸੇ ਵਿਚ ਆਈਆਂ ਬੀਬੀਆਂ ਨੇ ਰਾਸ਼ਟਰਪਤੀ ਨੂੰ ਹਿਟਲਰ ਦੱਸਿਆ

ਫਲੋਰੀਡਾ ਨਾਲ ਸਬੰਧਤ ਰੈਸਟੋਰੈਂਟ ਵਾਈਟ ਹਾਊਸ ਤੋਂ ਸਿਰਫ਼ ਦੋ ਬਲਾਕ ਦੂਰ ਹੈ ਅਤੇ ਡਿਨਰ ਕਰਨ ਪੁੱਜੇ ਅਮਰੀਕਾ ਦੇ ਰਾਸ਼ਟਰਪਤੀ ਨਾਲ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਵਿਦੇਸ਼ ਮੰਤਰੀ ਮਾਰਕੋ ਰੂਬੀਓ, ਚੀਫ਼ ਆਫ਼ ਸਟਾਫ਼ ਸੂਜ਼ੀ ਵਾਇਲਜ਼, ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਅਤੇ ਡਿਪਟੀ ਚੀਫ਼ ਆਫ਼ ਸਟਾਫ਼ ਸਟੀਫ਼ਨ ਮਿਲਰ ਸ਼ਾਮਲ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਉਹ ਬੇਖੌਫ਼ ਹੋ ਕੇ ਸੜਕ ਦੇ ਐਨ ਵਿਚਕਾਰ ਖੜ੍ਹੇ ਹਨ ਪਰ ਤਿੰਨ ਜਾਂ ਚਾਰ ਮਹੀਨੇ ਪਹਿਲਾਂ ਅਜਿਹਾ ਨਹੀਂ ਸੀ ਕੀਤਾ ਜਾ ਸਕਦਾ। ਵਾਸ਼ਿੰਗਟਨ ਡੀ.ਸੀ. ਸਾਡੇ ਮੁਲਕ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿਚੋਂ ਇਕ ਬਣ ਗਿਆ ਹੈ। ਟਰੰਪ ਦੀਆਂ ਦਲੀਲਾਂ ਦੇ ਉਲਟ ਸ਼ਹਿਰ ਦੇ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਗਾਰਡਜ਼ ਦੀ ਤੈਨਾਤੀ ਮਗਰੋਂ ਉਨ੍ਹਾਂ ਦੇ ਕਾਰੋਬਾਰ ਵਿਚ ਕਮੀ ਆਈ ਹੈ ਕਿਉਂਕਿ ਲੋਕ ਹੁਣ ਦੇਰ ਰਾਤ ਘਰਾਂ ਤੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦੇ। ਦੂਜੇ ਪਾਸੇ ਡੌਨਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਜਦੋਂ ਇਕ ਫੈਡਰਲ ਅਦਾਲਤ ਨੇ ਫੈਡਰਲ ਰਿਜ਼ਰਵ ਦੇ ਬੋਰਡ ਆਫ਼ ਗਵਰਨਰਜ਼ ਦੀ ਮੈਂਬਰ ਲੀਜ਼ਾ ਕੁੱਕ ਨੂੰ ਬਰਖਾਸਤ ਕਰਨ ਦੇ ਹੁਕਮਾਂ ਉਤੇ ਰੋਕ ਲਾ ਦਿਤੀ। ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨਿਯੁਕਤ ਜ਼ਿਲ੍ਹਾ ਜੱਜ ਜੀਆ ਕੌਬ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਰਾਸ਼ਟਰਪਤੀ ਟਰੰਪ ਵੱਲੋਂ ਬਰਖਾਸਤਗੀ ਦਾ ਕਾਨੂੰਨੀ ਆਧਾਰ ਨਹੀਂ ਪੇਸ਼ ਨਹੀਂ ਕੀਤਾ ਗਿਆ। ਜੱਜ ਦਾ ਕਹਿਣਾ ਸੀ ਕਿ ਲੀਜ਼ਾ ਕੁੱਕ ਵਿਰੁੱਧ ਸਿਰਫ਼ ਦੋਸ਼ ਲੱਗੇ ਹਨ ਜੋ ਫੈਡਰਲ ਰਿਜ਼ਰਵ ਵਿਚ ਨਿਯੁਕਤੀ ਤੋਂ ਪਹਿਲਾਂ ਵਾਪਰੇ ਕਿਸੇ ਘਟਨਾਕ੍ਰਮ ਨਾਲ ਸਬੰਧਤ ਹਨ। ਇਥੇ ਦਸਣਾ ਬਣਦਾ ਹੈ ਕਿ ਕੇਂਦਰੀ ਬੈਂਕ ਦੇ 111 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਰਾਸ਼ਟਰਪਤੀ ਵੱਲੋਂ ਗਵਰਨਰ ਦੀ ਬਰਖਾਸਤਗੀ ਕੀਤੀ ਗਈ ਅਤੇ ਹੁਣ ਅਦਾਲਤ ਨੇ ਹੁਕਮਾਂ ਉਤੇ ਰੋਕ ਲਾ ਦਿਤੀ।

ਅਮਰੀਕਾ ਦੇ ਰਾਸ਼ਟਰਪਤੀ ਨੇ ਸ਼ਰਾਬ ਘੱਟ ਪੀਣ ਦੀ ਨਸੀਹਤ ਦਿਤੀ

ਲੀਜ਼ਾ ਕੁੱਕ ਵਿਰੁੱਧ ਲੱਗੇ ਦੋਸ਼ਾਂ ਮੁਤਾਬਕ ਉਨ੍ਹਾਂ ਨੇ ਜੂਨ 2021 ਵਿਚ ਮਿਸ਼ੀਗਨ ਵਿਖੇ ਇਕ ਘਰ ਖਰੀਦਿਆ ਅਤੇ 15 ਸਾਲ ਦੇ ਮੌਰਗੇਜ ਐਗਰੀਮੈਂਟ ਵਿਚ ਇਸ ਨੂੰ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਦੱਸਿਆ। ਜੁਲਾਈ 2021 ਵਿਚ ਲੀਜ਼ਾ ਕੁੱਕ ਨੇ ਜਾਰਜੀਆ ਦੇ ਐਟਲਾਂਟਾ ਵਿਖੇ ਇਕ ਹੋਰ ਘਰ ਖਰੀਦਿਆ ਅਤੇ 30 ਸਾਲ ਦੇ ਮੌਰਗੇਜ ਐਗਰੀਮੈਂਟ ਵਿਚ ਇਸ ਨੂੰ ਵੀ ਆਪਣਾ ਪ੍ਰਿੰਸੀਪਲ ਰੈਜ਼ੀਡੈਂਸ ਕਰਾਰ ਦਿਤਾ। ਪ੍ਰਿੰਸੀਪਲ ਰੈਜ਼ੀਡੈਂਸ ਹੋਣ ’ਤੇ ਕਰਜ਼ੇ ਦੀ ਵਿਆਜ ਦਰ ਘਟ ਜਾਂਦੀ ਹੈ ਅਤੇ ਝੂਠਾ ਦਾਅਵਾ ਕਰਨ ਵਾਲਿਆਂ ਨੂੰ ਧੋਖੇਬਾਜ਼ ਮੰਨਿਆ ਜਾ ਸਕਦਾ ਹੈ। ਟਰੰਪ ਦੇ ਨਜ਼ਦੀਕੀ ਬਿਲ ਪੁਲਟਾ ਨੇ ਕਿਹਾ ਸੀ ਕਿ ਜਿਹੜੀ ਔਰਤ ਵਿਆਜ ਬਚਾਉਣ ਲਈ ਝੂਠ ਬੋਲ ਰਹੀ ਹੈ, ਉਹ ਵਿਆਜ ਦਰਾਂ ਕੰਟਰੋਲ ਕਰਨ ਲਈ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਦੀ ਹੈ।

Tags:    

Similar News