ਪੱਤਰਕਾਰਾਂ ਸਾਹਮਣੇ ਮੂਧੇ ਮੂੰਹ ਡਿੱਗੀ ਸਵੀਡਨ ਦੀ ਸਿਹਤ ਮੰਤਰੀ
ਸਵੀਡਨ ਦੀ ਨਵੀਂ ਬਣੀ ਸਿਹਤ ਮੰਤਰੀ ਐਲਿਜ਼ਾਬੈਟ ਲੈਨ ਪ੍ਰੈਸ ਕਾਨਫ਼ਰੰਸ ਦੌਰਾਨ ਬੇਹੋਸ਼ ਹੋ ਕੇ ਪੋਡੀਅਮ ’ਤੇ ਡਿੱਗ ਗਈ
ਸਟੌਕਹੋਮ : ਸਵੀਡਨ ਦੀ ਨਵੀਂ ਬਣੀ ਸਿਹਤ ਮੰਤਰੀ ਐਲਿਜ਼ਾਬੈਟ ਲੈਨ ਪ੍ਰੈਸ ਕਾਨਫ਼ਰੰਸ ਦੌਰਾਨ ਬੇਹੋਸ਼ ਹੋ ਕੇ ਪੋਡੀਅਮ ’ਤੇ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਬਲੱਡ ਸ਼ੂਗਰ ਘਟਣ ਕਾਰਨ ਉਨ੍ਹਾਂ ਦੀ ਸਿਹਤ ਵਿਗੜੀ ਅਤੇ ਤੁਰਤ ਹਸਪਤਾਲ ਲਿਜਾਇਆ ਗਿਆ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਐਲਿਜ਼ਾਬੈਟ ਲੈਨ ਨੂੰ ਮੌਕੇ ’ਤੇ ਹੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਗਈ ਅਤੇ ਉਹ ਮੁੜ ਪੱਤਰਕਾਰਾਂ ਸਾਹਮਣੇ ਪੁੱਜ ਗਏ ਪਰ ਅਚਨਚੇਤ ਵਾਪਰੀ ਘਟਨਾ ਦੇ ਮੱਦੇਨਜ਼ਰ ਪ੍ਰੈਸ ਕਾਨਫਰੰਸ ਰੱਦ ਕਰ ਦਿਤੀ ਗਈ। ਇਥੇ ਦਸਣਾ ਬਣਦਾ ਹੈ ਕਿ ਐਕੋ ਐਂਕਰਬਰਗ ਜੋਹਾਨਸਨ ਦੇ ਅਸਤੀਫ਼ੇ ਮਗਰੋਂ ਸੋਮਵਾਰ ਨੂੰ ਐਲਿਜ਼ਾਬੈਟ ਲੈਨ ਦੀ ਸਿਹਤ ਮੰਤਰੀ ਵਜੋਂ ਨਿਯੁਕਤੀ ਹੋਈ।
ਪ੍ਰਧਾਨ ਮੰਤਰੀ ਦੀ ਮੌਜੂਦਗੀ ਵਿਚ ਹੋ ਰਹੀ ਸੀ ਪ੍ਰੈਸ ਕਾਨਫਰੰਸ
ਜੋਹਾਨਸਨ ਤਿੰਨ ਸਾਲ ਸਿਹਤ ਮੰਤਰੀ ਰਹੇ ਜਿਨ੍ਹਾਂ ਨੇ 1986 ਵਿਚ ਸਵੀਡਨ ਦੀ ਕ੍ਰਿਸ਼ਚੀਅਨ ਡੈਮੋਕ੍ਰੈਟਿਕ ਪਾਰਟੀ ਰਾਹੀਂ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਐਲਿਜ਼ਾਬੈਟ ਲੈਨ ਵੀ ਲੰਮੇ ਸਮੇਂ ਤੋਂ ਕ੍ਰਿਸ਼ਚੀਅਨ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰ ਹੈ ਅਤੇ 2019 ਵਿਚ ਗੌਥਨਬਰਗ ਵਿਖੇ ਮਿਊਂਸਪਲਰ ਕੌਂਸਲਰ ਵੀ ਰਹਿ ਚੁੱਕੀ ਹੈ। ਇਸ ਮਗਰੋਂ ਐਲਿਜ਼ਾਬੈਟ ਨੂੰ ਕੈਬਨਿਟ ਦਫ਼ਤਰ ਵਿਚ ਡਿਪਟੀ ਡਾਇਰੈਕਟਰ ਦੀ ਜ਼ਿੰਮੇਵਾਰੀ ਦਿਤੀ ਗਈ ਅਤੇ ਹੈਲਥ ਕੇਅਰ ਰਿਸਪੌਂਸੀਬਿਲਿਟੀ ਇਨਕੁਆਰੀ ਵਿਚ ਵੀ ਸ਼ਮੂਲੀਅਤ ਕੀਤੀ। ਘਟਨਾ ਦੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਐਲਿਜ਼ਾਬੈਟ ਲੈਨ ਸਵੀਡਨ ਦੇ ਪ੍ਰਧਾਨ ਮੰਤਰੀ ਅਤੇ ਕ੍ਰਿਸ਼ਚੀਅਨ ਪਾਰਟੀ ਦੀ ਆਗੂ ਐਬਾ ਬੁਸ਼ ਨਾਲ ਖੜ੍ਹੀ ਹੈ ਪਰ ਅਚਾਨਕ ਬੇਹੋਸ਼ ਹੋ ਕੇ ਡਿੱਗ ਜਾਂਦੀ ਹੈ।