ਇਟਲੀ ਵਿਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੀ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਟਲੀ ਦੌਰੇ ਤੋਂ ਐਨ ਪਹਿਲਾਂ ਮਹਾਤਮਾ ਗਾਂਧੀ ਦੀ ਮੂਰਤੀ ਤੋੜਨ ਅਤੇ ਹਰਦੀਪ ਸਿੰਘ ਨਿੱਜਰ ਦਾ ਨਾਂ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਇਸੇ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨੀ ਸੀ।;
ਰੋਮ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਟਲੀ ਦੌਰੇ ਤੋਂ ਐਨ ਪਹਿਲਾਂ ਮਹਾਤਮਾ ਗਾਂਧੀ ਦੀ ਮੂਰਤੀ ਤੋੜਨ ਅਤੇ ਹਰਦੀਪ ਸਿੰਘ ਨਿੱਜਰ ਦਾ ਨਾਂ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਧਾਨ ਮੰਤਰੀ ਨੇ ਇਸੇ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਅਦਾ ਕਰਨੀ ਸੀ। ਇਟਲੀ ਵਿਚ ਭਾਰਤ ਦੀ ਰਾਜਦੂਤ ਵਾਣੀ ਰਾਓ ਨੇ ਦੱਸਿਆ ਕਿ ਇਹ ਘਟਨਾ ਇਟਲੀ ਦੇ ਦੱਖਣੀ ਇਲਾਕੇ ਬ੍ਰਿਨਦਿਸੀ ਵਿਖੇ ਵਾਪਰੀ। ਸਥਾਨਕ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ ਅਤੇ ਸਾਫ ਸਫਾਈ ਕਰਵਾ ਦਿਤੀ ਗਈ ਹੈ।
ਮਾਮਲਾ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਗਿਆ ਹੈ ਅਤੇ ਮੂਰਤੀ ਤੋੜਨਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਹੈ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਵਿਨੇ ਮੋਹਨ ਕਵਾਤਰਾ ਨੇ ਕਿਹਾ ਕਿ ਇਟਲੀ ਸਰਕਾਰ ਕੋਲ ਮਾਮਲੇ ਦੀ ਸ਼ਿਕਾਇਤ ਕਰਦਿਆਂ ਸ਼ੱਕੀਆਂ ਵਿਰੁੱਧ ਕਾਰਵਾਈ ਦਾ ਸੱਦਾ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇਟਲੀ ਪੁੱਜਣਗੇ ਅਤੇ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣਗੇ। ਵਿਦੇਸ਼ ਸਕੱਤਰ ਨੇ ਕਿਹਾ ਕਿ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਇਟਲੀ ਜਾ ਰਹੇ ਹਨ।
ਸਿਖਰ ਸੰਮੇਲਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੌਂ, ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ਿਦਾ ਅਤੇ ਹੋਰ ਕਈ ਵੱਡੇ ਆਗੂ ਮੌਜੂਦ ਹੋਣਗੇ। ਇਟਲੀ ਦੀ ਪ੍ਰਧਾਨ ਮੰਤਰੀ ਵੱਲੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਿਖਰ ਸੰਮੇਲਨ ਦਾ ਸੱਦਾ ਪੱਤਰ ਭੇਜ ਦਿਤਾ ਗਿਆ ਸੀ। ਇਹ ਪਹਿਲਾ ਮੌਕਾ ਨਹੀਂ ਜਦੋਂ ਭਾਰਤ ਨੂੰ ਇਸ ਗਰੁੱਪ ਵਿਚ ਬਤੌਰ ਮਹਿਮਾਨ ਸੱਦਿਆ ਗਿਆ ਹੋਵੇ। ਭਾਰਤ ਸਭ ਤੋਂ ਪਹਿਲਾਂ 2003 ਵਿਚ ਜੀ-7 ਆਗੂਆਂ ਦੇ ਸੰਮਲੇਨ ਵਿਚ ਸ਼ਾਮਲ ਹੋਇਆ ਸੀ। ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੰਮੇਲਨ ਵਿਚ ਸ਼ਾਮਲ ਹੋਣ ਫਰਾਂਸ ਗਏ ਸਨ। ਜੀ-7 ਗਰੁੱਪ ਦਾ ਇਤਿਹਾਸ ਵੀ ਕਾਫੀ ਦਿਲਚਸਪ ਹੈ ਜੋ ਅਰਬ ਦੇਸ਼ਾਂ ਨੂੰ ਸਬਕ ਸਿਖਾਉਣ ਲਈ ਬਣਾਇਆ ਗਿਆ। ਮੁਢਲੇ ਤੌਰ ’ਤੇ ਇਸ ਨੂੰ ਜੀ-6 ਸੱਦਿਆ ਜਾਂਦਾ ਸੀ ਪਰ 1976 ਵਿਚ ਕੈਨੇਡਾ ਦੇ ਸ਼ਾਮਲ ਹੋਣ ਮਗਰੋਂ ਜੀ-7 ਸੱਦਿਆ ਜਾਣ ਲੱਗਾ।