ਫ਼ਰਾਂਸ ਵਿਚ ਸਿੱਖ ਨੌਜਵਾਨ ਦਾ ਕ.ਤਲ
ਫਰਾਂਸ ਵਿਚ ਸਿੱਖ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ
ਪੈਰਿਸ : ਫਰਾਂਸ ਵਿਚ ਸਿੱਖ ਨੌਜਵਾਨ ਦਾ ਛੁਰੇ ਮਾਰ ਕੇ ਕਤਲ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। 40 ਸਾਲ ਦੇ ਹਰਪਾਲ ਸਿੰਘ ਉਰਫ਼ ਹੈਰੀ ਦੀ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਹ ਲਹੂ-ਲੁਹਾਣ ਹੋਇਆ ਧਰਤੀ ’ਤੇ ਪਿਆ ਨਜ਼ਰ ਆਉਂਦਾ ਹੈ। ਇਹ ਵੀਡੀਓ ਹਰਪਾਲ ਸਿੰਘ ਦੇ ਇਕ ਦੋਸਤ ਨੇ ਭਾਰਤ ਰਹਿੰਦੇ ਉਸ ਦੇ ਪਰਵਾਰ ਨੂੰ ਭੇਜੀ। ਹਰਪਾਲ ਸਿੰਘ ਦੀ ਛਾਤੀ ਅਤੇ ਪੇਟ ’ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਜ਼ਖਮ ਦੇਖੇ ਜਾ ਸਕਦੇ ਹਨ।
ਹਰਪਾਲ ਸਿੰਘ ਹੈਰੀ ਵਜੋਂ ਕੀਤੀ ਗਈ ਸ਼ਨਾਖ਼ਤ
ਕੁਝ ਲੋਕ ਹਰਪਾਲ ਸਿੰਘ ਦੇ ਆਲੇ ਦੁਆਲੇ ਵੀ ਖੜ੍ਹੇ ਹਨ ਜੋ ਪੰਜਾਬੀ ਅਤੇ ਹਿੰਦੀ ਵਿਚ ਗੱਲਾਂ ਕਰਦੇ ਸੁਣੇ ਜਾ ਸਕਦੇ ਹਨ ਪਰ ਕਿਸੇ ਦਾ ਚਿਹਰਾ ਸਾਫ਼ ਨਜ਼ਰ ਨਹੀਂ ਆਉਂਦਾ। ਮੰਨਿਆ ਜਾ ਰਿਹਾ ਹੈ ਕਿ ਵਾਰਦਾਤ ਅਜਿਹੇ ਇਲਾਕੇ ਵਿਚ ਵਾਪਰੀ ਜਿਥੇ ਭਾਰਤੀ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ। ਇਕ ਨੌਜਵਾਨ ਗੋਡਿਆਂ ਵਿਚ ਸਿਰ ਦੇ ਕੇ ਰੋਂਦਾ ਨਜ਼ਰ ਆਉਂਦਾ ਹੈ ਪਰ ਇਸ ਦੀ ਵੀ ਪਛਾਣ ਨਹੀਂ ਹੋ ਸਕੀ। ਇਥੇ ਦਸਣਾ ਬਣਦਾ ਹੈ ਕਿ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਵਿਚ ਪੈਂਦੇ ਪਿੰਡ ਸਤੌੜਾ ਨਾਲ ਸਬੰਧਤ ਹਰਪਾਲ ਸਿੰਘ ਤਕਰੀਬਨ 15 ਸਾਲ ਪਹਿਲਾਂ ਫਰਾਂਸ ਪੁੱਜਾ ਅਤੇ ਇਥੇ ਇਕ ਹੋਟਲ ਵਿਚ ਕੰਮ ਕਰ ਰਿਹਾ ਸੀ।
ਲਾਚਾਰ ਮਾਪਿਆਂ ਨੇ ਮੰਗਿਆ ਇਨਸਾਫ਼
ਹਰਪਾਲ ਸਿੰਘ ਦੇ ਪਿਤਾ ਬਲਬੀਰ ਸਿੰਘ ਖੇਤੀ ਕਰਦੇ ਹਨ ਜਦਕਿ ਹਰਪਾਲ ਸਿੰਘ ਦੀ ਪਤਨੀ ਅਤੇ ਦੋ ਬੱਚੇ ਪਿੰਡ ਵਿਚ ਹੀ ਰਹਿੰਦੇ ਹਨ। ਹਰਪਾਲ ਸਿੰਘ ਨੂੰ ਵਿਦੇਸ਼ ਭੇਜਣ ਲਈ ਪਿਤਾ ਨੇ ਸਭ ਕੁਝ ਦਾਅ ’ਤੇ ਲਾ ਦਿਤਾ ਪਰ ਅਚਨਚੇਤ ਵਾਪਰੀ ਵਾਰਦਾਤ ਮਗਰੋਂ ਸਭ ਕੁਝ ਖੇਰੂੰ ਖੇਰੂੰ ਹੋ ਗਿਆ। ਦੁੱਖ ਵਿਚ ਡੁੱਬੇ ਬਲਬੀਰ ਸਿੰਘ ਵੱਲੋਂ ਪੁੱਤ ਦੀ ਦੇਹ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਦੇ ਨਾਲ ਹੀ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਬਲਬੀਰ ਸਿੰਘ ਮੁਤਾਬਕ ਉਨ੍ਹਾਂ ਨੂੰ ਕੁਝ ਪਤਾ ਨਹੀਂ ਕਿ ਆਖਰਕਾਰ ਇਹ ਸਭ ਕਿਉਂ ਅਤੇ ਕਿਵੇਂ ਹੋਇਆ।