ਅਮਰੀਕਾ ਵਿਚ ਸਿੱਖ ਨੌਜਵਾਨ ਨੇ ਸਿਰਜਿਆ ਇਤਿਹਾਸ
ਅਮਰੀਕਾ ਦੇ ਕਲੀਵਲੈਂਡ ਸ਼ਹਿਰ ਨੂੰ ਪਹਿਲਾ ਸਿੱਖ ਪੁਲਿਸ ਅਫ਼ਸਰ ਮਿਲ ਗਿਆ ਹੈ ਅਤੇ ਸੁਖਵੀਰ ਸਿੰਘ ਗਰੇਵਾਲ ਨੇ ਇਹ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਸਿਰਜ ਦਿਤਾ ਹੈ।;
ਕਲੀਵਲੈਂਡ : ਅਮਰੀਕਾ ਦੇ ਕਲੀਵਲੈਂਡ ਸ਼ਹਿਰ ਨੂੰ ਪਹਿਲਾ ਸਿੱਖ ਪੁਲਿਸ ਅਫ਼ਸਰ ਮਿਲ ਗਿਆ ਹੈ ਅਤੇ ਸੁਖਵੀਰ ਸਿੰਘ ਗਰੇਵਾਲ ਨੇ ਇਹ ਪ੍ਰਾਪਤੀ ਹਾਸਲ ਕਰਦਿਆਂ ਇਤਿਹਾਸ ਸਿਰਜ ਦਿਤਾ ਹੈ। ਕਲੀਵਲੈਂਡ ਪੁਲਿਸ ਵੱਲੋਂ ਹਾਲ ਹੀ ਵਿਚ ਦਸਤਾਰ ਅਤੇ ਦਾੜ੍ਹੀ ਬਾਰੇ ਨੀਤੀਆਂ ਵਿਚ ਕੀਤੀ ਤਬਦੀਲੀ ਸਦਕਾ ਸੁਖਵੀਰ ਸਿੰਘ ਗਰੇਵਾਲ ਪੁਲਿਸ ਮਹਿਕਮੇ ਵਿਚ ਸੇਵਾ ਨਿਭਾਉਣ ਲਈ ਉਤਸ਼ਾਹਤ ਹੋਇਆ। ਚਾਰ ਭਾਸ਼ਾਵਾਂ ਦਾ ਜਾਣਕਾਰ ਸੁਖਵੀਰ ਸਿੰਘ ਗਰੇਵਾਲ ਇਸ ਤੋਂ ਪਹਿਲਾਂ ਅਲਾਇੰਸ ਪੁੁਲਿਸ ਡਿਪਾਰਟਮੈਂਟ ਅਤੇ ਓਹਾਇਓ ਨੈਸ਼ਨਲ ਗਾਰਡ ਵਿਚ ਸੇਵਾਵਾਂ ਨਿਭਾਅ ਚੁੱਕਾ ਹੈ।
ਕਲੀਵਲੈਂਡ ਸ਼ਹਿਰ ਦਾ ਪਹਿਲਾ ਸਿੱਖ ਪੁਲਿਸ ਅਫ਼ਸਰ ਬਣਿਆ
ਕਲੀਵਲੈਂਡ ਪੁਲਿਸ ਦੀ ਮੁੁਖੀ ਡੌਰਥੀ ਟੌਡ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ’ਤੇ ਗਸ਼ਤ ਕਰਨ ਵਾਲੇ ਅਫ਼ਸਰਾਂ ਵਿਚ ਸਭਿਆਚਾਰਕ ਵੰਨ ਸੁਵੰਨਤਾ ਕਾਇਮ ਕਰਨ ਲਈ ਅਸੀਂ ਵਚਨਬੱਧ ਹਾਂ ਅਤੇ ਇਹ ਇਕ ਬਿਹਤਰੀਨ ਤਰੀਕਾ ਵੀ ਹੈ। ਸੁਖਵੀਰ ਸਿੰਘ ਗਰੇਵਾਲ ਕਲੀਵਲੈਂਡ ਸ਼ਹਿਰ ਦੇ ਲੋਕਾਂ ਦੀ ਹਿਫ਼ਾਜ਼ਤ ਅਤੇ ਸੇਵਾ ਦੀ ਜ਼ਿੰਮੇਵਾਰ ਆਪਣੇ ਮੋਢਿਆਂ ’ਤੇ ਲੈ ਰਿਹਾ ਹੈ ਅਤੇ ਸਿੱਖੀ ਦੇ ਸਿਧਾਂਤ ਉਸ ਨੂੰ ਅੱਗੇ ਲਿਜਾਣ ਵਿਚ ਮਦਦ ਕਰਨਗੇ। ਉਧਰ ਸੁਖਵੀਰ ਗਰੇਵਾਲ ਨੇ ਕਿਹਾ ਕਿ ਸਿੱਖੀ ਦਾ ਮੁੱਖ ਸਿਧਾਂਤ ਨਿਸ਼ਕਾਮ ਸੇਵਾ ਹੈ ਅਤੇ ਉਹ ਕਲੀਵਲੈਂਡ ਪੁਲਿਸ ਵਿਚ ਇਹ ਸੇਵਾ ਨਿਭਾਉਣ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਸੀ। ਪੁਲਿਸ ਦੀ ਨੌਕਰੀ ਦੌਰਾਨ ਤੁਹਾਨੂੰ ਉਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਬਾਰੇ ਤੁਸੀਂ ਬਿਲਕੁਲ ਨਹੀਂ ਜਾਣਦੇ। ਨਵੇਂ ਤੌਰ ਤਰੀਕੇ ਅਪਣਾਉਂਦਿਆਂ ਅੱਗੇ ਵਧਣਾ ਅਤੇ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਹਰ ਪੁਲਿਸ ਅਫ਼ਸਰ ਦਾ ਫਰਜ਼ ਹੈ ਜਿਸ ਨੂੰ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਾਂਗਾ। ਸੁਖਵੀਰ ਗਰੇਵਾਲ ਨੇ ਦੱਸਿਆ ਕਿ ਭਾਈਚਾਰੇ ਨਾਲ ਜਿਹੜੇ ਨੌਜਵਾਨ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੇ ਹਨ, ਉਹ 3 ਜਨਵਰੀ ਤੋਂ 5 ਜਨਵਰੀ ਤੱਕ ਚੱਲਣ ਵਾਲੀ ਵਿਸ਼ੇਸ਼ ਮੁਹਿੰਮ ਵਿਚ ਸ਼ਾਮਲ ਹੋ ਸਕਦੇ ਹਨ।
4 ਭਾਸ਼ਾਵਾਂ ਦਾ ਜਾਣਕਾਰ ਹੈ ਸੁਖਵੀਰ ਸਿੰਘ ਗਰੇਵਾਲ
ਕਲੀਵਲੈਂਡ ਪੁਲਿਸ ਵਿਚ ਭਰਤੀ ਹੋਣ ਦੇ ਇੱਛਕ ਨੌਜਵਾਨ 216 623 5233 ’ਤੇ ਕਾਲ ਕਰਦਿਆਂ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਪਹਿਲਾ ਦਸਤਾਰਧਾਰੀ ਪੁਲਿਸ ਅਫ਼ਸਰ ਹੋਣ ਦਾ ਮਾਣ ਸੰਦੀਪ ਸਿੰਘ ਧਾਲੀਵਾਲ ਨੂੰ ਹਾਸਲ ਹੋਇਆ ਪਰ ਮੰਦਭਾਗੇ ਤੌਰ ’ਤੇ ਸੰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਦੂਜੇ ਪਾਸੇ ਗੁਰਸੋਚ ਕੌਰ ਨੇ ਪਹਿਲੀ ਦਸਤਾਰਧਾਰੀ ਮਹਿਲਾ ਸਿੱਖ ਅਫ਼ਸਰ ਹੋਣ ਦਾ ਮਾਣ ਹਾਸਲ ਕੀਤਾ ਜਦੋਂ ਉਹ 2018 ਵਿਚ ਨਿਊ ਯਾਰਕ ਪੁਲਿਸ ਦਾ ਹਿੱਸਾ ਬਣੀ। ਕੈਲੇਫੋਰਨੀਆ ਸੂਬੇ ਦੇ ਮੌਡੈਸਟੋ ਸ਼ਹਿਰ ਵਿਚ ਪਹਿਲਾ ਸਿੱਖ ਪੁਲਿਸ ਅਫ਼ਸਰ ਹੋਣ ਦਾ ਮਾਣ ਵਰਿੰਦਰ ਸਿੰਘ ਖੁਣ ਖੁਣ ਨੇ ਹਾਸਲ ਕੀਤਾ ਜੋ ਸਾਬਤ ਸੂਰਤ ਰੂਪ ਵਿਚ ਭਰਤੀ ਹੋਇਆ ਜਦਕਿ ਵਰਿੰਦਰ ਸਿੰਘ ਦੀ ਭਰਤੀ ਤੋਂ ਪਹਿਲਾਂ ਪੁਲਿਸ ਅਫ਼ਸਰ ਦੀ ਦਾੜ੍ਹੀ ਸ਼ੇਵ ਕੀਤੀ ਹੋਣੀ ਲਾਜ਼ਮੀ ਹੁੰਦੀ ਸੀ। ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ ਸ਼ਹਿਰ ਦੀ ਪੁਲਿਸ ਵਿਚ ਕਈ ਸਿੱਖ ਅਫ਼ਸਰ ਸੇਵਾਵਾਂ ਨਿਭਾਅ ਰਹੇ ਹਨ।