ਆਸਟਰੀਆ ਦੀਆਂ ਪਾਰਲੀਮਾਨੀ ਚੋਣਾਂ ਵਿਚ ਪਹਿਲੀ ਵਾਰ ਸਿੱਖ ਉਮੀਦਵਾਰ
ਆਸਟਰੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਸਿੱਖ ਉਮੀਦਵਾਰ ਪਾਰਲੀਮਾਨੀ ਚੋਣਾਂ ਲੜ ਰਿਹਾ ਹੈ। 51 ਸਾਲ ਦੇ ਗੁਰਦਿਆਲ ਸਿੰਘ ਬਾਜਵਾ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟਰੀਆ ਵੱਲੋਂ ਚੋਣ ਮੈਦਾਨ ਵਿਚ ਹਨ ਜਿਥੇ 29 ਸਤੰਬਰ ਨੂੰ ਵੋਟਾਂ ਪੈਣਗੀਆਂ।;
ਵੀਆਨਾ : ਆਸਟਰੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਇਕ ਸਿੱਖ ਉਮੀਦਵਾਰ ਪਾਰਲੀਮਾਨੀ ਚੋਣਾਂ ਲੜ ਰਿਹਾ ਹੈ। 51 ਸਾਲ ਦੇ ਗੁਰਦਿਆਲ ਸਿੰਘ ਬਾਜਵਾ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਆਫ ਆਸਟਰੀਆ ਵੱਲੋਂ ਚੋਣ ਮੈਦਾਨ ਵਿਚ ਹਨ ਜਿਥੇ 29 ਸਤੰਬਰ ਨੂੰ ਵੋਟਾਂ ਪੈਣਗੀਆਂ। ਗੁਰਦਿਆਲ ਸਿੰਘ ਬਾਜਵਾ ਦੀ ਉਮੀਦਵਾਰੀ ਨਾਲ ਸਬੰਧਤ ਖਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਹਾਲ ਹੀ ਵਿਚ ਹੋਈਆਂ ਯੂ.ਕੇ. ਦੀਆਂ ਆਮ ਚੋਣਾਂ ਵਿਚ 10 ਤੋਂ ਵੱਧ ਸਿੱਖ ਐਮ.ਪੀ. ਚੁਣੇ ਗਏ। ਪੰਜਾਬ ਦੇ ਭੁਲੱਥ ਹਲਕੇ ਨਾਲ ਸਬੰਧਤ ਗੁਰਦਿਆਲ ਸਿੰਘ ਬਾਜਵਾ ਸੱਤ ਸਾਲ ਦੀ ਉਮਰ ਵਿਚ ਆਪਣੇ ਪਰਵਾਰ ਨਾਲ ਆਸਟਰੀਆ ਆ ਗਏ।
ਸੋਸ਼ਲ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਗੁਰਦਿਆਲ ਸਿੰਘ ਬਾਜਵਾ
2020 ਤੋਂ ਉਹ ਡੌਇਸ਼ ਵਾਗਰਮ ਸ਼ਹਿਰ ਵਿਚ ਸਿਟੀ ਕੌਂਸਲਰ ਵੋਂ ਸੇਵਾ ਨਿਭਾਅ ਰਹੇ ਹਨ ਅਤੇ ਵੀਆਨਾ ਚੈਂਬਰ ਆਫ ਕਾਮਰਸ ਵਿਚ ਡਿਪਟੀ ਚੇਅਰਮੈਨ ਫੌਰ ਟ੍ਰਾਂਸਪੋਰਟ ਐਂਡ ਟ੍ਰੈਫਿਕ ਦਾ ਅਹੁਦਾ ਵੀ ਉਨ੍ਹਾਂ ਕੋਲ ਹੈ। ਗੁਰਦਿਆਲ ਸਿੰਘ ਬਾਜਵਾ ਦੀ ਜਨਤਕ ਸੇਵਾ ਅਤੇ ਸਮਾਜਿਕ ਮੁੱਦਿਆਂ ਪ੍ਰਤੀ ਹਮੇਸ਼ਾ ਚੇਤੰਨ ਰਹਿਣ ਦੀ ਬਿਰਤੀ ਸਦਕਾ ਹੀ ਉਨ੍ਹਾਂ ਨੂੰ ਆਪਣੇ ਹਲਕੇ ਵਿਚ ਭਰਵਾਂ ਸਤਿਕਾਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟਰੀਆ ਦੀਆਂ ਪਾਰਲੀਮਾਨੀ ਚੋਣਾਂ ਵਿਚ ਉਮੀਦਵਾਰੀ ਮੁਲਕ ਦੇ ਸਿਆਸੀ ਖੇਤਰ ਵਿਚ ਸਭਿਆਚਾਰਕ ਵੰਨ ਸੁਵੰਨਤਾ ਨੂੰ ਪ੍ਰਵਾਨ ਕੀਤੇ ਜਾਣ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਜੇਤੂ ਰਹਿਣ ਦੀ ਸੂਰਤ ਵਿਚ ਉਹ ਭਾਰਤੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਤਰਜੀਹੀ ਆਧਾਰ ’ਤੇ ਉਠਾਉਣਗੇ ਅਤੇ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿਚ ਹਰ ਵੇਲੇ ਹਾਜ਼ਰ ਰਹਿਣਗੇ।