ਨਿਊ ਯਾਰਕ ਅਤੇ ਨੇਵਾਡਾ ਵਿਚ ਗੋਲੀਬਾਰੀ, 7 ਹਲਾਕ

ਅਮਰੀਕਾ ਵਿਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ 2 ਵਾਰਦਾਤਾਂ ਦੌਰਾਨ ਘੱਟੋ ਘੱਟ 7 ਜਣਿਆਂ ਨੂੰ ਜਾਨ ਗਵਾਉਣੀ ਪਈ ਜਦਕਿ ਕਈ ਹੋਰ ਜ਼ਖਮੀ ਹੋ ਗਏ।

Update: 2025-07-29 12:10 GMT

ਨਿਊ ਯਾਰਕ : ਅਮਰੀਕਾ ਵਿਚ ਮਾਸੂਮ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ 2 ਵਾਰਦਾਤਾਂ ਦੌਰਾਨ ਘੱਟੋ ਘੱਟ 7 ਜਣਿਆਂ ਨੂੰ ਜਾਨ ਗਵਾਉਣੀ ਪਈ ਜਦਕਿ ਕਈ ਹੋਰ ਜ਼ਖਮੀ ਹੋ ਗਏ। ਨਿਊ ਯਾਰਕ ਸ਼ਹਿਰ ਵਿਚ ਇਕ ਸਿਰਫਿਰੇ ਵੱਲੋਂ ਪੁਲਿਸ ਅਫ਼ਸਰ ਸਣੇ ਚਾਰ ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਟੀ.ਵੀ. ਚੈਨਲਾਂ ’ਤੇ ਚੱਲ ਹੀ ਰਹੀ ਸੀ ਕਿ ਨੇਵਾਡਾ ਸੂਬੇ ਦੇ ਰੀਨੋ ਸ਼ਹਿਰ ਵਿਚ ਸਭ ਤੋਂ ਵੱਡਾ ਕੈਸੀਨੋ ਗੋਲੀਬਾਰੀ ਦਾ ਨਿਸ਼ਾਨਾ ਬਣਨ ਦੀ ਰਿਪੋਰਟ ਆ ਗਈ ਜਿਥੇ ਤਿੰਨ ਜਣੇ ਮਾਰੇ ਗਏ। ਪੁਲਿਸ ਗੋਲੀ ਨਾਲ ਜ਼ਖਮੀ ਹੋਏ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਗ੍ਰੈਂਡ ਸਿਐਰਾ ਰਿਜ਼ੌਰਟ ਵਿਚ ਬਤੌਰ ਮਹਿਮਾਨ ਦਾਖਲ ਹੋਇਆ ਜਾਂ ਇਥੇ ਕੰਮ ਕਰਦਾ ਸੀ।

ਬਦਲਾ ਲੈਣ ਗਏ ਸਾਬਕਾ ਖਿਡਾਰੀ ਨੇ ਕੀਤਾ ਕਤਲੇਆਮ

ਗ੍ਰੈਂਡ ਸਿਐਰਾ ਰਿਜ਼ੌਰਟ, ਰੀਨੋ ਸ਼ਹਿਰ ਦੀਆਂ ਪ੍ਰਸਿੱਧ ਥਾਵਾਂ ਵਿਚੋਂ ਇਕ ਜਿਥੇ ਰਾਸ਼ਟਰਪਤੀ ਡੌਨਲਡ ਟਰੰਪ ਪਿਛਲੇ ਸਾਲ ਚੋਣ ਰੈਲੀ ਵੀ ਕੀਤੀ ਸੀ। ਪੁਲਿਸ ਨੇ ਦੱਸਿਆ ਕਿ ਜਾਨੀ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਰ ਸ਼ੁਰੂਆਤ ਵਿਚ ਸ਼ੱਕੀ ਦੀ ਬੰਦੂਕ ਚੱਲੀ ਹੀ ਨਾ ਅਤੇ ਉਹ ਇਸ ਨੂੰ ਦਰੁਸਤ ਕਰਨ ਵਿਚ ਰੁੱਝ ਗਿਆ। ਇਸ ਮਗਰੋਂ ਉਸ ਨੇ ਗੋਲੀਆਂ ਚਲਾਈਆਂ ਅਤੇ ਪਾਰਕਿੰਗ ਰਾਹੀਂ ਪੈਦਲ ਹੀ ਫਰਾਰ ਹੋਣ ਦਾ ਯਤਨ ਕੀਤਾ ਪਰ ਅੱਗੇ ਹਥਿਆਰਬੰਦ ਸੁਰੱਖਿਆ ਮੁਲਾਜ਼ਮ ਨੇ ਬੰਦੂਕਧਾਰੀ ਉਤੇ ਗੋਲੀਆਂ ਚਲਾ ਦਿਤੀਆਂ। ਬੰਦੂਕਧਾਰੀ ਕਿਸੇ ਤਰੀਕੇ ਨਾਲ ਬਚ ਕੇ ਨਿਕਲ ਗਿਆ ਅਤੇ ਪਾਰਕਿੰਗ ਵਿਚ ਮੌਜੂਦ ਇਕ ਸ਼ਖਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿਤਾ। ਇਸੇ ਦੌਰਾਨ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਘੇਰਾਬੰਦੀ ਕਰਦਿਆਂ ਸ਼ੱਕੀ ਨੂੰ ਕਾਬੂ ਕਰ ਲਿਆ ਜਿਸ ਕੋਲੋਂ ਕਈ ਮੈਗਜ਼ੀਨ ਬਰਾਮਦ ਹੋਏ। ਪੁਲਿਸ ਕਹਿਣਾ ਹੈ ਕਿ ਸ਼ੱਕੀ ਜਲਦ ਕਾਬੂ ਨਾ ਕੀਤਾ ਜਾਂਦਾ ਤਾਂ ਉਹ ਕਈ ਹੋਰ ਮੌਤਾਂ ਦਾ ਕਾਰਨ ਬਣ ਸਕਦਾ ਸੀ। ਉਧਰ ਨਿਊ ਯਾਰਕ ਸ਼ਹਿਰ ਵਿਚ ਗੋਲੀਬਾਰੀ ਮਗਰੋਂ ਖੁਦਕੁਸ਼ੀ ਕਰਨ ਵਾਲੇ ਬੰਦੂਕਧਾਰੀ ਦੀ ਸ਼ਨਾਖਤ 27 ਸਾਲ ਦੇ ਸ਼ੇਨ ਤਮੂਰਾ ਵਜੋਂ ਕੀਤੀ ਗਈ ਹੈ।

ਟਰੰਪ ਦੀ ਰੈਲੀ ਵਾਲੇ ਰਿਜ਼ੌਰਟ ਵਿਚ ਵਿਛੀਆਂ ਲਾਸ਼ਾਂ

ਉਹ ਇਕ ਸਾਬਕਾ ਫੁੱਟਬਾਲ ਖਿਡਾਰੀ ਸੀ ਅਤੇ ਵਾਰਦਾਤ ਤੋਂ ਪਹਿਲਾਂ ਉਸ ਨੇ ਪੂਰੇ ਮੁਲਕ ਦਾ ਗੇੜਾ ਲਾਇਆ। ਅਸਾਲਟ ਰਾਈਫ਼ਲ ਨਾਲ ਲੈਸ ਤਮੂਰਾ ਜਿਸ ਇਮਾਰਤ ਵਿਚ ਦਾਖਲ ਹੋਇਆ ਉਸ ਵਿਚ ਬਲੈਕਸਟੋਨ ਅਸੈਟ ਮੈਨੇਜਮੈਂਟ ਅਤੇ ਐਨ.ਐਫ਼.ਐਲ. ਦੇ ਦਫ਼ਤਰ ਹਨ ਅਤੇ ਇਥੇ ਹੀ ਨਿਊ ਯਾਰਕ ਸਿਟੀ ਪੁਲਿਸ ਦਾ ਮੁਲਾਜ਼ਮ ਦੀਦਾਰਉਲ ਇਸਲਾਮ ਪ੍ਰਾਈਵੇਟ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਿਹਾ ਸੀ। ਤਮੂਰਾ ਨੇ ਇਮਾਰਤ ਵਿਚ ਦਾਖਲ ਹੁੰਦਿਆਂ ਹੀ ਗੋਲੀਆਂ ਚਲਾ ਦਿਤੀਆਂ ਅਤੇ ਦੀਦਾਰਉਲ ਇਸਲਾਮ ਸਣੇ ਚਾਰ ਜਣੇ ਮਾਰੇ ਗਏ। ਇਸ ਮਗਰੋਂ ਹਮਲਾਵਰ ਐਲੀਵੇਟਰ ਵੱਲ ਵਧਿਆ ਅਤੇ ਇਕ ਹੋਰ ਸਕਿਉਰਿਟੀ ਗਾਰਡ ਨੂੰ ਗੋਲੀ ਮਾਰ ਕੇ ਜ਼ਖਮੀਲ ਕਰ ਦਿਤਾ। ਇਮਾਰਤ ਦੀ 33 ਮੰਜ਼ਿਲ ’ਤੇ ਪੁੱਜ ਕੇ ਸ਼ੱਕੀ ਨੇ ਖੁਦ ਨੂੰ ਗੋਲੀ ਮਾਰ ਲਈ। ਇਥੇ ਦਸਣਾ ਬਣਦਾ ਹੈ ਕਿ ਦੋ ਬੱਚਿਆਂ ਦਾ ਪਿਤਾ ਦੀਦਾਰਉਲ ਇਸਲਾਮ ਬੰਗਲਾਦੇਸ਼ ਨਾਲ ਸਬੰਧਤ ਸੀ ਅਤੇ ਜਲਦ ਹੀ ਉਹ ਤੀਜੇ ਬੱਚੇ ਦਾ ਪਿਤਾ ਬਣ ਜਾਂਦਾ। ਉਧਰ ਵਾਰਦ ਦੇ ਇਕ ਚਸ਼ਮਦੀਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਇਲੈਂਸਰ ਦੇ ਬਾਵਜੂਦ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਜਾ ਸਕਦੀ ਸੀ। ਪੁਲਿਸ ਵੱਲੋਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਕੀ ਤਮੂਰਾ ਐਨ.ਐਫ਼.ਐਲ. ਦੇ ਦਫ਼ਤਰ ਨੂੰ ਨਿਸ਼ਾਨਾ ਬਣਾਉਣ ਇਮਾਰਤ ਵਿਚ ਦਾਖਲ ਹੋਇਆ ਕਿਉਂਕਿ ਉਹ ਖੁਦ ਫੁੱਟਬਾਲ ਦੇ ਮੈਦਾਨ ਵਿਚ ਜ਼ੋਰ ਅਜ਼ਮਾਇਸ਼ ਕਰ ਚੁੱਕਾ ਸੀ।

Tags:    

Similar News