ਅਮਰੀਕਾ ਦੇ 2 ਰਾਜਾਂ ਵਿਚ ਚੱਲੀਆਂ ਗੋਲੀਆਂ, 4 ਹਲਾਕ
ਅਮਰੀਕਾ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਵਾਰਦਾਤਾਂ ਦੌਰਾਨ ਘੱਟੋ ਚਾਰ ਜਣੇ ਮਾਰੇ ਗਏ ਅਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।
ਮੈਕਐਲਨ/ਫਿਲਾਡੈਲਫੀਆ : ਅਮਰੀਕਾ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਵਾਰਦਾਤਾਂ ਦੌਰਾਨ ਘੱਟੋ ਚਾਰ ਜਣੇ ਮਾਰੇ ਗਏ ਅਤੇ ਕਈ ਹੋਰਨਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਪਹਿਲੀ ਵਾਰਦਾਤ ਟੈਕਸਸ ਸੂਬੇ ਵਿਚ ਵਾਪਰੀ ਜਿਥੇ ਬਾਰਡਰ ਪੈਟਰੌਲ ਅਫ਼ਸਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਟੈਕਸਸ ਦੇ ਮਕੈਲਨ ਸ਼ਹਿਰ ਵਿਚ 27 ਸਾਲ ਦਾ ਇਕ ਨੌਜਵਾਨ ਅਸਾਲਟ ਰਾਈਫ਼ਲ ਲੈ ਕੇ ਬਾਰਡਰ ਪੈਟਰੌਲ ਵਾਲਿਆਂ ਦੇ ਦਫ਼ਤਰ ਵਿਚ ਦਾਖਲ ਹੋ ਗਿਆ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ। ਉਧਰ ਬਾਰਡਰ ਅਫ਼ਸਰਾਂ ਨੇ ਜਵਾਬੀ ਕਰਦਿਆਂ ਨੌਜਵਾਨ ਨੂੰ ਢੇਰ ਕਰ ਦਿਤਾ।
ਟੈਕਸਸ ਵਿਚ ਸਿਰਫ਼ਿਰੇ ਨੇ ਬਾਰਡਰ ਅਫ਼ਸਰਾਂ ਨੂੰ ਬਣਾਇਆ ਨਿਸ਼ਾਨਾ
ਮਕੈਲਨ ਦੇ ਪੁਲਿਸ ਮੁਖੀ ਵਿਕਟਰ ਰੌਡਰਿਗਜ਼ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਕੌਮਾਂਤਰੀ ਹਵਾਈ ਅੱਡੇ ਦੇ ਬਿਲਕੁਲ ਨੇੜੇ ਵਾਪਰੀ ਜਿਸ ਦੇ ਮੱਦੇਨਜ਼ਰ ਹਵਾਈ ਅੱਡੇ ਨੂੰ ਆਰਜ਼ੀ ਤੌਰ ’ਤੇ ਬੰਦ ਕਰ ਦਿਤਾ ਗਿਆ। ਬੰਦੂਕਧਾਰੀ ਕੋਲੋਂ ਇਕ ਅਸਾਲਟ ਰਾਈਫ਼ਲ ਬਰਾਮਦ ਕੀਤੇ ਜਾਣ ਤੋਂ ਇਲਾਵਾ ਪੁਲਿਸ ਨੇ ਇਕ ਹੋਰ ਰਾਈਫ਼ਲ ਅਤੇ ਕਾਰਤੂਸ ਬਰਾਮਦ ਕੀਤੇ। ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਮੁਤਾਬਕ ਗੋਲੀਬਾਰੀ ਦੇ ਸਿੱਟੇ ਵਜੋਂ ਤਿੰਨ ਮੁਲਾਜ਼ਮ ਜ਼ਖਮੀ ਹੋਏ। ਵਿਕਟਰ ਰੌਡਰਿਗਜ਼ ਮੁਤਾਬਕ ਸ਼ੱਕੀ ਚਿੱਟੇ ਰੰਗ ਦੀ ਇਕ ਗੱਡੀ ਵਿਚ ਆਇਆ। ਸ਼ੱਕੀ ਦਾ ਪੱਕਾ ਪਤਾ ਮਿਸ਼ੀਗਨ ਨਾਲ ਸਬੰਧਤ ਹੈ ਪਰ ਉਹ ਟੈਕਸਸ ਦੇ ਵੈਸਲੇਕੋ ਕਸਬੇ ਤੋਂ ਲਾਪਤਾ ਦੱਸਿਆ ਗਿਆ। ਇਹ ਕਸਬਾ ਬਾਰਡਰ ਪੈਟਰੋਲ ਵਾਲਿਆਂ ਦੇ ਦਫ਼ਤਰ ਤੋਂ 32 ਕਿਲੋਮੀਟਰ ਦੂਰ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਮਾਮਲੇ ਦੀ ਪੜਤਾਲ ਆਪਣੇ ਹੱਥਾਂ ਵਿਚ ਲੈਣ ਦਾ ਐਲਾਨ ਕੀਤਾ ਗਿਆ ਹੈ।
ਫਿਲਾਡੈਲਫੀਆ ਵਿਖੇ ਪਾਰਟੀ ਦੌਰਾਨ ਦੋ ਧਿਰਾਂ ਦਰਮਿਆਨ ਗੋਲੀਬਾਰੀ
ਦੂਜੇ ਪਾਸੇ ਸਾਊਥ ਫਿਲਾਡੈਲਫੀਆ ਵਿਖੇ ਹੋਈ ਗੋਲੀਬਾਰੀ ਦੌਰਾਨ ਤਿੰਨ ਜਣੇ ਮਾਰੇ ਗਏ। ਪੁਲਿਸ ਕਮਿਸ਼ਨਰ ਕੈਵਿਨ ਬੈਥਲ ਨੇ ਦੱਸਿਆ ਕਿ ਗੋਲੀਬਾਰੀ ਦੀ ਵਾਰਦਾਤ ਇਕ ਰਿਹਾਇਸ਼ੀ ਇਲਾਕੇ ਵਿਚ ਵਾਪਰੀ। ਸੂਤਰਾਂ ਨੇ ਦੱਸਿਆ ਕਿ ਇਕ ਧਿਰ ਵੱਲੋਂ ਪਾਰਟੀ ਕੀਤੀ ਜਾ ਰਹੀ ਸੀ ਜਦੋਂ ਦੂਜੀ ਧਿਰ ਨੇ ਅਚਨਚੇਤ ਗੋਲੀਆਂ ਚਲਾ ਦਿਤੀਆਂ। ਦੋਹਾਂ ਧਿਰਾਂ ਦਰਮਿਆਨ ਗੋਲੀਆਂ ਚੱਲਣ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਦਕਿ ਕੁਝ ਲੋਕ ਆਪਣੀ ਜਾਨ ਬਚਾਉਣ ਲਈ ਜ਼ਮੀਨ ਦੇ ਲੰਮੇ ਪਏ ਦੇਖੇ ਜਾ ਸਕਦੇ ਹਨ। ਪੁਲਿਸ ਵੱਲੋਂ ਇਕ ਹਥਿਆਰਬੰਦ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਅਤੇ ਫ਼ਿਲਹਾਲ ਗੋਲੀਬਾਰੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਇਸੇ ਇਲਾਕੇ ਵਿਚ ਸ਼ੱਕੀ ਸਰਗਰਮੀਆਂ ਬਾਰੇ ਪਤਾ ਲੱਗਣ ’ਤੇ ਛਾਪਾ ਮਾਰਦਿਆਂ ਪੁਲਿਸ ਨੇ ਕਈ ਗ੍ਰਿਫ਼ਤਾਰੀਆਂ ਕੀਤੀਆਂ ਸਨ। ਅਮਰੀਕਾ ਵਿਚ ਗੰਨ ਕਲਚਰ ਦੇ ਚਲਦਿਆਂ ਗੋਲੀਬਾਰੀ ਦੀਆਂ ਵਾਰਦਾਤਾਂ ਆਮ ਗੱਲ ਹੈ ਅਤੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਨਸ਼ਨ ਦੇ ਅੰਕੜਿਆਂ ਮੁਤਾਬਕ 2023 ਵਿਚ 47 ਹਜ਼ਾਰ ਲੋਕਾਂ ਦੀ ਜਾਨ ਗੋਲੀਆਂ ਲੱਗਣ ਕਾਰਨ ਗਈ। ਸੀ.ਡੀ.ਸੀ. ਦਾ ਕਹਿਣਾ ਹੈ ਕਿ ਲਗਾਤਾਰ ਦੂਜੇ ਵਰ੍ਹੇ ਦੌਰਾਨ ਅਮਰੀਕਾ ਵਿਚ ਗੋਲੀਆਂ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ ਪਰ ਜਾਨੀ ਨੁਕਸਾਨ ਦੇ ਹੋਰਨਾਂ ਕਾਰਨਾਂ ਦੇ ਮੁਕਾਬਲੇ ਮੌਤਾਂ ਦਾ ਅੰਕੜਾ ਹੁਣ ਵੀ ਜ਼ਿਆਦਾ ਮੰਨਿਆ ਜਾ ਰਿਹਾ ਹੈ।