ਅਮਰੀਕਾ ਵਿਚ ਈਸਾਈਆਂ ਉਤੇ ਗੋਲੀਬਾਰੀ, 5 ਹਲਾਕ

ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਐਤਵਾਰ ਨੂੰ ਇਕ ਸਾਬਕਾ ਫੌਜੀ ਵੱਲੋਂ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ

Update: 2025-09-29 13:04 GMT

ਮਿਸ਼ੀਗਨ : ਅਮਰੀਕਾ ਦੇ ਮਿਸ਼ੀਗਨ ਸੂਬੇ ਵਿਚ ਐਤਵਾਰ ਨੂੰ ਇਕ ਸਾਬਕਾ ਫੌਜੀ ਵੱਲੋਂ ਈਸਾਈਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਦੌਰਾਨ 5 ਜਣਿਆਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਸਾਬਕਾ ਫੌਜੀ ਗੋਲੀਬਾਰੀ ਤੱਕ ਹੀ ਸੀਮਤ ਨਹੀਂ ਰਿਹਾ ਅਤੇ ਬਾਅਦ ਵਿਚ ਉਸ ਨੇ ਚਰਚ ਨੂੰ ਅੱਗ ਲਾ ਦਿਤੀ। ਅਲ-ਜਜ਼ੀਰਾ ਦੀ ਰਿਪੋਰਟ ਮੁਤਾਬਕ 40 ਸਾਲ ਦੇ ਥੌਮਸ ਜੈਕਬ ਸੈਨਫੋਰਡ ਦੇ ਬੇਟੇ ਨੂੰ ਇਕ ਗੰਭੀਰ ਬਿਮਾਰੀ ਹੋਣ ਕਰ ਕੇ ਉਸ ਨੇ ਫੌਜੀ ਦੀ ਨੌਕਰੀ ਛੱਡੀ ਸੀ ਅਤੇ ਉਹ ਪੋਸਟ ਟ੍ਰੌਮੈਟਿਕ ਸਟ੍ਰੈਸ ਡਿਸਆਰਡਰ ਦਾ ਵੀ ਪੀੜਤ ਦੱਸਿਆ ਗਿਆ।

ਸ਼ੱਕੀ ਨੇ ਗਿਰਜਾ ਘਰ ਨੂੰ ਅੱਗ ਲਾ ਕੇ ਸਾੜਿਆ

ਰਾਸ਼ਟਰਪਤੀ ਡੌਨਲਡ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਕਿਹਾ, ‘‘ਅਜਿਹਾ ਮਹਿਸੂਸ ਹੋ ਰਿਹਾ ਹੈਕਿ ਈਸਾਈਆਂ ਉਤੇ ਜਾਣ ਬੁੱਝ ਕੇ ਹਮਲਾ ਕੀਤਾ ਗਿਆ। ਸਾਡੇ ਮੁਲਕ ਵਿਚ ਇਸ ਮਹਾਮਾਰੀ ਨੂੰ ਰੋਕਿਆ ਜਾਣਾ ਚਾਹੀਦਾ ਹੈ। ਅਮਰੀਕਾ ਦੇ ਮਰੀਨ ਕੋਰ ਮੁਤਾਬਕ ਗੋਲੀਬਾਰੀ ਕਰਨ ਵਾਲੇ ਸੈਨਫਰਡ ਨੇ ਜੂਨ 2004 ਤੋਂ ਜੂਨ 2008 ਤੱਕ ਨੌਕਰੀ ਕੀਤੀ ਅਤੇ ਇਸ ਦੌਰਾਨ ਉਹ ਇਰਾਕ ਵਿਚ ਤੈਨਾਤ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਸੈਨਫਰਡ ਮਾਰਚ 2008 ਵਿਚ ਅਮਰੀਕਾ ਪਰਤ ਆਇਆ ਅਤੇ ਤਿੰਨ ਮਹੀਨੇ ਬਾਅਦ ਨੌਕਰੀ ਤੋਂ ਅਸਤੀਫ਼ਾ ਦੇ ਦਿਤਾ। ਬਾਅਦ ਵਿਚ ਉਸ ਨੇ ਟਰੱਕ ਡਰਾਈਵਰ ਵਜੋਂ ਕੰਮ ਸ਼ੁਰੂ ਕੀਤੀ ਅਤੇ 2016 ਵਿਚ ਬਰਟਨ ਵਿਖੇ ਇਕ ਘਰ ਖਰੀਦਿਆ। ਵਾਰਦਾਤ ਅੱਖੀਂ ਦੇਖਣ ਵਾਲੇ ਇਕ ਸ਼ਖਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਗੋਲੀਬਾਰੀ ਤੋਂ ਪਹਿਲਾਂ ਇਕ ਟਰੱਕ ਗਰੈਂਡ ਬਲੈਂਕ ਸ਼ਹਿਰ ਦੀ ਚਰਚ ਵਿਚ ਵੱਜਿਆ ਜਿਸ ਮਗਰੋਂ ਭਾਜੜ ਪੈ ਗਈ।

ਫੌਜ ਦਾ ਕਮਾਂਡੋ ਸੀ 40 ਸਾਲ ਦਾ ਥੌਮਸ ਜੈਕਬ

ਟਰੱਕ ਦੀ ਟੱਕਰ ਵੇਲੇ ਚਰਚ ਵਿਚ ਦਰਜਨਾਂ ਲੋਕ ਮੌਜੂਦ ਸਨ। ਸ਼ਨਿੱਚਰਵਾਰ ਨੂੰ ਚਰਚ ਦੇ ਇਕ ਬਜ਼ੁਰਗ ਪਾਦਰੀ ਦੀ ਮੌਤ ਹੋਈ ਸੀ ਜਿਸ ਨੂੰ ਸ਼ਰਧਾਂਜਲੀ ਦੇਣ ਲੋਕ ਪੁੱਜੇ ਹੋਏ ਸਨ। ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਾਰ ਨੇ ਪੀੜਤਾਂ ਪਰਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਸਰਕਾਰੀ ਇਮਾਰਤਾਂ ’ਤੇ ਝੰਡੇ ਅੱਧੇ ਝੁਕਾਉਣ ਦੇ ਹੁਕਮ ਦੇ ਦਿਤੇ। ਮਿਸ਼ੀਗਨ ਵਿਚ ਗੋਲੀਬਾਰੀ ਮਗਰੋਂ ਨਿਊ ਯਾਰਕ ਪੁਲਿਸ ਨੇ ਅਹਿਤਿਆਤ ਵਜੋਂ ਧਾਰਮਿਥ ਥਾਵਾਂ ’ਤੇ ਸੁਰੱਖਿਆ ਬੰਦੋਬਸਤ ਸਖ਼ਤ ਕਰ ਦਿਤੇ। ਕੈਲੇਫੋਰਨੀਆ ਦੇ ਲੌਸ ਐਂਜਲਸ ਵਿਖੇ ਵੀ ਧਾਰਮਿਕ ਸਥਾਨਾਂ ਦੇ ਨੇੜੇ ਪੁਲਿਸ ਗਸ਼ਤ ਵਧਾ ਦਿਤੀ ਗਈ ਹੈ। ਚਰਚ ਵਿਚ ਵਾਪਰੀ ਹੌਲਨਾਕ ਵਾਰਦਾਤ ਮਗਰੋਂ ਐਫ਼.ਬੀ.ਆਈ. ਦੇ ਚੀਫ਼ ਕਾਸ਼ ਪਟੇਲ ਨੇ ਕਿਹਾ ਕਿ ਹਾਲਤਾ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੀਆਂ ਘਿਨਾਉਣੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Tags:    

Similar News