ਨਿਊ ਯਾਰਕ ਹੈਲੀਕਾਪਟਰ ਹਾਦਸੇ ਬਾਰੇ ਹੈਰਾਨਕੁੰਨ ਤੱਥ ਆਏ ਸਾਹਮਣੇ

ਨਿਊ ਯਾਰਕ ਸ਼ਹਿਰ ਵਿਚ ਵਾਪਰੇ ਹੈਲੀਕਾਪਟਰ ਹਾਦਸੇ ਦੀਆਂ ਦਿਲ ਕੰਬਾਊ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ

Update: 2025-04-11 12:03 GMT

ਨਿਊ ਯਾਰਕ : ਨਿਊ ਯਾਰਕ ਸ਼ਹਿਰ ਵਿਚ ਵਾਪਰੇ ਹੈਲੀਕਾਪਟਰ ਹਾਦਸੇ ਦੀਆਂ ਦਿਲ ਕੰਬਾਊ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਐਵੀਏਸ਼ਨ ਸੈਕਟਰ ਦੇ ਜਾਣਕਾਰਾਂ ਨੇ ਸਿੱਟਾ ਕੱਢਿਆ ਹੈ ਕਿ ਹੈਲੀਕਾਪਟਰ ਦਾ ਪੱਖਾ ਖੁੱਲ੍ਹ ਗਿਆ ਜਿਸ ਦੇ ਇਕ ਬਲੇਡ ਦੀ ਸੱਟ ਵੱਜਣ ਕਾਰਨ ਹੈਲੀਕਾਪਟਰ ਗੋਲੀ ਦੀ ਰਫ਼ਤਾਰ ਨਾਲ ਹਡਸਨ ਨਦੀ ਵਿਚ ਡਿੱਗਾ ਅਤੇ ਕੋਈ ਵੀ ਨਾ ਬਚ ਸਕਿਆ। ਹਾਦਸੇ ਤੋਂ ਐਨ ਪਹਿਲਾਂ ਪਾਇਲਟ ਵੱਲੋਂ ਸੁਨੇਹਾ ਭੇਜਿਆ ਗਿਆ ਕਿ ਤੇਲ ਖਤਮ ਹੋ ਰਿਹਾ ਹੈ ਅਤੇ ਉਹ ਜਲਦ ਹੇਠਾਂ ਉਤਰ ਰਹੇ ਹਨ। ਸੈਲਾਨੀਆਂ ਨੂੰ ਸੈਰ ਕਰਵਾਉਣ ਵਾਲੇ ਹੈਲੀਕਾਪਟਰ ਵਿਚ ਸੀਮਨਜ਼ ਕੰਪਨੀ ਦਾ ਕਾਰਜਕਾਰੀ ਅਫਸਰ ਅਗਸਟਿਨ ਐਸਕੋਬਾਰ, ਉਸ ਦੀ ਪਤਨੀ ਅਤੇ ਤਿੰਨ ਬੱਚੇ ਸਵਾਰ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਪਹਿਲੇ ਹੀ ਦਿਨ ਸੈਰ ਸਪਾਟਾ ਸ਼ੁਰੂ ਕੀਤਾ ਸੀ।

ਉਡਦੇ ਹੈਲੀਕਾਪਟਰ ਦਾ ਖੁੱਲ੍ਹ ਗਿਆ ਸੀ ਪੱਖਾ

ਹੈਲੀਕਾਪਟਰ ਉਡਾ ਰਹੇ ਪਾਇਲਟ ਦੀ ਹੁਣ ਤੱਕ ਪਛਾਣ ਜਨਤਕ ਨਹੀਂ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਹੈਲੀਕਾਪਟਰ ਦਾ ਪੱਖਾ ਖੁੱਲ੍ਹਣਾ ਬੇਹੱਦ ਹੈਰਾਨਕੁਨ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ। ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਇਕ ਐਵੀਏਸ਼ਨ ਐਕਸਪਰਟ ਨੇ ਕਿਹਾ ਕਿ ਹਾਦਸੇ ਦੌਰਾਨ ਰੋਟਰ ਬਲੇਡਜ਼ ਵੱਖ ਹੋਏ ਅਤੇ ਉਨ੍ਹਾਂ ਨੇ ਹੀ ਹੈਲੀਕਾਪਟਰ ਦਾ ਪਿਛਲਾ ਹਿੱਸਾ ਵੱਢ ਦਿਤਾ। ਜੇ ਬਲੇਡਜ਼ ਦੀ ਮਾਰ ਨਾ ਪੈਂਦੀ ਤਾਂ ਸੰਭਾਵਤ ਤੌਰ ’ਤੇ ਨਦੀ ਵਿਚ ਡਿੱਗਣ ਮਗਰੋਂ ਹੈਲੀਕਾਪਟਰ ਵਿਚ ਸਵਾਰ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਉਧਰ ਹੈਲੀਕਾਪਟਰ ਦੇ ਮਾਲਕ ਮਾਈਕਲ ਰੌਥ ਨੇ ਕਿਹਾ ਕਿ ਪਾਇਲਟ ਵੱਲੋਂ ਤੇਲ ਖਤਮ ਹੋਣ ਦੀ ਗੱਲ ਕਰਦਿਆਂ ਲੈਂਡ ਕਰਨ ਦੀ ਇਜਾਜ਼ਤ ਮੰਗੀ ਗਈ ਅਤੇ ਇਸ ਪ੍ਰਕਿਰਿਆ ਵਿਚ ਸਿਰਫ ਤਿੰਨ ਮਿੰਟ ਲੱਗਣੇ ਸਨ ਪਰ 20 ਮਿੰਟ ਬਾਅਦ ਵੀ ਹੈਲੀਕਾਪਟਰ ਲੈਂਡ ਨਾ ਕਰ ਸਕਿਆ।

ਰੋਟਰ ਬਲੇਡ ਨੇ ਹੈਲੀਕਾਪਟਰ ਨੂੰ ਵਿਚਾਲਿਉਂ ਵੱਢਿਆ

ਹਾਦਸੇ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਜਿਨ੍ਹਾਂ ਨੂੰ ਵੇਖ ਕੇ ਸਾਫ਼ ਪਤਾ ਲਗਦਾ ਹੈ ਕਿ ਹੈਲੀਕਾਪਟਰ ਦੇ ਕਰੈਸ਼ ਹੋਣ ਵੇਲੇ ਮੇਨ ਰੋਟਰ ਬਲੇਡ ਗਾਇਬ ਸਨ ਜਦਕਿ ਕਈ ਵੀਡੀਓਜ਼ ਵਿਚ ਰੋਟਰ ਬਲੇਡ ਇਕ ਪਾਸੇ ਡਿਗਦੇ ਦੇਖੇ ਜਾ ਸਕਦੇ ਹਨ। ਐਵੀਏਸ਼ਨ ਸੈਕਟਰ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜ਼ਿੰਦਗੀ ਵਿਚ ਅਜਿਹਾ ਹਾਦਸਾ ਕਦੇ ਨਹੀਂ ਦੇਖਿਆ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੋਟਰ ਬਲੇਡ ਵੱਜਣ ਕਾਰਨ ਇਕ ਵੱਡਾ ਧਮਾਕਾ ਹੋਇਆ ਅਤੇ ਐਮਰਜੰਸੀ ਕਾਮਿਆਂ ਦੀਆਂ ਟੀਮਾਂ ਹੈਲੀਕਾਪਟਰ ਵੱਲ ਰਵਾਨਾ ਹੋ ਗਈਆਂ। ਇਕ ਚਸ਼ਮਦੀਦ ਮੁਤਾਬਕ ਹੈਲੀਕਾਪਟਰ ਦੇ ਬਲੇਡ ਮੁਸਾਫਰਾਂ ਵਾਲੇ ਕੈਬਿਨ ਨਾਲ ਟਕਰਾਏ ਅਤੇ ਸੰਭਾਵਤ ਤੌਰ ’ਤੇ ਹਵਾ ਵਿਚ ਹੀ ਉਨ੍ਹਾਂ ਦੀ ਮੌਤ ਹੋ ਗਈ।

Tags:    

Similar News