ਅਮਰੀਕਾ ’ਚ ਪ੍ਰਵਾਸੀਆਂ ਦਾ ਦਾਖਲਾ ਨਹੀਂ ਚਾਹੁੰਦਾ ਪੰਜਾਬ ਦਾ ਦੋਹਤਾ
ਪੰਜਾਬ ਦੀ ਧੀ ਨਿੱਕੀ ਹੇਲੀ ਦੇ ਬੇਟੇ ਨੇ ਆਪਣੀ ਮਾਂ ਅਤੇ ਨਾਨੇ ਦੀ ਵਿਰਾਸਤ ਦੀਆਂ ਧੱਜੀਆਂ ਉਡਾ ਦਿਤੀਆਂ ਜਦੋਂ ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ
ਕੋਲੰਬੀਆ : ਪੰਜਾਬ ਦੀ ਧੀ ਨਿੱਕੀ ਹੇਲੀ ਦੇ ਬੇਟੇ ਨੇ ਆਪਣੀ ਮਾਂ ਅਤੇ ਨਾਨੇ ਦੀ ਵਿਰਾਸਤ ਦੀਆਂ ਧੱਜੀਆਂ ਉਡਾ ਦਿਤੀਆਂ ਜਦੋਂ ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ। ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਦੇ ਬੇਟੇ ਨਲਿਨ ਹੇਲੀ ਨੇ ਇਕ ਇੰਟਰਵਿਊ ਦੌਰਾਨ ਮੁਸਲਮਾਨ ਪੱਤਰਕਾਰ ਮਹਿਦੀ ਹਸਨ ਨੂੰ ਮੁਲਕ ਵਿਚੋਂ ਬਾਹਰ ਕੱਢਣ ਦਾ ਸੱਦਾ ਵੀ ਦਿਤਾ। ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਵਾਸਤੇ ਜ਼ੋਰ ਅਜ਼ਮਾਇਸ਼ ਕਰ ਚੁੱਕੀ ਨਿੱਕੀ ਹੇਲੀ ਦੇ ਮਾਪੇ 1960 ਦੇ ਦਹਾਕੇ ਵਿਚ ਪੰਜਾਬ ਤੋਂ ਅਮਰੀਕਾ ਪੁੱਜੇ ਸਨ ਅਤੇ ਸਾਊਥ ਕੈਰੋਲਾਈਨਾ ਦੀ ਗਵਰਨਰ ਬਣਨ ਦੇ ਬਾਵਜੂਦ ਉਨ੍ਹਾਂ ਨੇ ਕਦੇ ਵੀ ਲੀਗਲ ਇੰਮੀਗ੍ਰੇਸ਼ਨ ਦਾ ਵਿਰੋਧ ਨਾ ਕੀਤਾ ਪਰ ਇਸ ਦੇ ਉਲਟ ਨਲਿਨ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੇ ਕੋਈ ਦੋਸਤ ਨਾਮੀ ਵਿਦਿਅਕ ਅਦਾਰਿਆਂ ਤੋਂ ਡਿਗਰੀਆਂ ਹਾਸਲ ਕਰਨ ਮਗਰੋਂ ਵੀ ਵਿਹਲੇ ਘੁੰਮ ਰਹੇ ਹਨ।
ਨਿੱਕੀ ਹੇਲੀ ਦੇ ਬੇਟੇ ਨੇ ਲੀਗਲ ਇੰਮੀਗ੍ਰੇਸ਼ਨ ’ਤੇ ਉਠਾਏ ਸਵਾਲ
ਘਰਾਂ ਦੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਨਲਿਨ ਨੇ ਕਿਹਾ ਕਿ ਉਸ ਦੇ ਮਾਪਿਆਂ ਨੇ ਪਹਿਲਾ ਘਰ 90 ਹਜ਼ਾਰ ਡਾਲਰ ਵਿਚ ਖਰੀਦਿਆਂ ਅਤੇ ਅੱਜ ਇਸ ਦੀ ਕੀਮਤ ਤਕਰੀਬਨ 4 ਲੱਖ ਡਾਲਰ ਹੋਵੇਗੀ। ਅਜਿਹੇ ਵਿਚ ਅਸੀਂ ਮੁਕਾਬਲਾ ਹੀ ਨਹੀਂ ਕਰ ਸਕਦੇ। ਇਥੇ ਦਸਣਾ ਬਣਦਾ ਹੈ ਕਿ ਨਿੱਕੀ ਹੇਲੀ ਅਕਸਰ ਆਪਣੇ ਮਾਪਿਆਂ ਦੇ ਪੰਜਾਬ ਤੋਂ ਅਮਰੀਕਾ ਤੱਕ ਦੇ ਸਫ਼ਰ ਦਾ ਜ਼ਿਕਰ ਕਰਦੀ ਹੈ ਅਤੇ ਇਹ ਦਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਕਿਵੇਂ ਸਾਊਥ ਕੈਰੋਲਾਈਨਾ ਦੇ ਦਿਹਾਤੀ ਇਲਾਕਿਆਂ ਵਿਚ ਉਸ ਨੇ ਮਾਪਿਆਂ ਨੇ ਖੁਸ਼ਹਾਲੀ ਦਾ ਸਫ਼ਰ ਪੂਰਾ ਕੀਤਾ। ਅਜੀਤ ਸਿੰਘ ਰੰਧਾਵਾ ਅਤੇ ਰਾਜ ਕੌਰ ਰੰਧਾਵਾ ਨੇ ਕਮਿਊਨਿਟੀ ਵਿਚ ਇਕੋ ਇਕ ਭਾਰਤੀ ਪਰਵਾਰ ਹੋਣ ਦੇ ਬਾਵਜੂਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਚਲੇ ਗਏ। ਇਸ ਦੇ ਉਲਟ ਅਜੀਤ ਸਿੰਘ ਰੰਧਾਵਾ ਦਾ ਦੋਹਤਾ ਕਾਨੂੰਨ ਪ੍ਰਵਾਸ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਅਤੇ ਵਿਦੇਸ਼ਾਂ ਨੂੰ ਦਿਤੀ ਜਾਂਦੀ ਆਰਥਿਕ ਸਹਾਇਤਾ ’ਤੇ ਇਤਰਾਜ਼ ਜ਼ਾਹਰ ਕੀਤਾ ਹੈ।
ਮਾਂ ਅਤੇ ਨਾਨੇ ਦੀ ਵਿਰਾਸਤ ਦੀਆਂ ਉਡਾਈਆਂ ਧੱਜੀਆਂ
ਇਸ ਦੇ ਉਲਟ ਸੰਯੁਕਤ ਰਾਸ਼ਟਰ ਦੀ ਰਾਜਦੂਤ ਹੁੰਦਿਆਂ ਨਲਿਨ ਦੀ ਮਾਂ ਨੇ ਵਿਦੇਸ਼ਾਂ ਨੂੰ ਦਿਤੀ ਜਾਂਦੀ ਆਰਥਿਕ ਸਹਾਇਤਾ ਦੀ ਹਮਾਇਤ ਕੀਤੀ। ਨਿੱਕੀ ਹੇਲੀ ਦੀ ਦਲੀਲ ਰਹੀ ਕਿ ਭਾਈਵਾਲ ਮੁਲਕਾਂ ਨੂੰ ਆਰਥਿਕ ਸਹਾਇਤਾ ਰਾਹੀਂ ਕੌਮਾਂਤਰੀ ਅਸਥਿਰਤਾ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਦਾ ਸਿੱਧਾ ਫਾਇਦਾ ਅਮਰੀਕਾ ਨੂੰ ਹੋਵੇਗਾ। ਉਧਰ ਮਹਿਦੀ ਹਸਨ ਨੂੰ ਡਿਪੋਰਟ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕਰ ਰਹੇ ਨਲਿਨ ਦਾ ਕਹਿਣਾ ਸੀ ਕਿ ਅਸਲ ਵਿਚ ਹਸਨ ਅਮਰੀਕਾ ਨੂੰ ਨਫ਼ਰਤ ਕਰਦਾ ਹੈ। ਜੇ ਤੁਸੀਂ ਅਮਰੀਕਾ ਨੂੰ ਨਫ਼ਰਤ ਕਰਦੇ ਹੋ ਤਾਂ ਤੁਹਾਨੂੰ ਇਥੇ ਨਹੀਂ ਹੋਣਾ ਚਾਹੀਦਾ।