ਅਮਰੀਕਾ ’ਚ ਪੰਜਾਬੀ ਨੌਜਵਾਨ ਦਾ ਦਿਨ-ਦਿਹਾੜੇ ਕਤਲ
ਨਿਊ ਯਾਰਕ ਦੇ ਮੈਡੀਕਲ ਐਗਜ਼ਾਮੀਨਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਕੁਈਨਜ਼ ਇਲਾਕੇ ਵਿਚ ਰਹਿੰਦੇ ਨੌਜਵਾਨ ਦੀ ਸ਼ਨਾਖਤ ਅਰਸ਼ਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਮੌਤ 4 ਅਪ੍ਰੈਲ ਨੂੰ ਹੋਈ।
ਨਿਊ ਯਾਰਕ : ਅਮਰੀਕਾ ਵਿਚ ਪੰਜਾਬੀ ਨੌਜਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨਿਊ ਯਾਰਕ ਦੇ ਮੈਡੀਕਲ ਐਗਜ਼ਾਮੀਨਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਕੁਈਨਜ਼ ਇਲਾਕੇ ਵਿਚ ਰਹਿੰਦੇ ਨੌਜਵਾਨ ਦੀ ਸ਼ਨਾਖਤ ਅਰਸ਼ਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ ਜਿਸ ਦੀ ਮੌਤ 4 ਅਪ੍ਰੈਲ ਨੂੰ ਹੋਈ। ਅਰਸ਼ਪ੍ਰੀਤ ਸਿੰਘ ਦੇ ਕਜ਼ਨ ਸਨਮਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਪ੍ਰੀਤ ਸਿੰਘ ਆਪਣੀ ਕਾਰ ਵਿਚ ਜਾ ਰਿਹਾ ਸੀ ਜਦੋਂ ਉਸ ਨੂੰ ਗੋਲੀ ਮਾਰੀ ਗਈ। ਫਿਲਹਾਲ ਗੋਲੀਕਾਂਡ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਇਥੇ ਦੱਸਣਾ ਬਣਦਾ ਹੈ ਕਿ ਮਾਪਿਆਂ ਨੇ ਖੁਸ਼ਹਾਲ ਭਵਿੱਖ ਦੀ ਉਮੀਦ ਵਿਚ ਅਰਸ਼ਪ੍ਰੀਤ ਸਿੰਘ ਨੂੰ ਅਮਰੀਕਾ ਭੇਜਿਆ ਪਰ ਇਕ ਸਿਰਫਿਰੇ ਵੱਲੋਂ ਚਲਾਈਆਂ ਗੋਲੀਆਂ ਨੇ ਸਭ ਕੁਝ ਤਬਾਹ ਕਰ ਦਿਤਾ।
ਨਿਊ ਯਾਰਕ ਦੇ ਕੁਈਨਜ਼ ਇਲਾਕੇ ਵਿਚ ਰਹਿੰਦਾ ਸੀ ਅਰਸ਼ਦੀਪ ਸਿੰਘ
ਅਰਸ਼ਪ੍ਰੀਤ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਗੋਫ਼ੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਅਰਸ਼ਪ੍ਰੀਤ ਸਿੰਘ ਨਾਲ ਵਾਪਰੀ ਵਾਰਦਾਤ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਪਿਛਲੇ ਦਿਨੀਂ ਕੈਨੇਡਾ ਦੀ ਰਾਜਧਾਨੀ ਔਟਵਾ ਨੇੜੇ ਇਕ ਭਾਰਤੀ ਨਾਗਰਿਕ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ। ਦੂਜੇ ਪਾਸੇ ਕੈਲੇਫੋਰਨੀਆ ਸੂਬੇ ਵਿਚ ਬਿਹਤਰ ਜ਼ਿੰਦਗੀ ਵਾਸਤੇ ਸੰਘਰਸ਼ ਕਰ ਰਹੇ ਮਨਮੋਹਨ ਸਿੰਘ ਦੀ ਅਚਨਚੇਤ ਮੌਤ ਹੋਣ ਦੀ ਰਿਪੋਰਟ ਹੈ। ਵੈਸਟ ਸੈਕਰਾਮੈਂਟੋ ਦੇ ਨਿਰਮਲ ਸਿੰਘ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਦਾ ਕੋਈ ਪਰਵਾਰਕ ਮੈਂਬਰ ਅਮਰੀਕਾ ਵਿਚ ਮੌਜੂਦ ਨਹੀਂ ਜਿਸ ਦੇ ਮੱਦੇਨਜ਼ਰ ਉਸ ਦੇ ਪੰਜਾਬ ਭੇਜਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਮਨਮੋਹਨ ਸਿੰਘ ਦੇ ਅਚਨਚੇਤ ਅਕਾਲ ਚਲਾਣੇ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ।
ਕੈਲੇਫੋਰਨੀਆ ਵਿਚ ਪੰਜਾਬੀ ਨੇ ਅਚਨਚੇਤ ਦਮ ਤੋੜਿਆ
ਇਸੇ ਦੌਰਾਨ ਕੈਨੇਡਾ ਦੇ ਮਿਸੀਸਾਗਾ ਸ਼ਹਿਰ ਵਿਚ ਖਤਰਨਾਕ ਬਿਮਾਰੀ ਨਾਲ ਜੂਝ ਰਹੀ ਚੇਤਨਦੀਪ ਕੌਰ ਨੇ ਬੀਤੇ ਦਿਨੀਂ ਦਮ ਤੋੜ ਦਿਤਾ। ਚੇਤਨਦੀਪ ਕੌਰ ਦੇ ਪਤੀ ਹਰਪ੍ਰੀਤ ਸਿੰਘ ਮੁਤਾਬਕ ਉਸ ਦੀ ਪਤਨੀ ਨੂੰ 2023 ਵਿਚ ਲੂਪਸ ਨਾਂ ਦੀ ਬਿਮਾਰੀ ਨੇ ਘੇਰ ਲਿਆ। ਇਸ ਬਿਮਾਰੀ ਨੂੰ ਆਟੌਇਮਿਊਨ ਡਿਜ਼ੀਜ਼ ਵੀ ਆਖਿਆ ਜਾਂਦਾ ਹੈ ਜਿਸ ਦੌਰਾਨ ਸਰੀਰ ਦਾ ਇਮਿਊਨ ਸਿਸਟਮ ਆਪਣੇ ਹੀ ਟਿਸ਼ੂਜ਼ ਅਤੇ ਔਰਗਨਜ਼ ’ਤੇ ਹਮਲੇ ਕਰਨਾ ਸ਼ੁਰੂ ਕਰ ਦਿੰਦਾ ਹੈ। ਮਰੀਜ਼ ਦੀ ਗੁਰਦੇ, ਬਲੱਡ ਸੈਲਜ਼, ਦਿਮਾਗ, ਦਿਨ ਅਤੇ ਫੇਫੜੇ ਸਣੇ ਹੱਡੀਆਂ ਦੇ ਜੋੜਾਂ ਵਿਚ ਵੱਡੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਹਰਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਦੇ ਘਰ ਬੀਤੇ ਜਨਵਰੀ ਮਹੀਨੇ ਦੌਰਾਨ ਬੱਚੇ ਨੇ ਜਨਮ ਲਿਆ ਅਤੇ ਹੁਣ ਚੇਤਨਦੀਪ ਸਦੀਵੀ ਵਿਛੋੜਾ ਦੇ ਗਈ। ਚੇਤਨਦੀਪ ਕੌਰ ਦੀ ਦੇਹ ਭਾਰਤ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।