ਅਮਰੀਕਾ ਦੇ ਹਵਾਈ ਅੱਡੇ ’ਤੇ ਕਾਬੂ ਆਇਆ ਪੰਜਾਬੀ ਨੌਜਵਾਨ
ਅਮਰੀਕਾ ਤੋਂ ਚੁੱਪ-ਚਪੀਤੇ ਇੰਡੀਆ ਫਰਾਰ ਹੋਣ ਦੇ ਯਤਨ ਦੌਰਾਨ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਵਿਰੁੱਧ ਮਸ਼ੀਨ ਗੰਨ ਵਰਗੇ ਖ਼ਤਰਨਾਕ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਸੈਨ ਫਰਾਂਸਿਸਕੋ : ਅਮਰੀਕਾ ਤੋਂ ਚੁੱਪ-ਚਪੀਤੇ ਇੰਡੀਆ ਫਰਾਰ ਹੋਣ ਦੇ ਯਤਨ ਦੌਰਾਨ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਵਿਰੁੱਧ ਮਸ਼ੀਨ ਗੰਨ ਵਰਗੇ ਖ਼ਤਰਨਾਕ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਕੈਲੇਫੋਰਨੀਆ ਦੇ ਲੋਡੀ ਕਸਬੇ ਨਾਲ ਸਬੰਧਤ 26 ਸਾਲਾ ਜਸ਼ਨਪ੍ਰੀਤ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ’ਤੇ 10 ਸਾਲ ਤੱਕ ਕੈਦ ਅਤੇ ਢਾਈ ਲੱਖ ਡਾਲਰ ਜੁਰਮਾਨਾ ਕੀਤਾ ਜਾ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਜਸ਼ਨਪ੍ਰੀਤ ਸਿੰਘ ਪੰਜਾਬੀ ਡੈਵਿਲਜ਼ ਮੋਟਰਸਾਈਕਲ ਕਲੱਬ, ਸਟੌਕਟਨ ਦਾ ਫਾਊਂਡਰ ਹੈ ਅਤੇ ਉਸ ਵੱਲੋਂ ਜੂਨ ਮਹੀਨੇ ਦੌਰਾਨ ਇਕ ਅੰਡਰਕਵਰ ਅਫ਼ਸਰ ਨੂੰ ਕਈ ਕਿਸਮ ਦੇ ਹਥਿਆਰ ਵੇਚਣ ਦਾ ਯਤਨ ਕੀਤਾ ਗਿਆ।
ਨਾਜਾਇਜ਼ ਹਥਿਆਰ ਰੱਖਣ ਦੇ ਦੋਸ਼ ਆਇਦ
ਇਨ੍ਹਾਂ ਹਥਿਆਰਾਂ ਵਿਚ ਛੋਟੇ ਬੈਰਲ ਵਾਲੀ ਰਾਈਫ਼ਲ, ਤਿੰਨ ਅਸਾਲਟ ਰਾਈਫ਼ਲਾਂ ਅਤੇ ਇਕ ਰਿਵਾਲਵਰ ਸ਼ਾਮਲ ਸੀ। ਇਸ ਮਗਰੋਂ ਪੁਲਿਸ ਨੇ ਜ਼ਸਨਪ੍ਰੀਤ ਦੇ ਘਰ ’ਤੇ ਛਾਪਾ ਮਾਰਦਿਆਂ ਇਕ ਮਸ਼ੀਨ ਗੰਨ ਅਤੇ ਇਕ ਸਾਇਲੈਂਸਰ ਵੀ ਬਰਾਮਦ ਕੀਤੇ। ਪੁਲਿਸ ਨੇ ਇਕ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਜਿਸ ਨੂੰ ਸੈਨ ਵੌਕਿਨ ਕਾਊਂਟੀ ਸ਼ੈਰਿਫ਼ ਦੀ ਬੰਬ ਨਾਕਾਰਾ ਕਰਨ ਵਾਲੀ ਟੀਮ ਵੱਲੋਂ ਬੇਅਸਰ ਕਰ ਦਿਤਾ ਗਿਆ। ਮੁਢਲੇ ਤੌਰ ’ਤੇ ਜਸ਼ਨਪ੍ਰੀਤ ਵਿਰੁੱਧ ਸੈਨ ਵੌਕਿਨ ਕਾਊਂਟੀ ਦੀ ਪੁਲਿਸ ਵੱਲੋਂ ਸੂਬਾਈ ਕਾਨੂੰਨ ਮੁਤਾਬਕ ਦੋਸ਼ ਆਇਦ ਕੀਤੇ ਗਏ ਪਰ 21 ਜੁਲਾਈ ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਉਹ ਹਾਜ਼ਰ ਨਾ ਹੋਇਆ। ਸਟੇਟ ਕੋਰਟ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕਰ ਦਿਤਾ ਗਿਆ ਪਰ ਇਸੇ ਦੌਰਾਨ 23 ਜੁਲਾਈ ਨੂੰ ਯੂ.ਐਸ਼ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਐਫ਼.ਬੀ.ਆਈ. ਨੂੰ ਸੁਚੇਤ ਕੀਤਾ ਗਿਆ ਕਿ ਜਸ਼ਨਪ੍ਰੀਤ ਵੱਲੋਂ ਭਾਰਤ ਜਾਣ ਲਈ ਟਿਕਟ ਬੁੱਕ ਕਰਵਾਈ ਗਈ ਹੈ ਅਤੇ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ ਤੋਂ ਉਸ ਦੀ ਫਲਾਈਟ 26 ਜੁਲਾਈ ਨੂੰ ਹੈ।
ਭਾਰਤ ਫਰਾਰ ਹੋਣ ਦਾ ਯਤਨ ਕਰ ਰਿਹਾ ਸੀ ਜਸ਼ਨਪ੍ਰੀਤ ਸਿੰਘ
ਜਸ਼ਨਪ੍ਰੀਤ ਨੂੰ ਕਾਬੂ ਕਰਨ ਲਈ ਜਾਲ ਵਿਛਾ ਦਿਤਾ ਗਿਆ ਅਤੇ ਇਸ ਵਾਰ ਉਸ ਦੀ ਗ੍ਰਿਫ਼ਤਾਰੀ ਫੈਡਰਲ ਸਰਕਾਰ ਦੇ ਨਿਯਮਾਂ ਮੁਤਾਬਕ ਹੋਈ। ਇਹ ਮਾਮਲਾ ਜਿਥੇ ਪ੍ਰੌਜੈਕਟ ਸੇਫ਼ ਨੇਬਰਹੁਡਜ਼ ਦਾ ਹਿੱਸਾ ਹੈ, ਉਥੇ ਹੀ ਅਪ੍ਰੇਸ਼ਨ ਟੇਕ ਬੈਕ ਅਮੈਰਿਕਾ ਨਾਲ ਵੀ ਜੋੜਿਆ ਗਿਆ ਹੈ। ਇਸ ਮੁਹਿੰਮ ਤਹਿਤ ਗੈਰਕਾਨੂੰਨੀ ਪ੍ਰਵਾਸ ਨੂੰ ਠੱਲ੍ਹ ਪਾਉਣ ਅਤੇ ਨਸ਼ਾ ਤਸਕਰਾਂ ਦੇ ਕੌਮਾਂਤਰੀ ਗਿਰੋਹਾਂ ਦਾ ਪਰਦਾ ਫਾਸ਼ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੈਨ ਵੌਕਿਨ ਕਾਊਂਟੀ ਵਿਚ ਇਕ ਵੱਡੀ ਕਾਰਵਾਈ ਦੌਰਾਨ ਪਵਿੱਤਰ ਮਾਝਾ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਰੰਧਾਵਾ, ਸਰਬਜੀਤ ਸਿੰਘ, ਗੁਰਤਾਜ ਸਿੰਘ, ਅੰਮ੍ਰਿਤਪਾਲ ਸਿੰਘ, ਪਵਿੱਤਰ ਪ੍ਰੀਤ ਸਿੰਘ ਅਤੇ ਵਿਸ਼ਾਲ ਸ਼ਾਮਲ ਸਨ। ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਅਗਵਾ, ਤਸੀਹੇ ਦੇਣ, ਜ਼ਬਰਦਸਤੀ ਬੰਦੀ ਬਣਾਉਣ, ਅਪਰਾਧ ਦੀ ਸਾਜ਼ਿਸ਼ ਘੜਨ, ਗਵਾਹ ਨੂੰ ਡਰਾਉਣ, ਸੈਮੀਆਟੋਮੈਟਿਕ ਹਥਿਆਰ ਨਾਲ ਹਮਲਾ ਕਰਨ ਅਤੇ ਦਹਿਸ਼ਤ ਭਰੀਆਂ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਸਨ।