ਪੰਜਾਬੀ ਨੂੰ ਅਮਰੀਕਾ ’ਚ 82 ਮਹੀਨੇ ਦੀ ਕੈਦ
ਅਮਰੀਕਾ ਵਿਚੋਂ ਹਥਿਆਰ ਖਰੀਦ ਕੇ ਕੈਨੇਡਾ ਭੇਜਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਨੂੰ 82 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ 30 ਹਜ਼ਾਰ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ।;
ਹਿਊਸਟਨ/ਬਰੈਂਪਟਨ : ਅਮਰੀਕਾ ਵਿਚੋਂ ਹਥਿਆਰ ਖਰੀਦ ਕੇ ਕੈਨੇਡਾ ਭੇਜਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਪੰਜਾਬੀ ਨੌਜਵਾਨ ਨੂੰ 82 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਦੇ ਨਾਲ ਹੀ 30 ਹਜ਼ਾਰ ਡਾਲਰ ਜੁਰਮਾਨਾ ਵੀ ਲਾਇਆ ਗਿਆ ਹੈ। ਐਲਬਰਟਾ ਦੇ ਸ਼ਰਵੁੱਡ ਪਾਰਕ ਨਾਲ ਸਬੰਧਤ 31 ਸਾਲ ਦੇ ਹਰਸਿਮਰਨ ਧਾਲੀਵਾਲ ਨੂੰ ਸਤੰਬਰ 2023 ਵਿਚ ਅਮਰੀਕਾ ਦੇ ਟੈਕਸਸ ਸੂਬੇ ਵਿਚੋਂ ਕਾਬੂ ਕੀਤਾ ਗਿਆ ਜੋ ਸਥਾਨਕ ਪੱਧਰ ’ਤੇ ਹੈਂਡਗੰਨਜ਼ ਖਰੀਦ ਕੇ ਹੋਰਨਾਂ ਦੀ ਮਦਦ ਨਾਲ ਇਨ੍ਹਾਂ ਨੂੰ ਕੈਨੇਡਾ ਭਿਜਵਾਉਣ ਦਾ ਕੰਮ ਕਰਦਾ ਸੀ। ਪੱਛਮੀ ਟੈਕਸਸ ਜ਼ਿਲ੍ਹੇ ਦੇ ਅਟਾਰਨੀ ਦਫਤਰ ਮੁਤਾਬਕ ਹਰਸਿਮਰਨ ਧਾਲੀਵਾਲ ਵੱਲੋਂ ਆਸਟਿਨ ਇਲਾਕੇ ਵਿਚੋਂ ਖਰੀਦੀਆਂ ਦੋ ਪਸਤੌਲਾਂ ਨੂੰ ਕੈਨੇਡਾ ਵੱਲ ਕੀਤੀ ਜਾ ਰਹੀ ਤਸਕਰੀ ਨਾਲ ਜੋੜਿਆ ਗਿਆ।
ਕੈਨੇਡਾ ਵਿਚ ਰਹਿੰਦਾ ਸੀ ਹਰਸਿਮਰਨ ਧਾਲੀਵਾਲ
ਦੂਜੇ ਪਾਸੇ ਐਡਮਿੰਟਨ ਪੁਲਿਸ ਦੇ ਡ੍ਰਗਜ਼ ਐਂਗ ਗੈਂਗ ਯੂਨਿਟ ਵੱਲੋਂ ਨਵੰਬਰ 2022 ਵਿਚ ਸ਼ਹਿਰ ਦੇ ਇਕ ਘਰ’ਤੇ ਛਾਪਾ ਮਾਰਦਿਆਂ ਸੱਤ ਪਸਤੌਲਾਂ ਬਰਾਮਦ ਕੀਤੀਆਂ ਗਈਆਂ ਜਦਕਿ 9 ਲੱਖ 30 ਹਜ਼ਾਰ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਅਤੇ ਨਕਦੀ ਵੀ ਬਰਾਮਦ ਕੀਤੀ ਗਈ। ਐਡਮਿੰਟਨ ਪੁਲਿਸ ਦੇ ਛਾਪੇ ਤੋਂ ਬਾਅਦ ਹੀ ਹਰਸਿਮਰਨ ਧਾਲੀਵਾਲ ਦੀ ਪਛਾਣ ਕੀਤੀ ਜਾ ਸਕੀ ਅਤੇ ਉਸ ਤੋਂ ਇਲਾਵਾ 53 ਸਾਲ ਦੇ ਐਡਮ ਸਾਲਾਹ ਜੋਹਮਾ ਤੇ 34 ਸਾਲ ਦੇ ਇਕ ਹੋਰ ਸ਼ੱਕੀ ਵਿਰੁੱਧ ਕੁਲ 102 ਦੋਸ਼ ਆਇਦ ਕੀਤੇ ਗਏ। 34 ਸਾਲ ਦੇ ਸ਼ੱਕੀ ਦੀ ਪਛਾਣ ਜਨਤਕ ਨਾ ਕੀਤੀ ਗਈ ਕਿਉਂਕਿ ਛਾਪਾਮਾਰੀ ਵਾਲੇ ਘਰ ਵਿਚੋਂ ਇਕ ਬੱਚਾ ਵੀ ਮਿਲਿਆ ਜਿਸ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਉਠਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਹਰਸਿਮਰਨ ਧਾਲੀਵਾਲ ਨੇ ਹਥਿਆਰਾਂ ਦੀ ਤਸਕਰੀ ਦੌਰਾਨ ਸੈਂਕੜੇ ਹਥਿਆਰ ਕੈਨੇਡੀਅਨ ਅਪਰਾਧੀਆਂ ਨੂੰ ਵੇਚੇ। ਦੂਜੇ ਪਾਸੇ ਬਰੈਂਪਟਨ ਵਿਖੇ ਇਕ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਬਾਰੇ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ ਪੰਜਾਬੀ ਲਹਿਜ਼ੇ ਵਾਲੇ 25 ਤੋਂ 28 ਸਾਲ ਦੇ ਇਕ ਸ਼ੱਕੀ ਦਾ ਸਕੈਚ ਜਾਰੀ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 22 ਨਵੰਬਰ 2024 ਨੂੰ ਵਾਪਰੀ ਘਟਨਾ ਦੌਰਾਨ ਸ਼ੱਕੀ ਇਕ ਔਰਤ ਕੋਲ ਪੁੱਜਾ ਅਤੇ ਉਸ ਨੂੰ ਗੱਲਾਂ ਵਿਚ ਉਲਝਾ ਲਿਆ। ਇਸ ਦੌਰਾਨ ਸ਼ੱਕੀ ਨੇ ਔਰਤ ਨੂੰ ਕਈ ਵਾਰ ਆਪਣੇ ਨਾਲ ਚੱਲਣ ਵਾਸਤੇ ਵੀ ਆਖਿਆ ਪਰ ਔਰਤ ਵੱਲੋਂ ਨਾਂਹ ਕੀਤੇ ਜਾਣ ’ਤੇ ਸ਼ੱਕੀ ਨੇ ਔਰਤ ਨੂੰ ਜੱਫਾ ਪਾ ਲਿਆ।
ਬਰੈਂਪਟਨ ਵਿਖੇ ਅਗਵਾ ਦੇ ਮਾਮਲੇ ’ਚ ਸ਼ੱਕੀ ਦੀ ਭਾਲ ਰਹੀ ਪੁਲਿਸ
ਸ਼ੱਕੀ ਵੱਲੋਂ ਕਥਿਤ ਤੌਰ ’ਤੇ ਔਰਤ ਨੂੰ ਹਥਿਆਰ ਨਾਲ ਡਰਾਉਣ ਦਾ ਯਤਨ ਵੀ ਕੀਤਾ ਗਿਆ। ਇਸੇ ਦੌਰਾਨ ਪੀੜਤ 911 ’ਤੇ ਕਾਲ ਕਰਨ ਵਿਚ ਸਫ਼ਲ ਰਹੀ ਅਤੇ ਸ਼ੱਕੀ ਮੌਕਾ ਏ ਵਾਰਦਾਤ ਤੋਂ ਫਰਾਰ ਹੋਣ ਲਈ ਮਜਬੂਰ ਹੋ ਗਿਆ। ਪੁਲਿਸ ਮੁਤਾਬਕ ਸ਼ੱਕੀ ਕਾਲੇ ਰੰਗ ਦੀ ਹਿਊਂਡਈ ਇਲਾਂਟਰਾ ਵਿਚ ਫ਼ਰਾਰ ਹੋਇਆ ਜਿਸ ਦਾ ਕੱਦ ਪੰਜ ਫੁੱਟ 10 ਇੰਚ, ਰੰਗ ਪੱਕਾ ਅਤੇ ਸਰੀਰ ਪਤਲਾ ਹੈ ਜਦਕਿ ਛੋਟੇ ਕਾਲੇ ਘੁੰਗਰਾਲੇ ਵਾਲ, ਹਲਕੀ ਦਾੜ੍ਹੀ ਅਤੇ ਅੱਖਾਂ ਭੂਰੀਆਂ ਹਨ। ਜਾਂਚਕਰਤਾਵਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905 453 2121 ਐਕਸਟੈਨਸ਼ਨ 2233 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।