Gatka Championship: ਇੰਗਲੈਂਡ ਵਿੱਚ ਗਤਕੇ ਦਾ ਹੁਨਰ ਦਿਖਾਉਣਗੇ ਪੰਜਾਬੀ ਜਾਂਬਾਜ਼, ਯੂਕੇ ਦੇ ਇਸ ਸ਼ਹਿਰ ਵਿੱਚ ਹੋਵੇਗੀ ਚੈਂਪੀਅਨਸ਼ਿਪ

ਸੰਸਦ ਮੈਂਬਰ ਢੇਸੀ ਨੇ ਕੀਤੀ ਖ਼ਾਸ ਅਪੀਲ

Update: 2025-09-10 18:24 GMT

Gatka Championship In England: ਗੱਤਕਾ ਫੈਡਰੇਸ਼ਨ ਯੂਕੇ, ਵਰਲਡ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ 14 ਸਤੰਬਰ ਨੂੰ ਵੇਲਜ਼ ਦੇ ਸਵਾਨਸੀ ਸ਼ਹਿਰ ਦੇ ਬੇ ਸਪੋਰਟਸ ਪਾਰਕ ਵਿਖੇ 11ਵੀਂ ਯੂਕੇ ਗੱਤਕਾ ਚੈਂਪੀਅਨਸ਼ਿਪ ਦਾ ਆਯੋਜਨ ਕਰੇਗੀ। ਗੱਤਕਾ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ ਅਤੇ ਸ਼ਾਨਦਾਰ ਮੈਚ ਪੇਸ਼ ਕਰਨਗੀਆਂ।

ਵਰਲਡ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਸਾਲਾਨਾ ਮੁਕਾਬਲਾ ਨਾ ਸਿਰਫ਼ ਰਵਾਇਤੀ ਕਲਾ ਨੂੰ ਸ਼ਰਧਾਂਜਲੀ ਹੈ, ਸਗੋਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ, ਸਿੱਖ ਸੱਭਿਆਚਾਰ ਦੇ ਮਾਣ ਨੂੰ ਬਣਾਈ ਰੱਖਣ ਅਤੇ ਯੁੱਧ ਹੁਨਰ ਨੂੰ ਸੰਭਾਲਣ ਲਈ ਉਤਸ਼ਾਹਿਤ ਕਰਨ ਦਾ ਵੀ ਇੱਕ ਯਤਨ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਗੱਤਕੇ ਪ੍ਰਤੀ ਦਿਲਚਸਪੀ ਵੱਧ ਰਹੀ ਹੈ। ਸੰਸਦ ਮੈਂਬਰ ਅਤੇ ਗੱਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਤਨਮਨਜੀਤ ਸਿੰਘ ਢੇਸੀ, ਜੋ ਪਿਛਲੇ 12 ਸਾਲਾਂ ਤੋਂ ਚੈਂਪੀਅਨਸ਼ਿਪ ਦਾ ਆਯੋਜਨ ਕਰ ਰਹੇ ਹਨ, ਨੇ ਚੰਡੀਗੜ੍ਹ ਪਹੁੰਚ ਕੇ ਉਪਰੋਕਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਰਵਾਇਤੀ ਖੇਡ ਸਮਾਗਮ ਨੌਜਵਾਨਾਂ ਨੂੰ ਸਿੱਖ ਧਰਮ, ਸੱਭਿਆਚਾਰ ਅਤੇ ਸ਼ਾਨਦਾਰ ਇਤਿਹਾਸ ਨਾਲ ਜੋੜਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਸਿਹਤਮੰਦ, ਅਨੁਸ਼ਾਸਿਤ ਅਤੇ ਪ੍ਰੇਰਿਤ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਦੇ ਹਨ। ਹਰ ਸਾਲ ਇਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਗੱਤਕਾ ਸੋਟੀ ਅਤੇ ਫਰੀ-ਸੋਟੀ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਹੋਣਗੇ। ਇਸ ਦੇ ਨਾਲ ਹੀ ਗੱਤਕਾ ਖਿਡਾਰੀ ਜੰਗੀ ਤਕਨੀਕਾਂ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਕਰਨਗੇ। ਇਸ ਸਮਾਗਮ ਦੇ ਸਫਲ ਆਯੋਜਨ ਲਈ ਸਥਾਨਕ ਸਵਾਂਜੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦਾ ਪੂਰਾ ਸਹਿਯੋਗ ਮਿਲਿਆ ਹੈ।

ਐਮ.ਪੀ. ਢੇਸੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਹ ਖੇਡ ਸਮਾਗਮ ਸਾਰਿਆਂ ਲਈ ਖੁੱਲ੍ਹੇ ਹਨ। ਉਨ੍ਹਾਂ ਅਨੁਸਾਰ, ਇਹ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਯੋਗ ਹੈ ਕਿ ਗੱਤਕਾ (ਸੋਟੀ ਵਾਲੀ ਮਾਰਸ਼ਲ ਆਰਟ) ਪ੍ਰਾਚੀਨ ਸਿੱਖ ਮਾਰਸ਼ਲ ਆਰਟ ਦਾ ਇੱਕ ਅਨਿੱਖੜਵਾਂ ਅੰਗ ਹੈ। ਇਹ ਨਾ ਸਿਰਫ਼ ਲੜਾਈ ਦੇ ਹੁਨਰ, ਸਵੈ-ਰੱਖਿਆ ਅਤੇ ਸਵੈ-ਨਿਯੰਤਰਣ ਸਿਖਾਉਂਦਾ ਹੈ, ਸਗੋਂ ਨਿਰੰਤਰ ਚੁਸਤੀ, ਪੈਰਾਂ ਦੀਆਂ ਹਰਕਤਾਂ ਦੇ ਤਾਲਮੇਲ, ਤੰਦਰੁਸਤੀ, ਆਤਮਵਿਸ਼ਵਾਸ ਅਤੇ ਅਧਿਆਤਮਿਕਤਾ ਨਾਲ ਵੀ ਜੁੜਦਾ ਹੈ।

Tags:    

Similar News