ਅਮਰੀਕਾ ਵਿਚ ਜੇਲ ਅਫਸਰਾਂ ਨੇ ਕੁੱਟ ਕੁੱਟ ਕੇ ਮਾਰਿਆ ਕੈਦੀ!

ਅਮਰੀਕਾ ਦੇ ਨਿਊ ਯਾਰਕ ਸੂਬੇ ਦੀ ਇਕ ਜੇਲ ਵਿਚ ਪ੍ਰਿਜ਼ਨ ਗਾਰਡਜ਼ ਵੱਲੋਂ ਇਕ ਕੈਦੀ ਦਾ ਕਥਿਤ ਤੌਰ ’ਤੇ ਕੁੱਟ ਕੁੱਟ ਕੇ ਕਤਲ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ।

Update: 2024-12-28 09:30 GMT

ਨਿਊ ਯਾਰਕ : ਅਮਰੀਕਾ ਦੇ ਨਿਊ ਯਾਰਕ ਸੂਬੇ ਦੀ ਇਕ ਜੇਲ ਵਿਚ ਪ੍ਰਿਜ਼ਨ ਗਾਰਡਜ਼ ਵੱਲੋਂ ਇਕ ਕੈਦੀ ਦਾ ਕਥਿਤ ਤੌਰ ’ਤੇ ਕੁੱਟ ਕੁੱਟ ਕੇ ਕਤਲ ਕਰਨ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਓਨਾਈਡਾ ਕਾਊਂਟੀ ਦੀ ਮਾਰਸੀ ਕੁਰੈਕਸ਼ਨ ਫੈਸੀਲਿਟੀ ਵਿਖੇ 43 ਸਾਲ ਦੇ ਰੌਬਰਟ ਬਰੂਕਸ ਦੀ ਮੌਤ ਨਾਲ ਸਬੰਧਤ ਤਸਵੀਰਾਂ ਸ਼ੁੱਕਰਵਾਰ ਨੂੰ ਜਨਤਕ ਕਰ ਦਿਤੀਆਂ ਗਈਆਂ ਜਿਨ੍ਹਾਂ ਰਾਹੀਂ ਮਾਮਲਾ ਸਪੱਸ਼ਟ ਹੋ ਜਾਂਦਾ ਹੈ। ਨਿਊ ਯਾਰਕ ਦੀ ਗਵਰਨਰ ਕੈਥੀ ਹੋਚਲ ਮੁਤਾਬਕ 13 ਜੇਲ ਅਫ਼ਸਰਾਂ ਅਤੇ ਇਕ ਨਰਸ ਵਿਰੁੱਧ ਦੋਸ਼ ਲੱਗੇ ਹਨ ਜਿਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਵੇਗਾ।

ਨਿਊ ਯਾਰਕ ਵਿਚ ਵਾਪਰੀ ਘਟਨਾ ਦੀ ਵੀਡੀਓ ਹੋਈ ਜਨਤਕ

ਸੂਬੇ ਦੀ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਵੱਲੋਂ ਸ਼ੁੱਕਰਵਾਰ ਨੂੰ ਘਟਨਾ ਦੀ ਵੀਡੀਓ ਫੁਟੇਜ ਜਨਤਕ ਕੀਤੀ ਗਈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਰਹਿਮੀ ਨਾਲ ਬਰੂਕਸ ਦੇ ਚਿਹਰੇ ਅਤੇ ਵੱਖੀਆਂ ’ਤੇ ਵਾਰ ਕੀਤੇ ਜਾ ਰਹੇ ਹਨ। ਲੈਟੀਸ਼ੀਆ ਜੇਮਜ਼ ਨੇ ਕਿਹਾ ਕਿ ਪੂਰੀ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਵੀਡੀਓ ਜਨਤਕ ਕਰਨ ਦਾ ਫੈਸਲਾ ਲਿਆ ਗਿਆ। ਇਸ ਵਿਚਲੇ ਕੁਝ ਦ੍ਰਿਸ਼ ਦਿਲ ਦਹਿਲਾਉਣ ਵਾਲੇ ਵੀ ਮੰਨੇ ਜਾ ਸਕਦੇ ਹਨ ਪਰ ਲੋਕਾਂ ਸਾਹਮਣੇ ਮਾਮਲਾ ਲਿਆਉਣ ਵਾਸਤੇ ਇਹ ਜ਼ਰੂਰੀ ਹੋ ਗਿਆ। ਘਟਨਾ ਵੇਲੇ ਬਰੂਕਸ ਦੇ ਹਥਕੜੀਆਂ ਲੱਗੀਆਂ ਹੋਈਆਂ ਸਨ ਅਤੇ ਉਹ ਆਪਣਾ ਬਚਾਅ ਵੀ ਨਹੀਂ ਸੀ ਕਰ ਸਕਦਾ। ਕੁਟਮਾਰ ਦੌਰਾਨ ਉਸ ਨੂੰ ਇਕ ਮੇਜ਼ ’ਤੇ ਸੁੱਟ ਦਿਤਾ ਜਾਂਦਾ ਹੈ ਅਤੇ ਉਹ ਬੇਹੋਸ਼ ਹੋ ਜਾਂਦਾ ਤਾਂ ਇਕ ਅਫਸਰ ਉਸ ਦੇ ਗਿੱਟਿਆਂ ਨੂੰ ਹਿਲਾਉਂਦਾ ਹੈ।

ਗਵਰਨਰ ਵੱਲੋੀ ਮਾਮਲੇ ਦੀ ਪੜਤਾਲ ਦੇ ਹੁਕਮ

ਹੈਰਾਨੀ ਇਸ ਗੱਲ ਦੀ ਹੈ ਕਿ ਮੌਕੇ ’ਤੇ ਮੌਜੂਦ ਕੁਝ ਪ੍ਰਿਜ਼ਨ ਗਾਰਡ ਤਮਾਸ਼ਾ ਵੇਖਦੇ ਰਹੇ ਅਤੇ ਆਪਣੇ ਸਾਥੀਆਂ ਨੂੰ ਕੈਦੀ ਦੀ ਕੁੱਟਮਾਰ ਕਰਨ ਤੋਂ ਹਟਾਉਣ ਦਾ ਯਤਨ ਨਾ ਕੀਤਾ। ਬੁਰੀ ਤਰ੍ਹਾਂ ਜ਼ਖਮੀ ਬਰੂਕਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਅਗਲੀ ਸਵੇਰ ਉਸ ਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵਿਚ ਆਵਾਜ਼ ਸ਼ਾਮਲ ਨਹੀਂ ਕਿਉਂਕਿ ਕੁਝ ਬੌਡੀ ਕੈਮਰਾਜ਼ ਅਫ਼ਸਰਾਂ ਵੱਲੋਂ ਐਕਟੀਵੇਟ ਨਹੀਂ ਕੀਤੇ ਗਏ ਸਨ। ਉਧਰ ਨਿਊ ਯਾਰਕ ਸਟੇਟ ਸ਼ੈਰਿਫਜ਼ ਐਸੋਸੀਏਸ਼ਨ ਦੇ ਪ੍ਰਧਾਨ ਕ੍ਰੇਗ ਡੁਮੰਡ ਨੇ ਕਿਹਾ ਕਿ ਘਟਨਾ ਬਾਰੇ ਸੁਣ ਕੇ ਵੱਡਾ ਝਟਕਾ ਲੱਗਾ। ਕਿਸੇ ਮਨੁੱਖ ਨਾਲ ਅਜਿਹਾ ਵਤੀਰਾ ਬਿਲਕੁਲ ਨਹੀਂ ਕੀਤਾ ਜਾ ਸਕਦਾ। ਅਤਿ ਦਰਜੇ ਦੀ ਜ਼ਾਲਮਾਨਾ ਹਰਕਤ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸੇ ਦੌਰਾਨ ਗਵਰਨਰ ਕੈਥੀ ਹੋਚਲ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਹੁਕਮ ਦਿਤੇ ਗਏ ਹਨ।

Tags:    

Similar News