ਚੋਣਾਵੀ ਦੌੜ ਤੋਂ ਬਾਹਰ ਹੋ ਸਕਦੇ ਨੇ ਰਾਸ਼ਟਰਪਤੀ ਜੋਅ ਬਾਇਡਨ

ਅਮਰੀਕਾ ਵਿਚ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋ ਸਕਦੇ ਨੇ। ਦਰਅਸਲ ਇਹ ਖ਼ਬਰ ਕੁੱਝ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ;

Update: 2024-07-07 08:11 GMT

ਵਾਸ਼ਿੰਗਟਨ : ਅਮਰੀਕਾ ਵਿਚ 5 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਵਿਚ ਕਿਹਾ ਜਾ ਰਿਹਾ ਏ ਕਿ ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋ ਸਕਦੇ ਨੇ। ਦਰਅਸਲ ਇਹ ਖ਼ਬਰ ਕੁੱਝ ਦਿਨ ਪਹਿਲਾਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਇਡਨ ਵਿਚਾਲੇ ਹੋਈ ਪ੍ਰੈਜੀਡੈਂਸ਼ੀਅਲ ਬਹਿਸ ਵਿਚ ਪਿਛੜ ਜਾਣ ਤੋਂ ਬਾਅਦ ਸਾਹਮਣੇ ਆਈ ਐ। ਇਸ ਤੋਂ ਇਲਾਵਾ ਜੋਅ ਬਾਇਡਨ ਦੀ ਉਮਰ ਵੀ ਚੋਣਾਵੀ ਦੌੜ ਤੋਂ ਬਾਹਰ ਹੋਣ ਦਾ ਇਕ ਕਾਰਨ ਹੋ ਸਕਦੀ ਐ।

ਮੌਜੂਦਾ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੀ ਦੌੜ ਤੋਂ ਬਾਹਰ ਹੋ ਸਕਦੇ ਨੇ ਕਿਉਂਕਿ ਪਿਛਲੇ ਦਿਨੀਂ ਡੋਨਾਲਡ ਟਰੰਪ ਨਾਲ ਹੋਈ ਪ੍ਰੈਜੀਡੈਂਸ਼ੀਅਲ ਬਹਿਸ ਦੌਰਾਨ ਉਹ ਪਿਛੜ ਗਏ ਸੀ। ਰਾਸ਼ਟਰਪਤੀ ਜੋਅ ਬਾਇਡਨ ਅਤੇ ਹੋਰ ਰਾਜਾਂ ਦੇ ਗਵਰਨਰਾਂ ਨਾਲ ਹਾਲ ਹੀ ਵਿਚ ਹੋਈ ਇਕ ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਹਵਾਈ ਦੇ ਗਵਰਨਰ ਜੋਸ਼ ਗ੍ਰੀਨ ਨੇ ਆਖਿਆ ਕਿ ਬਾਇਡਨ ਇਕ ਦੋ ਦਿਨਾਂ ਦੇ ਅੰਦਰ ਇਹ ਫ਼ੈਸਲਾ ਲੈਣਗੇ ਕਿ ਉਨ੍ਹਾਂ ਨੇ ਰਾਸ਼ਟਰਪਤੀ ਚੋਣ ਮੁਕਾਬਲੇ ਵਿਚ ਬਣੇ ਰਹਿਣਾ ਹੈ ਜਾਂ ਨਹੀਂ।

ਗ੍ਰੀਨ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਏ ਕਿ ਜੇਕਰ ਬਾਇਡਨ ਚੋਣਾਵੀ ਦੌੜ ਤੋਂ ਬਾਹਰ ਹੋਣ ਦਾ ਫ਼ੈਸਲਾ ਲੈਂਦੇ ਨੇ ਤਾਂ ਉਹ ਚੋਣ ਮੈਦਾਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਸਥਾਨ ’ਤੇ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਾਮਜ਼ਦ ਕਰ ਸਕਦੇ ਨੇ। ਉਨ੍ਹਾ ਆਖਿਆ ਕਿ ਜੇਕਰ ਰਾਸ਼ਟਰਪਤੀ ਨੂੰ ਇਹ ਲਗਦਾ ਏ ਕਿ ਉਹ ਅਸਲ ਵਿਚ ਚੋਣ ਜਿੱਤ ਨਹੀਂ ਸਕਣਗੇ ਤਾਂ ਉਹ ਦੌੜ ਤੋਂ ਬਾਹਰ ਹੋ ਜਾਣਗੇ। ਗ੍ਰੀਨ ਨੇ ਆਖਿਆ ਕਿ ਸਾਨੂੰ ਸੰਭਾਵਿਤ ਇਕ ਦੋ ਦਿਨਾਂ ਦੇ ਅੰਦਰ ਇਹ ਪਤਾ ਚੱਲ ਜਾਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਜੋਅ ਬਾਇਡਨ ਦੇ ਕੀ ਵਿਚਾਰ ਨੇ।

ਉਂਝ ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਇਡਨ ਕਈ ਵਾਰ ਆਖ ਚੁੱਕੇ ਨੇ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖ਼ਿਲਾਫ਼ ਮੁਕਾਬਲੇ ਵਿਚ ਬਣੇ ਰਹਿਣਗੇ ਪਰ ਬੀਤੇ ਦਿਨੀਂ ਉਹ ਪ੍ਰੈਜੀਡੈਂਸ਼ੀਅਲ ਬਹਿਸ ਦੌਰਾਨ ਡੋਨਾਲਪ ਦਾ ਸਹੀ ਤਰੀਕੇ ਨਾਲ ਮੁਕਾਬਲਾ ਨਹੀਂ ਕਰ ਸਕੇ, ਜਿਸ ਕਰਕੇ ਉਨ੍ਹਾਂ ਦੇ ਚੋਣ ਲੜਨ ’ਤੇ ਕਈ ਤਰ੍ਹਾਂ ਸਵਾਲ ਉਠਣੇ ਸ਼ੁਰੂ ਹੋ ਗਏ ਨੇ।

ਦੱਸ ਦਈਏ ਕਿ ਰਾਸ਼ਟਰਪਤੀ ਅਹੁਦੇ ਦੀ ਚੋਣ ਪ੍ਰਕਿਰਿਆ ਤਹਿਤ ਅਟਲਾਂਟਾ ਵਿਚ ਬੀਤੇ 27 ਜੂਨ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਹੋਈ ਬਹਿਸ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ 81 ਸਾਲਾ ਬਾਇਡਨ ਦੀ ਲੋਕਪ੍ਰਿਯਤਾ ਰੇਟਿੰਗ ਡਿੱਗ ਗਈ ਐ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਦੇ ਕੁੱਝ ਨੇਤਾਵਾਂ ਨੇ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਦੀ ਬੇਨਤੀ ਕਰਨੀ ਸ਼ੁਰੂ ਕਰ ਦਿੱਤੀ ਐ ਪਰ ਦੇਖਣਾ ਹੋਵੇਗਾ ਕਿ ਹੁਣ ਇਸ ਨੂੰ ਲੈ ਕੇ ਉਹ ਆਪਣਾ ਕੀ ਫ਼ੈਸਲਾ ਸੁਣਾਉਂਦੇ ਨੇ।

Tags:    

Similar News