America ਵਿਚ Population ਵਧਣ ਦੀ ਰਫ਼ਤਾਰ ਹੇਠਲੇ ਪੱਧਰ ’ਤੇ ਆਈ
ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਅਤੇ ਨਵੇਂ ਪ੍ਰਵਾਸੀਆਂ ਦੀ ਆਮਦ ਵਿਚ ਆਈ ਖੜੋਤ ਦੇ ਮੱਦੇਨਜ਼ਰ ਅਮਰੀਕਾ ਦੀ ਆਬਾਦੀ ਵਿਚ ਸਿਰਫ਼ 18 ਲੱਖ ਦਾ ਵਾਧਾ ਹੋ ਸਕਿਆ ਹੈ
ਵਾਸ਼ਿੰਗਟਨ : ਟਰੰਪ ਸਰਕਾਰ ਵੱਲੋਂ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਅਤੇ ਨਵੇਂ ਪ੍ਰਵਾਸੀਆਂ ਦੀ ਆਮਦ ਵਿਚ ਆਈ ਖੜੋਤ ਦੇ ਮੱਦੇਨਜ਼ਰ ਅਮਰੀਕਾ ਦੀ ਆਬਾਦੀ ਵਿਚ ਸਿਰਫ਼ 18 ਲੱਖ ਦਾ ਵਾਧਾ ਹੋ ਸਕਿਆ ਹੈ। ਜੀ ਹਾਂ, ਮਰਦਮ ਸ਼ੁਮਾਰੀ ਬਿਊਰੋ ਦੇ ਅੰਕੜਿਆਂ ਮੁਤਾਬਕ ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਅਮਰੀਕਾ ਦੀ ਵਸੋਂ 0.5 ਫ਼ੀ ਸਦੀ ਵਧੀ ਅਤੇ ਮੌਜੂਦਾ ਵਰ੍ਹੇ ਦੌਰਾਨ ਵਾਧਾ ਮਾਇਨਸ ਵਿਚ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪ੍ਰਵਾਸੀਆਂ ਦੀ ਵਸੋਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਵਿਚ 13 ਲੱਖ ਦਾ ਵਾਧਾ ਹੋਇਆ ਜਦਕਿ ਜੁਲਾਈ 2023 ਤੋਂ ਜੁਲਾਈ 2024 ਦਰਮਿਆਨ 27 ਲੱਖ ਦਾ ਵਾਧਾ ਦਰਜ ਕੀਤਾ ਗਿਆ। ਸੈਨਸਸ ਬਿਊਰੋ ਦਾ ਮੰਨਣਾ ਹੈ ਕਿ ਇੰਮੀਗ੍ਰੇਸ਼ਨ ਵਿਚ ਕਟੌਤੀ ਦਾ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ ਜੁਲਾਈ 2026 ਤੱਕ ਪ੍ਰਵਾਸੀਆਂ ਦੀ ਆਬਾਦੀ ਵਿਚ ਵਾਧੇ ਦੀ ਰਫ਼ਤਾਰ ਘਟ ਕੇ 3 ਲੱਖ 21 ਹਜ਼ਾਰ ’ਤੇ ਆ ਸਕਦੀ ਹੈ। ਦਿਲਚਸਪ ਤੱਥ ਇਹ ਹੈ ਕਿ ਬੀਤੇ 50 ਵਰਿ੍ਹਆਂ ਤੋਂ ਲਗਾਤਾਰ ਅਮਰੀਕਾ ਵਿਚ ਪ੍ਰਵਾਸੀਆਂ ਦੀ ਵਸੋਂ ਵਧ ਰਹੀ ਹੈ ਪਰ ਟਰੰਪ ਸਰਕਾਰ ਦੇ ਤੀਜੇ ਵਰ੍ਹੇ ਵਿਚ ਦਾਖਲ ਹੋਣ ਮਗਰੋਂ ਕੁਝ ਹਜ਼ਾਰ ਤੱਕ ਸੀਮਤ ਹੋ ਕੇ ਰਹਿ ਸਕਦੀ ਹੈ।
ਇੰਮੀਗ੍ਰੇਸ਼ਨ ਨੀਤੀਆਂ ਨੇ ਪ੍ਰਵਾਸੀਆਂ ਲਈ ਦਰਵਾਜ਼ੇ ਕੀਤੇ ਬੰਦ
ਸੈਂਟਰ ਫ਼ੌਰ ਇੰਮੀਗ੍ਰੇਸ਼ਨ ਸਟੱਡੀਜ਼ ਦੇ ਰੀਸਰਚ ਡਾਇਰੈਕਟਰ ਸਟੀਵਨ ਕੈਮਰੌਟਾ ਦਾ ਕਹਿਣਾ ਸੀ ਕਿ ਬਾਇਡਨ ਸਰਕਾਰ ਅਤੇ ਟਰੰਪ ਸਰਕਾਰ ਦਾ ਇੰਮੀਗ੍ਰੇਸ਼ਨ ਬਾਰੇ ਨਜ਼ਰੀਆ ਬਿਲਕੁਲ ਵੱਖੋ ਵੱਖਰਾ ਹੈ ਅਤੇ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨਾ ਵੀ ਅਮਰੀਕਾ ਦੀ ਵਸੋਂ ਵਿਚ ਵਾਧੇ ਨੂੰ ਰੋਕ ਰਿਹਾ ਹੈ। ਦੂਜੇ ਪਾਸੇ ਪਿਊ ਰੀਸਰਚ ਸੈਂਟਰ ਵਿਚ ਨਸਲ ਅਤੇ ਸਭਿਆਚਾਰਕ ਪਿਛੋਕੜ ਮਾਮਲਿਆਂ ਦੇ ਡਾਇਰੈਕਟਰ ਮਾਰਕ ਹਿਊਗੋ ਲੋਪੇਜ਼ ਨੇ ਵੀ ਮੰਨਿਆ ਕਿ ਇੰਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਕਰ ਕੇ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਕੌਮਾਂਤਰੀ ਹਾਲਾਤ ਵੀ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ। ਅਮਰੀਕਾ ਵਿਚ ਜਨਮ ਦਰ ਦਾ ਜ਼ਿਕਰ ਕੀਤਾ ਜਾਵੇ ਇਸ ਵਿਚ ਕਈ ਦਹਾਕਿਆਂ ਤੋਂ ਕਮੀ ਆ ਰਹੀ ਹੈ ਪਰ ਪ੍ਰਵਾਸੀਆਂ ਨਾਲ ਆਮਦ ਨਾਲ ਕਿਸੇ ਹੱਦ ਤੱਕ ਭਰਪਾਈ ਹੋ ਜਾਂਦੀ। ਹੁਣ ਬਗੈਰ ਪ੍ਰਵਾਸੀਆਂ ਤੋਂ ਤੇਜ਼ ਵਾਧਾ ਹੋਣ ਦੇ ਆਸਾਰ ਖ਼ਤਮ ਹੋ ਚੁੱਕੇ ਹਨ।
ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਸਿਰਫ਼ 18 ਲੱਖ ਦਾ ਵਾਧਾ
ਜੁਲਾਈ 2024 ਤੋਂ ਜੁਲਾਈ 2025 ਦਰਮਿਆਨ ਅਮਰੀਕਾ ਵਿਚ ਮਰਨ ਵਾਲੇ ਲੋਕਾਂ ਦੇ ਮੁਕਾਬਲੇ ਜੰਮਣ ਵਾਲਿਆਂ ਦੀ ਗਿਣਤੀ 5 ਲੱਖ 19 ਹਜ਼ਾਰ ਵੱਧ ਦਰਜ ਕੀਤੀ ਗਈ ਜੋ ਇਸ ਤੋਂ ਪਿਛਲੇ ਸਾਲ ਦੇ ਤਕਰੀਬਨ ਬਰਾਬਰ ਬਣਦੀ ਹੈ ਪਰ ਸਾਲ 2017 ਦੇ ਹਿਸਾਬ ਨਾਲ ਬਹੁਤ ਘੱਟ ਹੈ ਜਦੋਂ ਮਰਨ ਵਾਲਿਆਂ ਦੇ ਮੁਕਾਬਲੇ ਜੰਮਣ ਵਾਲਿਆਂ ਦਾ ਅੰਕੜਾ 11 ਲੱਖ ਵੱਧ ਦਰਜ ਕੀਤਾ ਗਿਆ। ਹੁਣ ਨਫ਼ੇ-ਨੁਕਸਾਨ ਦੀ ਗੱਲ ਕੀਤੀ ਜਾਵੇ ਕੁਝ ਲੋਕ ਵਸੋਂ ਵਿਚ ਆਈ ਕਮੀ ਨੂੰ ਚੰਗਾ ਸੰਕੇਤ ਮੰਨ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਘਰਾਂ ਦੀਆਂ ਕੀਮਤਾਂ ਵਿਚ ਕਮੀ ਆਵੇਗੀ ਅਤੇ ਪੌਣ-ਪਾਣੀ ਨੂੰ ਸਾਫ਼ ਰੱਖਿਆ ਜਾ ਸਕਦਾ ਹੈ ਪਰ ਕਾਰੋਬਾਰੀਆਂ ਨੂੰ ਕਿਰਤੀ ਲੱਭਣ ਵਿਚ ਦਿੱਕਤਾਂ ਆ ਰਹੀਆਂ ਹਨ। ਨਵੇਂ ਪ੍ਰਵਾਸੀਆਂ ਦੀ ਆਮਦ ਤਕਰੀਬਨ ਠੱਪ ਹੋ ਚੁੱਕੀ ਹੈ ਅਤੇ ਪੁਰਾਣਿਆਂ ਵਿਚੋਂ ਗੈਰਕਾਨੂੰਨੀ ਪ੍ਰਵਾਸੀ ਡਿਪੋਰਟ ਕੀਤੇ ਜਾ ਰਹੇ ਹਨ। ਅਮਰੀਕਾ ਦੇ ਹਰ ਸੂਬੇ ਵਿਚ ਵਸੋਂ ਵਧਣ ਦੀ ਰਫ਼ਤਾਰ ਘੱਟ ਹੋਈ ਹੈ ਪਰ ਵਰਮੌਂਟ, ਕੈਲੇਫੋਰਨੀਆ, ਵੈਸਟ ਵਰਜੀਨੀਆ ਅਤੇ ਨਿਊ ਮੈਕਸੀਕੋ ਵਰਗੇ ਰਾਜਾਂ ਵਿਚ ਆਬਾਦੀ ਵਿਚ ਗਿਰਾਵਟ ਦਰਜ ਕੀਤੀ ਗਈ। ਇਸ ਦੇ ਉਲਟ ਸਾਊਥ ਕੈਰੋਲਾਈਨਾ ਵਿਖੇ 1.5 ਫ਼ੀ ਸਦੀ ਰਫ਼ਤਾਰ ਨਾਲ ਵਸੋਂ ਵਿਚ ਵਾਧਾ ਹੋਇਆ ਜੋ ਕੌਮੀ ਔਸਤ ਤੋਂ ਤਿੰਨ ਗੁਣਾ ਬਣਦਾ ਹੈ।