ਇਸ ਪਿੰਡ ਵਿਚ ਹੁੰਦੀ ਐ ਜ਼ਹਿਰੀਲੇ ਸੱਪਾਂ ਦੀ ਖੇਤੀ
ਲੋਕਾਂ ਵੱਲੋਂ ਵੱਡੀ ਪੱਧਰ ’ਤੇ ਜ਼ਹਿਰੀਲੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਐ, ਜਿਨ੍ਹਾਂ ਵਿਚ ਕਿੰਗ ਕੋਬਰਾ, ਵਾਈਪਰ ਅਤੇ ਰੈਟਲ ਸਟੇਕ ਵਰਗੇ ਖ਼ਤਰਨਾਕ ਸੱਪ ਸ਼ਾਮਲ ਨੇ। ਇਨ੍ਹਾਂ ਕਿਸਾਨਾਂ ਵੱਲੋਂ ਇਨ੍ਹਾਂ ਖ਼ਤਰਨਾਕ ਸੱਪਾਂ ਨੂੰ ਪਾਲ਼ਿਆ ਜਾਂਦਾ ਏ ਅਤੇ ਫਿਰ ਉਨ੍ਹਾਂ ਦਾ ਪ੍ਰਜਨਨ ਕਰਵਾਇਆ ਜਾਂਦਾ ਏ।;
ਬੀਜਿੰਗ : ਭਾਰਤ ਖੇਤੀ ਪ੍ਰਧਾਨ ਦੇਸ਼ ਐ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਖੇਤੀਬਾੜੀ ਦਾ ਧੰਦਾ ਕੀਤਾ ਜਾਂਦਾ ਏ ਪਰ ਹੁਣ ਬਹੁਤ ਸਾਰੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਦਾ ਧੰਦਾ ਵੀ ਕਰਦੇ ਨੇ ਪਰ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਦੁਨੀਆ ਵਿਚ ਇਕ ਅਜਿਹਾ ਦੇਸ਼ ਵੀ ਐ, ਜਿੱਥੇ ਜ਼ਹਿਰੀਲੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਐ, ਜਿਸ ਤੋਂ ਕਰੋੜਾਂ ਰੁਪਏ ਦਾ ਕਾਰੋਬਾਰ ਕੀਤਾ ਜਾਂਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕਿਵੇਂ ਕੀਤੀ ਜਾਂਦੀ ਐ ਸੱਪਾਂ ਦੀ ਖੇਤੀ ਅਤੇ ਕੀ ਐ ਇਹ ਖ਼ਤਰਨਾਕ ਖੇਤੀ ਕਰਨ ਵਾਲੇ ਦੇਸ਼ ਦਾ ਨਾਮ?
ਭਾਰਤ ਵਿਚ ਜ਼ਿਆਦਾਤਰ ਲੋਕਾਂ ਦਾ ਮੁੱਖ ਧੰਦਾ ਖੇਤੀਬਾੜੀ ਐ ਪਰ ਅੱਜਕੱਲ੍ਹ ਬਹੁਤ ਸਾਰੇ ਕਿਸਾਨ ਖੇਤੀ ਦੇ ਨਾਲ ਨਾਲ ਘੋੜੇ, ਮੱਝਾਂ, ਗਾਂਵਾਂ, ਸੂਰ, ਬੱਕਰੀਆਂ, ਖ਼ਰਗੋਸ਼ ਪਾਲਣ ਦਾ ਕੰਮ ਵੀ ਕਰ ਰਹੇ ਨੇ। ਉਂਝ ਵਿਸ਼ਵ ਭਰ ਵਿਚਲੇ ਕਿਸਾਨਾਂ ਵੱਲੋਂ ਜ਼ਿਆਦਾਤਰ ਖੇਤੀ ਦੇ ਨਾਲ ਨਾਲ ਇਹੀ ਸਹਾਇਕ ਜਾਂ ਮੁੱਖ ਧੰਦੇ ਵਜੋਂ ਅਪਣਾਏ ਜਾ ਰਹੇ ਨੇ ਪਰ ਭਾਰਤ ਦਾ ਗੁਆਂਢੀ ਮੁਲਕ ਚੀਨ ਇਕ ਅਜਿਹਾ ਦੇਸ਼ ਐ, ਜਿੱਥੋਂ ਦੇ ਲੋਕ ਆਮ ਰਵਾਇਤੀ ਖੇਤੀ ਦੇ ਨਾਲ ਨਾਲ ਜ਼ਹਿਰੀਲੇ ਸੱਪਾਂ ਦੀ ਖੇਤੀ ਕਰਦੇ ਨੇ, ਜਿਸ ਤੋਂ ਇਨ੍ਹਾਂ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਐ।
ਦਰਅਸਲ ਚੀਨ ਵਿਚ ਜਿਸਕਿਆਓ ਨਾਂਅ ਦਾ ਇਕ ਪਿੰਡ ਐ, ਜਿੱਥੋਂ ਦੇ ਲੋਕਾਂ ਵੱਲੋਂ ਵੱਡੀ ਪੱਧਰ ’ਤੇ ਜ਼ਹਿਰੀਲੇ ਸੱਪਾਂ ਦੀ ਖੇਤੀ ਕੀਤੀ ਜਾਂਦੀ ਐ, ਜਿਨ੍ਹਾਂ ਵਿਚ ਕਿੰਗ ਕੋਬਰਾ, ਵਾਈਪਰ ਅਤੇ ਰੈਟਲ ਸਟੇਕ ਵਰਗੇ ਖ਼ਤਰਨਾਕ ਸੱਪ ਸ਼ਾਮਲ ਨੇ। ਇਨ੍ਹਾਂ ਕਿਸਾਨਾਂ ਵੱਲੋਂ ਇਨ੍ਹਾਂ ਖ਼ਤਰਨਾਕ ਸੱਪਾਂ ਨੂੰ ਪਾਲ਼ਿਆ ਜਾਂਦਾ ਏ ਅਤੇ ਫਿਰ ਉਨ੍ਹਾਂ ਦਾ ਪ੍ਰਜਨਨ ਕਰਵਾਇਆ ਜਾਂਦਾ ਏ। ਇਕ ਅੰਦਾਜ਼ੇ ਦੇ ਮੁਤਾਬਕ ਇਸ ਪਿੰਡ ਵਿਚ ਹਰ ਸਾਲ ਕਰੀਬ 30 ਲੱਖ ਤੋਂ ਜ਼ਿਆਦਾ ਸੱਪ ਪੈਦਾ ਕੀਤੇ ਜਾਂਦੇ ਨੇ।
ਜਾਣਕਾਰੀ ਅਨੁਸਾਰ ਚੀਨ ਵਿਚ ਸੱਪ ਪਾਲਣ ਦਾ ਇਕ ਖ਼ਾਸ ਤਰੀਕਾ ਇਜ਼ਾਦ ਕੀਤਾ ਗਿਆ ਏ। ਜਦੋਂ ਸੱਪ ਆਂਡੇ ਦੇ ਦਿੰਦੇ ਨੇ ਤਾਂ ਉਨ੍ਹਾਂ ਨੂੰ ਲੱਕੜੀ ਅਤੇ ਸ਼ੀਸ਼ਿਆਂ ਦੇ ਛੋਟੇ ਡੱਬਿਆਂ ਵਿਚ ਰੱਖ ਦਿੱਤਾ ਜਾਂਦਾ ਏ ਤਾਂ ਜੋ ਦੂਜੇ ਸੱਪ ਇਨ੍ਹਾਂ ਆਂਡਿਆਂ ਨੂੰ ਖਾ ਨਾ ਸਕਣ। ਇਸ ਤੋਂ ਬਾਅਦ ਜਦੋਂ ਆਂਡਿਆਂ ਵਿਚੋਂ ਸੱਪ ਪੈਦਾ ਹੋ ਜਾਂਦੇ ਨੇ ਅਤੇ ਥੋੜ੍ਹੇ ਵੱਡੇ ਹੋ ਜਾਂਦੇ ਨੇ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਮੁਤਾਬਕ ਵੱਖ ਵੱਖ ਬਾੜਿਆਂ ਵਿਚ ਛੱਡ ਦਿੱਤਾ ਜਾਂਦਾ ਏ। ਇਸ ਪਿੰਡ ਵਿਚ ਸੱਪਾਂ ਦੀ ਖੇਤੀ ਕਰਨ ਵਾਲੇ ਲੋਕਾਂ ਨੇ ਵੱਖ ਵੱਖ ਬਾੜੇ ਬਣਾਏ ਹੋਏ ਨੇ, ਜਿੱਥੇ ਛੋਟੀ ਉਚਾਈ ਵਾਲੇ ਰੁੱਖ ਲੱਗੇ ਹੁੰਦੇ ਨੇ। ਇਨ੍ਹਾਂ ਰੁੱਖਾਂ ਦੇ ਉਪਰ ਫ਼ਲ ਅਤੇ ਸਬਜ਼ੀਆਂ ਵਾਂਗ ਸੈਂਕੜੇ ਸੱਪ ਲਟਕਦੇ ਰਹਿੰਦੇ ਨੇ। ਫਿਰ ਉਨ੍ਹਾਂ ਸੱਪਾਂ ਨੂੰ ਖਾਣ ਵਾਸਤੇ ਉਥੇ ਡੱਡੂ, ਚੂਹੇ ਅਤੇ ਹੋਰ ਕੀੜਿਆਂ ਨੂੰ ਛੱਡਿਆ ਜਾਂਦਾ ਏ, ਜਿਨ੍ਹਾਂ ਨੂੰ ਖਾ ਕੇ ਸੱਪ ਆਪਣਾ ਪੇਟ ਭਰ ਲੈਂਦੇ ਨੇ।
ਜਾਣਕਾਰਾਂ ਦੇ ਅਨੁਸਾਰ ਪਿੰਡ ਵਿਚ ਕਰੀਬ 170 ਪਰਿਵਾਰ ਰਹਿੰਦੇ ਨੇ ਜੋ ਹਰੇਕ ਸਾਲ ਕਰੀਬ 30 ਲੱਖ ਤੋਂ ਵੱਧ ਸੱਪਾਂ ਦੀ ਪੈਦਾਵਾਰ ਕਰਦੇ ਨੇ। ਵੱਡੇ ਹੋਣ ’ਤੇ ਇਨ੍ਹਾਂ ਸੱਪਾਂ ਨੂੰ ਦੇਸ਼ ਦੀ ਐਨੀਮਲ ਫੂਡ ਮਾਰਕਿਟ ਵਿਚ ਵੇਚ ਦਿੱਤਾ ਜਾਦਾ ਏ, ਜਿੱਥੇ ਆਮ ਲੋਕ ਇਨ੍ਹਾਂ ਸੱਪਾਂ ਨੂੰ ਖਾਣ ਵਾਸਤੇ ਖਰੀਦ ਕੇ ਲੈ ਜਾਂਦੇ ਨੇ। ਚੀਨ ਵਿਚ ਹਜ਼ਾਰਾਂ ਸਾਲਾਂ ਤੋਂ ਇਕ ਰਵਾਇਤੀ ਮੈਡੀਕਲ ਵਿਧੀ ਪ੍ਰਚਲਿਤ ਐ, ਜਿਸ ਤਹਿਤ ਸੱਪ ਦੇ ਜ਼ਹਿਰ ਤੋਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਜਾਂਦਾ ਏ। ਇਸ ਦੇ ਲਈ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਕੱਢ ਕੇ ਉਸ ਨੂੰ ਦਵਾਈ ਦੇ ਤੌਰ ’ਤੇ ਵਰਤਿਆ ਜਾਂਦਾ ਏ। ਯਾਨੀ ਕਿ ਜਿੱਥੇ ਇਹ ਕਿਸਾਨ ਸੱਪ ਵੇਚ ਕੇ ਕਮਾਈ ਕਰ ਲੈਂਦੇ ਨੇ, ਉਥੇ ਹੀ ਸੱਪਾਂ ਦਾ ਜ਼ਹਿਰ ਵੀ ਵੱਖਰੇ ਤੌਰ ’ਤੇ ਵੇਚਿਆ ਜਾਂਦਾ ਏ ਜੋ ਕਾਫ਼ੀ ਮਹਿੰਗਾ ਵਿਕਦਾ ਏ।
ਸੋ ਕਹਿਣ ਸੁਣਨ ਨੂੰ ਭਾਵੇਂ ਸੱਪਾਂ ਦੀ ਖੇਤੀ ਕਰਨਾ ਬੇਹੱਦ ਅਟਪਟਾ ਲਗਦਾ ਹੋਵੇ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੱਪਾਂ ਦੇ ਇਸ ਕਾਰੋਬਾਰ ਨਾਲ ਚੀਨ ਨੂੰ ਹਰ ਸਾਲ ਕਰੋੜਾਂ ਅਰਬਾਂ ਰੁਪਏ ਦਾ ਫ਼ਾਇਦਾ ਹੁੰਦਾ ਏ ਕਿਉਂਕਿ ਸੱਪਾਂ ਦਾ ਮਾਸ, ਜ਼ਹਿਰ ਅਤੇ ਦੰਦਾਂ ਤੋਂ ਬਣੇ ਪ੍ਰੋਡਕਟ ਗੁਆਂਢੀ ਦੇਸ਼ ਜਪਾਨ, ਵਿਅਤਨਾਮ, ਥਾਈਲੈਂਡ, ਫਿਲੀਪੀਨਸ ਵਰਗੇ ਦੇਸ਼ਾਂ ਵਿਚ ਵੀ ਸਪਲਾਈ ਕੀਤੇ ਜਾਂਦੇ ਨੇ, ਜਿਸ ਨਾਲ ਚੀਨ ਨੂੰ ਭਾਰੀ ਮਾਤਰਾ ਵਿਚ ਵਿਦੇਸ਼ੀ ਕਰੰਸੀ ਹਾਸਲ ਹੁੰਦੀ ਐ।
ਤੁਹਾਨੂੰ ਦੱਸ ਦਈਏ ਕਿ ਰੇਸ਼ਮ ਦੇ ਕੀੜਿਆਂ ਤੋਂ ਰੇਸ਼ਮ ਤਿਆਰ ਕਰਨ ਦਾ ਕਾਰੋਬਾਰ ਵੀ ਚੀਨ ਤੋਂ ਆਇਆ ਸੀ ਜੋ ਇਸ ਸਮੇਂ ਭਾਰਤ ਵਿਚ ਕਾਫ਼ੀ ਜ਼ਿਆਦਾ ਵਧ ਫੁੱਲ ਰਿਹਾ ਏ ਪਰ ਭਾਰਤੀ ਲੋਕਾਂ ਨੇ ਸੱਪਾਂ ਦੀ ਖੇਤੀ ਨੂੰ ਕਿਉਂ ਨਹੀਂ ਅਪਣਾਇਆ, ਜਦਕਿ ਇਸ ਵਿਚੋਂ ਚੀਨੀ ਲੋਕ ਕਰੋੜਾਂ ਰੁਪਏ ਦਾ ਮੁਨਾਫ਼ਾ ਕਮਾ ਰਹੇ ਨੇ।
ਸੋ ਸੱਪਾਂ ਦੀ ਖੇਤੀ ਬਾਰੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਜ਼ਰੂਰ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ