ਮਿਲ ਗਿਆ ਪਲਾਸਟਿਕ ਖਾਣ ਵਾਲਾ ਫੰਗਸ! ਪਲਾਸਟਿਕ ਕਚਰੇ ਦਾ ਹੋਊ ਪੱਕਾ ਹੱਲ?
ਵਿਗਿਆਨੀਆਂ ਨੂੰ ਐਮਾਜ਼ੋਨ ਦੇ ਜੰਗਲਾਂ ਵਿਚੋਂ ਇਕ ਅਜਿਹਾ ਫੰਗਸ ਮਿਲਿਆ ਏ, ਜੋ ਪਲਾਸਟਿਕ ਨੂੰ ਖਾਂਦਾ ਹੈ। ਪਲਾਸਟਿਕ ਦੇ ਵਧ ਰਹੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਉਣ ਦੀ ਦਿਸ਼ਾ ਵਿਚ ਇਸ ਫੰਗਸ ਦੀ ਖੋਜ ਨੂੰ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਏ।
ਇਕਵਾਡੋਰ : ਪਲਾਸਟਿਕ ਬਾਰੇ ਅਸੀਂ ਸਾਰੇ ਹੀ ਜਾਣਦੇ ਆਂ ਕਿ ਇਹ ਨਾ ਤਾਂ ਸੜਦਾ ਹੈ ਅਤੇ ਨਾ ਗਲਦੈ,,, ਅੱਜ ਜਿਵੇਂ ਹੈ, ਸਾਲਾਂ ਬਾਅਦ ਵੀ ਓਵੇਂ ਹੀ ਮਿਲੇਗਾ। ਜ਼ਮੀਨ ਤੋਂ ਲੈ ਕੇ ਸਮੁੰਦਰ ਤੱਕ ਪਲਾਸਟਿਕ ਦਾ ਕਚਰਾ ਇਨਸਾਨਾਂ ਅਤੇ ਜਾਨਵਰਾਂ ਲਈ ਵੱਡੀ ਮੁਸੀਬਤ ਦਾ ਸਬਬ ਬਣਿਆ ਹੋਇਆ ਏ,,, ਪਰ ਹੁਣ ਵਿਗਿਆਨੀਆਂ ਨੂੰ ਐਮਾਜ਼ੋਨ ਦੇ ਜੰਗਲਾਂ ਵਿਚੋਂ ਇਕ ਅਜਿਹਾ ਫੰਗਸ ਮਿਲਿਆ ਏ, ਜੋ ਪਲਾਸਟਿਕ ਨੂੰ ਖਾਂਦਾ ਹੈ। ਪਲਾਸਟਿਕ ਦੇ ਵਧ ਰਹੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਉਣ ਦੀ ਦਿਸ਼ਾ ਵਿਚ ਇਸ ਫੰਗਸ ਦੀ ਖੋਜ ਨੂੰ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿਵੇਂ ਹੋਈ ਇਸ ਫੰਗਸ ਦੀ ਖੋਜ ਅਤੇ ਕੀ ਐ ਇਸ ਦਾ ਨਾਮ?
ਅਸੀਂ ਸਾਰੇ ਪਲਾਸਟਿਕ ਦੀਆਂ ਵਸਤੂਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਆਂ ਕਿ ਇਨ੍ਹਾਂ ਤੋਂ ਬਣੀਆਂ ਚੀਜ਼ਾਂ ਇੰਨੀਆਂ ਮਜ਼ਬੂਤ ਹੁੰਦੀਆਂ ਨੇ ਕਿ ਜਿਨ੍ਹਾਂ ਨੂੰ ਤੋੜਨਾ ਨਾ ਕਿਸੇ ਕੈਮਕੀਲ ਦੇ ਵੱਸ ਦੀ ਗੱਲ ਐ ਅਤੇ ਨਾ ਹੀ ਬੈਕਟੀਰੀਆ ਦੇ। ਨਾ ਇਹ ਪਾਣੀ ਵਿਚ ਨਸ਼ਟ ਹੁੰਦੇ ਨੇ ਅਤੇ ਨਾ ਹੀ ਅੱਗ ਨਾਲ। ਇਨ੍ਹਾਂ ਦੇ ਅਣੂਆਂ ਨੂੰ ਤੋੜਨਾ ਮੁਸ਼ਕਲ ਹੀ ਨਹੀਂ ਬਲਕਿ ਨਾਮੁਮਕਿਨ ਹੁੰਦਾ ਏ,, ਪਰ ਹੁਣ ਵਿਗਿਆਨੀਆਂ ਨੂੰ ਇਕ ਅਜਿਹਾ ਫੰਗਸ ਲੱਭਿਆ ਹੈ ਜੋ ਪਲਾਸਟਿਕ ਨੂੰ ਖਾਂਦਾ ਹੈ,, ਯਾਨੀ ਕਿ ਉਸ ਫੰਗਸ ਦਾ ਭੋਜਨ ਪਲਾਸਟਿਕ ਐ, ਜਿਸ ਦਾ ਕਚਰਾ ਮੌਜੂਦਾ ਸਮੇਂ ਮਨੁੱਖ ਅਤੇ ਹੋਰ ਜੀਵ ਜੰਤੂਆਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਏ।
ਅਸਲ ਮੁੱਦੇ ਵੱਲ ਵਧਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਹ ਜਾਣ ਲੈਨੇ ਆਂ ਕਿ ਆਖ਼ਰਕਾਰ ਫੰਗਸ ਹੁੰਦਾ ਕੀ ਐ? ਦਰਅਸਲ ਫੰਗਸ ਨੂੰ ਹਿੰਦੀ ਵਿਚ ਕਵਕ ਕਿਹਾ ਜਾਂਦੈ ਜੋ ਦੇਖਣ ਵਿਚ ਭਾਵੇਂ ਛੋਟੇ ਹੁੰਦੇ ਨੇ ਪਰ ਅਸਲ ਵਿਚ ਇਹ ਰੁੱਖਾਂ ਦੇ ਵੱਡੇ ਭਰਾ ਨੇ। ਯਾਨੀ ਅਰਬਾਂ ਸਾਲ ਪਹਿਲਾਂ ਜਦੋਂ ਧਰਤੀ ’ਤੇ ਰੁੱਖ ਵੀ ਨਹੀਂ ਆਏ ਸਨ, ਉਦੋਂ ਵੀ ਇਹ ਧਰਤੀ ’ਤੇ ਮੌਜੂਦ ਸਨ। ਧਰਤੀ ਲੋਕ ’ਤੇ ਫੰਗਸ ਦਾ ਹੀ ਰਾਜ ਹੁੰਦਾ ਸੀ,,, ਰੁੱਖ ਤਾਂ 70 ਕਰੋੜ ਸਾਲ ਪਹਿਲਾਂ ਹੀ ਧਰਤੀ ’ਤੇ ਆਏ ਨੇ।
ਉਂਝ ਫੰਗਸ ਤੋਂ ਅਸੀਂ ਸਾਰੇ ਕੁੱਝ ਕੁੱਝ ਜਾਣੂ ਵੀ ਆਂ,, ਜਿਹੜੇ ਮਸ਼ਰੂਮ ਨੂੰ ਅਸੀਂ ਬੜੇ ਚਾਵਾਂ ਨਾਲ ਖਾਨੇ ਆਂ, ਉਹ ਵੀ ਇਕ ਫੰਗਸ ਹੀ ਹੁੰਦੇ ਨੇ। ਆਸਾਨ ਭਾਸ਼ਾ ਵਿਚ ਇਸ ਨੂੰ ਇਵੇਂ ਸਮਝੋ ਕਿ ਇਹ ਨਾ ਤਾਂ ਰੁੱਖ ਹੁੰਦੇ ਨੇ ਅਤੇ ਨਾ ਹੀ ਜਾਨਵਰ,,, ਇਹ ਇਕ ਵੱਖਰੀ ਹੀ ਪ੍ਰਜਾਤੀ ਐ ਅਤੇ ਅਕਸਰ ਨਮੀ ਵਾਲੀਆਂ ਥਾਵਾਂ ’ਤੇ ਉਗਦੇ ਨੇ। ਗਲ਼ੀਆਂ ਸੜੀਆਂ ਚੀਜ਼ਾਂ ਨੂੰ ਖਾ ਕੇ ਜ਼ਿੰਦਾ ਰਹਿੰਦੇ ਨੇ। ਇੰਨਾ ਹੀ ਨਹੀਂ, ਇਹ ਆਪਣੇ ਐਂਜ਼ਾਈਮ ਨਾਲ ਕੂੜੇ ਵੀ ਪੌਸ਼ਟਿਕ ਬਣਾਉਣ ਦੀ ਸਮਰੱਥਾ ਰੱਖਦੇ ਨੇ।
ਅਜਿਹਾ ਹੀ ਇਕ ਫੰਗਸ ਅਮਰੀਕਾ ਦੀ ਯੇਲ ਯੂਨੀਵਰਸਿਟੀ ਦੇ ਕੁੱਝ ਵਿਦਿਆਰਥੀਆਂ ਨੇ ਇਕਵਾਡੋਰ ਵਿਚ ਖੋਜਿਆ ਏ। ਇਕਵਾਡੋਰ ਦੱਖਣੀ ਅਮਰੀਕੀ ਮਹਾਂਦੀਪ ਦਾ ਇਕ ਛੋਟਾ ਜਿਹਾ ਦੇਸ਼ ਐ ਜੋ ਪੇਰੂ, ਕੰਲੰਬੀਆ, ਬ੍ਰਾਜ਼ੀਲ ਅਤੇ ਸਮੁੰਦਰ ਦੇ ਨਾਲ ਘਿਰਿਆ ਹੋਇਆ ਏ। ਐਮਾਜ਼ੋਨ ਦੇ ਵਿਸ਼ਾਲ ਜੰਗਲ ਦਾ ਕੁੱਝ ਹਿੱਸਾ ਇਸ ਦੇਸ਼ ਵਿਚ ਵੀ ਪੈਂਦਾ ਏ। ਇਨ੍ਹਾਂ ਹੀ ਜੰਗਲਾਂ ਵਿਚੋਂ ਖੋਜ ਦੇ ਦੌਰਾਨ ਯੇਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਕ ਅਜ਼ੀਬੋ ਗ਼ਰੀਬ ਫੰਗਸ ਮਿਲਿਆ, ਜਿਸ ਨੂੰ ਉਹ ਆਪਣੀ ਲੈਬ ਵਿਚ ਲਿਆਏ। ਜਦੋਂ ਇਸ ਫੰਗਸ ’ਤੇ ਡੂੰਘਾਈ ਨਾਲ ਖੋਜ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਹ ਫੰਗਸ ਤਾਂ ਪਲਾਸਟਿਕ ਨੂੰ ਵੀ ਖਾ ਸਕਦਾ ਏ। ਵਾਕਈ ਇਹ ਤੱਥ ਦੁਨੀਆ ਦੇ ਭਰ ਦੇ ਉਨ੍ਹਾਂ ਖੋਜੀਆਂ ਦੇ ਲਈ ਵੱਡੀ ਖ਼ੁਸ਼ੀ ਵਾਲਾ ਸੀ ਜੋ ਪਲਾਸਟਿਕ ਕਚਰੇ ਦਾ ਹੱਲ ਕਰਨ ਦੀਆਂ ਖੋਜਾਂ ਵਿਚ ਲੱਗੇ ਹੋਏ ਨੇ।
ਵਿਗਿਆਨੀਆਂ ਵੱਲੋਂ ਇਸ ਫੰਗਸ ਨੂੰ ਪੈਸਟਾਲੋਟੀਆ ਪੋਸਿਸ ਮਾਈਕ੍ਰੋ ਸਪੋਰਾ ਦਾ ਨਾਮ ਦਿੱਤਾ ਗਿਆ ਏ। ਖੋਜ ਕਰਨ ਵਾਲੇ ਲੋਕ ਤਾਂ ਉਦੋਂ ਹੈਰਾਨ ਹੋ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਇਹ ਫੰਗਸ ਸਭ ਤੋਂ ਹਾਰਡ ਪਲਾਸਟਿਕ ਨੂੰ ਵੀ ਪਚਾ ਜਾਂਦਾ ਹੈ, ਉਹ ਵੀ ਸਿਰਫ਼ ਦੋ ਹਫ਼ਤਿਆਂ ਦੇ ਅੰਦਰ। ਇਹ ਅਜਿਹੇ ਪਲਾਸਟਿਕ ਦੀ ਪਰਤ ਨੂੰ ਡੇਢ ਤੋਂ 3 ਸੈਂਟੀਮੀਟਰ ਤੱਕ ਖਾ ਜਾਵੇਗਾ ਅਤੇ ਇਸ ਦੀ ਇਕ ਹੋਰ ਖ਼ਾਸ ਗੱਲ ਇਹ ਐ ਕਿ ਇਸ ਨੂੰ ਜ਼ਿੰਦਾ ਰਹਿਣ ਲਈ ਨਾ ਤਾਂ ਹਵਾ ਦੀ ਲੋੜ ਐ ਅਤੇ ਨਾ ਹੀ ਰੌਸ਼ਨੀ ਦੀ,,, ਬਸ ਹਨ੍ਹੇਰਾ ਅਤੇ ਖਾਣ ਨੂੰ ਪਲਾਸਟਿਕ ਮਿਲ ਜਾਵੇ,,, ਇਸ ਦੀ ਮਸਤ ਜ਼ਿੰਦਗੀ ਲਈ ਇਹੀ ਕਾਫ਼ੀ ਐ। ਖੋਜ ਦੌਰਾਨ ਵਿਗਿਆਨੀਆਂ ਨੇ ਪਾਇਆ ਕਿ ਇਹ ਫੰਗਸ ‘ਸੀਰੀਨ ਹਆਈਡ੍ਰੋਲੇਸ’ ਨਾਂਅ ਦਾ ਐਂਜ਼ਾਈਮ ਰਿਲੀਜ਼ ਕਰਦੇ ਨੇ ਜੋ ਅਖੰਡ ਪਲਾਸਟਿਕ ਦੇ ਅਣੂਆਂ ਨੂੰ ਵੀ ਤੋੜ ਕੇ ਰੱਖ ਦਿੰਦਾ ਏ ਅਤੇ ਦੇਖਦੇ ਹੀ ਦੇਖਦੇ ਪੂਰਾ ਪਲਾਸਟਿਕ ਡਿਕੰਪੋਜ ਹੋ ਜਾਂਦਾ ਹੈ।
ਉਂਝ ਮਾਈਕ੍ਰੋਸਪੋਰਾ ਹੀ ਇਕ ਅਜਿਹਾ ਫੰਗਸ ਨਹੀਂ ਐ ਜੋ ਪਲਾਸਟਿਕ ਨੂੰ ਖਾ ਲੈਂਦਾ ਹੈ,, ਪਿਛਲੇ ਸਾਲ ਅਗਸਤ ਮਹੀਨੇ ਜਰਮਨੀ ਦੇ ਵਿਗਿਆਨੀਆਂ ਵੱਲੋਂ ਵੀ ਅਜਿਹਾ ਹੀ ਇਕ ਫੰਗਸ ਖੋਜਿਆ ਗਿਆ ਸੀ। ਜਾਣਕਾਰੀ ਅਨੁਸਾਰ ਜਰਮਨੀ ਦੇ ਉਤਰ ਪੂਰਬੀ ਹਿੱਸੇ ਵਿਚ ਇਕ ਸਟੇਖਲਿਨ ਝੀਲ ਐ, ਜਿੱਥੇ ਵਿਗਿਆਨੀਆਂ ਨੂੰ ਕੁੱਝ ਛੋਟੇ ਫੰਗਸ ਦਿਖਾਈ ਦਿੱਤੇ ਸੀ ਜੋ ਸਿਰਫ਼ ਪਲਾਸਟਿਕ ਖਾ ਕੇ ਜ਼ਿੰਦਾ ਰਹਿ ਸਕਦੇ ਸੀ। ਵਿਗਿਆਨੀਆਂ ਨੇ ਅਜਿਹੇ 18 ਤਰ੍ਹਾਂ ਦੇ ਫੰਗਸ ’ਤੇ ਪ੍ਰਯੋਗ ਕੀਤਾ, ਜਿਨ੍ਹਾਂ ਵਿਚੋਂ 4 ਨੇ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਪਲਾਸਟਿਕ ਖਾਧਾ। ਫੋਮ ਬਣਾਉਣ ਵਾਲੇ ਪਾਲੀਥੂਰੇਥੇਨ ਨੂੰ ਖਾਣ ਵਿਚ ਇਹ ਫੰਗਸ ਕਾਫ਼ੀ ਤੇਜ਼ ਸੀ ਪਰ ਪਲਾਸਟਿਕ ਬੈਗ ਵਾਲੇ ਪਾਲੀਐਥਲੀਨ ਨੂੰ ਖਾਣ ਵਿਚ ਉਨ੍ਹਾਂ ਨੂੰ ਕਾਫ਼ੀ ਮਿਹਨਤ ਕਰਨੀ ਪਈ। ਜਰਮਨੀ ਦੇ ਵਿਗਿਆਨੀ ਹਾਂਸ ਪੀਟਰ ਦਾ ਕਹਿਣਾ ਏ ਕਿ ਅੱਜਕੱਲ੍ਹ ਵਾਤਾਵਰਣ ਵਿਚ ਇੰਨਾ ਜ਼ਿਆਦਾ ਪਲਾਸਟਿਕ ਹੋ ਗਿਆ ਏ ਕਿ ਇਨ੍ਹਾਂ ਫੰਗਸ ਨੇ ਹੁਣ ਉਹੀ ਖਾਣਾ ਸਿੱਖ ਲਿਆ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਪਲਾਸਟਿਕ ਪ੍ਰਦੂਸ਼ਣ ਨੇ ਪੂਰੀ ਦੁਨੀਆ ਦੇ ਨੱਕ ਵਿਚ ਦਮ ਕੀਤਾ ਹੋਇਆ ਏ। ਇਕ ਰਿਪੋਰਟ ਦੇ ਮੁਤਾਬਕ ਦੁਨੀਆ ਵਿਚ ਹਰ ਸਾਲ ਕਰੀਬ 380 ਮਿਲੀਅਨ ਟਨ ਪਲਾਸਟਿਕ ਬਣਦਾ ਹੈ, ਜਿਸ ਵਿਚੋਂ 40 ਫ਼ੀਸਦੀ ਸਿਰਫ਼ ਇਕ ਵਾਰ ਵਰਤੋਂ ਕੀਤਾ ਜਾਂਦੈ ਅਤੇ ਫਿਰ ਸੁੱਟ ਦਿੱਤਾ ਜਾਂਦਾ ਹੈ। ਪਲਾਸਟਿਕ ਕਚਰੇ ਦਾ 91 ਫ਼ੀਸਦੀ ਹਿੱਸਾ ਕਦੇ ਰਿਸਾਈਕਲ ਨਹੀਂ ਹੁੰਦਾ। ਇਹ ਕਚਰੇ ਦੇ ਢੇਰਾਂ ਵਿਚ ਜਾਂ ਫਿਰ ਸਮੁੰਦਰ ਵਿਚ ਚਲਾ ਜਾਂਦਾ ਹੈ।
ਫਿਰ ਸਰਕਾਰ ਅਜਿਹਾ ਕਿਉਂ ਨਹੀਂ ਕਰਦੀ ਕਿ ਪਲਾਸਟਿਕ ਖਾਣ ਵਾਲੇ ਫੰਗਸ ਦੀ ਪੈਦਾਵਾਰ ਵਧਾਏ ਅਤੇ ਵਧ ਰਹੇ ਪਲਾਸਟਿਕ ਕਚਰੇ ਦਾ ਖਾਤਮਾ ਕਰੇ। ਇਸ ਨੂੰ ਲੈ ਕੇ ਜਰਮਨ ਵਿਗਿਆਨੀ ਹਾਂਸ ਪੀਟਰ ਗ੍ਰੇਸਾਰਟ ਦਾ ਕਹਿਣਾ ਏ ਕਿ ਅਜਿਹੇ ਫੰਗਸ ਦੀ ਵਰਤੋਂ ਸੀਵੇਜ਼ ਟ੍ਰੀਟਮੈਂਟ ਪਲਾਂਟ ਵਰਗੀਆਂ ਥਾਵਾਂ ’ਤੇ ਤਾਂ ਕੀਤੀ ਜਾ ਸਕਦੀ ਐ, ਜਿੱਥੇ ਹਾਲਾਤ ਕਾਬੂ ਵਿਚ ਹੁੰਦੇ ਨੇ ਪਰ ਇਹ ਪੂਰੀ ਦੁਨੀਆ ਵਿਚ ਫੈਲੇ ਪਲਾਸਟਿਕ ਕਚਰੇ ਨੂੰ ਰੋਕਣ ਦਾ ਕੋਈ ਵੱਡਾ ਹੱਲ ਨਹੀਂ,, ਇਸ ਲਈ ਜ਼ਰੂਰੀ ਇਹ ਐ ਕਿ ਅਸੀਂ ਕੋਸ਼ਿਸ਼ ਕਰੀਏ ਕਿ ਜਿੰਨ ਹੋ ਸਕੇ, ਪਲਾਸਟਿਕ ਓਨਾ ਹੀ ਵਾਤਾਵਰਣ ਵਿਚ ਘੱਟ ਸੁੱਟੀਏ।
ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਅਤੇ ਟਿੱਪਣੀ ਸਾਂਝੀ ਕਰੋ। ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ