ਹਵਾਈ ਅੱਡੇ ’ਤੇ ਉਤਰਦਿਆਂ ਹੀ ਜਹਾਜ਼ ਨੂੰ ਲੱਗੀ ਅੱਗ
ਹਵਾਈ ਅੱਡੇ ’ਤੇ ਉਤਰਦਿਆਂ ਹੀ ਮੁਸਾਫਰਾਂ ਨਾਲ ਭਰੇ ਜਹਾਜ਼ ਨੂੰ ਅੱਗ ਲੱਗ ਗਈ ਅਤੇ ਹੰਗਾਮੀ ਹਾਲਾਤ ਵਿਚ ਤਕਰੀਬਨ 100 ਜਣਿਆਂ ਨੂੰ ਬਚਾਇਆ ਗਿਆ।
ਅੰਕਾਰਾ : ਹਵਾਈ ਅੱਡੇ ’ਤੇ ਉਤਰਦਿਆਂ ਹੀ ਮੁਸਾਫਰਾਂ ਨਾਲ ਭਰੇ ਜਹਾਜ਼ ਨੂੰ ਅੱਗ ਲੱਗ ਗਈ ਅਤੇ ਹੰਗਾਮੀ ਹਾਲਾਤ ਵਿਚ ਤਕਰੀਬਨ 100 ਜਣਿਆਂ ਨੂੰ ਬਚਾਇਆ ਗਿਆ। ਦਿਲ ਦਹਿਲਾਉਣ ਵਾਲੇ ਹਾਦਸੇ ਦੌਰਾਨ ਕੁਝ ਪਲਾਂ ਦੀ ਦੇਰ ਵੱਡੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਸੀ। ਤੁਰਕੀ ਦੇ ਅੰਤਾਲਿਆ ਹਵਾਈ ਅੱਡੇ ’ਤੇ ਇਹ ਹਾਦਸਾ ਰੂਸੀ ਜਹਾਜ਼ ਸੁਖੋਈ ਸੁਪਰਜੈਟ ਨਾਲ ਵਾਪਰਿਆ ਜਿਸ ਵਿਚ 89 ਮੁਸਾਫਰ ਅਤੇ 10 ਕਰੂ ਮੈਂਬਰ ਸਵਾਰ ਸਨ। ਹਵਾਈ ਅੱਡੇ ’ਤੇ ਉਤਰਨ ਦੌਰਾਨ ਇਸ ਦੇ ਖੱਬੇ ਵਿਚ ਇੰਜਣ ਵਿਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਅਤੇ ਇਸੇ ਦੌਰਾਨ ਹਵਾਈ ਅੱਡੇ ’ਤੇ ਤੈਨਾਤ ਐਮਰਜੰਸੀ ਕਾਮੇ ਹਰਕਤ ਵਿਚ ਆ ਗਏ। ਮੁਸਾਫਰਾਂ ਦੇ ਉਤਰਨ ਵਾਲਾ ਮੁੱਖ ਦਰਵਾਜ਼ੇ ਨੇੜੇ ਅੱਗ ਦੀਆਂ ਲਾਟਾਂ ਨੂੰ ਵੇਖਦਿਆਂ ਐਮਰਜੰਸੀ ਗੇਟ ਖੋਲਿ੍ਹਆ ਗਿਆ ਅਤੇ ਸਲਾਈਡ ਕਰਦੇ ਮੁਸਾਫਰ ਹਵਾਈ ਜਹਾਜ਼ ਤੋਂ ਸੁਰੱਖਿਅਤ ਦੂਰੀ ਤੱਕ ਲਿਜਾਏ ਗਏ।
ਚਮਤਕਾਰੀ ਤਰੀਕੇ ਨਾਲ ਬਚੀ 100 ਜਣਿਆਂ ਦੀ ਜਾਨ
ਤੁਰਕੀ ਦੇ ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਦੱਸਿਆ ਕਿ ਜਹਾਜ਼ ਦੇ ਪਾਇਲਟ ਵੱਲੋਂ ਸਮਾਂ ਰਹਿੰਦਿਆਂ ਐਮਰਜੰਸੀ ਕਾਲ ਕਰ ਦਿਤੀ ਗਈ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰ ਹਵਾਈ ਪੱਟੀ ਨੇੜੇ ਪੁੱਜ ਗਏ। ਦੂਜੇ ਪਾਸੇ ਅਜ਼ੇਮਥ ਏਅਰਲਾਈਨਜ਼ ਦੇ ਜਹਾਜ਼ ਵਿਚ ਸਵਾਰ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਪ੍ਰਬੰਧ ਵੀ ਕੀਤੇ ਗਏ। ਟ੍ਰਾਂਸਪੋਰਟੇਸ਼ਨ ਮੰਤਰਾਲੇ ਨੇ ਦੱਸਿਆ ਕਿ ਬਚਾਅ ਕਾਰਜਾਂ ਦੌਰਾਨ ਕੋਈ ਮੁਸਾਫ਼ਰ ਜ਼ਖਮੀ ਨਹੀਂ ਹੋਇਆ ਅਤੇ ਜਲਦ ਹੀ ਅੱਗ ਵੀ ਬੁਝਾ ਦਿਤੀ ਗਈ। ਹਾਦਸੇ ਨੂੰ ਵੇਖਦਿਆਂ ਹਵਾਈ ਅੱਡੇ ’ਤੇ ਆਵਾਜਾਈ ਨੂੰ ਕੁਝ ਘੰਟੇ ਵਾਸਤੇ ਰੋਕ ਦਿਤਾ ਗਿਆ। ਉਧਰ ਅਜ਼ੇਮਥ ਏਅਰਲਾਈਨਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੌਸਮ ਦੀ ਖਰਾਬੀ ਕਾਰਨ ਜਹਾਜ਼ ਲੈਂਡ ਕਰਵਾਉਣ ਵਿਚ ਦਿੱਕਤ ਆਈ ਅਤੇ ਇਸੇ ਦੌਰਾਨ ਖੱਬੇ ਇੰਜਣ ਵਿਚ ਚੰਗਿਆੜੇ ਨਿਕਲਣੇ ਸ਼ੁਰੂ ਹੋ ਗਏ। ਇਸੇ ਦੌਰਾਨ ਰੂਸ ਦੇ ਫੈਡਰਲ ਐਵੀਏਸ਼ਨ ਅਥਾਰਿਟੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਰੂਸ ਮੁਸਾਫਰ ਜਹਾਜ਼ਾਂ ਦੀ ਕਿੱਲਤ ਨਾਲ ਜੂਝ ਰਿਹਾ ਹੈ ਜੋ 2022 ਵਿਚ ਯੂਕਰੇਨ ’ਤੇ ਹਮਲੇ ਮਗਰੋਂ ਪੱਛਮੀ ਮੁਲਕਾਂ ਵੱਲੋਂ ਲਾਗੂ ਕੀਤੀਆਂ ਗਈਆਂ। ਹਾਦਸੇ ਦਾ ਸ਼ਿਕਾਰ ਬਣਿਆ ਜਹਾਜ਼ ਸੱਤ ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ ਅਤੇ ਇਸ ਤੋਂ ਪਹਿਲਾਂ ਕਦੇ ਕੋਈ ਵੱਡੀ ਸਮੱਸਿਆ ਨਹੀਂ ਆਈ।