ਅਮਰੀਕਾ ’ਚੋਂ ਲੱਖਾਂ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ਦਾ ਖੁਲਾਸਾ
ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਟਰੰਪ ਵੱਲੋਂ ਨਾਮਜ਼ਦ ਬਾਰਡਰ ਜ਼ਾਰ ਟੌਮ ਹੋਮਨ ਦੀ ਜ਼ਾਲਮਾਨਾ ਯੋਜਨਾ ਸਾਹਮਣੇ ਆ ਚੁੱਕੀ ਹੈ।
ਵਾਸ਼ਿੰਗਟਨ : ਅਮਰੀਕਾ ਵਿਚੋਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਟਰੰਪ ਵੱਲੋਂ ਨਾਮਜ਼ਦ ਬਾਰਡਰ ਜ਼ਾਰ ਟੌਮ ਹੋਮਨ ਦੀ ਜ਼ਾਲਮਾਨਾ ਯੋਜਨਾ ਸਾਹਮਣੇ ਆ ਚੁੱਕੀ ਹੈ। ਜੀ ਹਾਂ, ਹੋਮਨ ਦੀ ਯੋਜਨਾ ਤਹਿਤ ਬੱਚਿਆਂ ਸਣੇ ਪਰਵਾਰਾਂ ਨੂੰ ਫੜ ਕੇ ਡਿਟੈਨਸ਼ਨ ਸੈਂਟਰਾਂ ਵਿਚ ਰੱਖਿਆ ਜਾਵੇਗਾ ਅਤੇ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਸਾਰੇ ਜਣੇ ਸਬੰਧਤ ਮੁਲਕ ਵੱਲ ਰਵਾਨਾ ਕਰ ਦਿਤੇ ਜਾਣਗੇ। ‘ਵਾਸ਼ਿੰਗਟਨ ਪੋਸਟ’ ਨਾਲ ਗੱਲਬਾਤ ਕਰਦਿਆਂ ਟੌਮ ਹੋਮਨ ਨੇ ਕਿਹਾ, ‘‘ਅਸੀਂ ਅਮਰੀਕਾ ਵਾਸੀਆਂ ਨੂੰ ਦਿਖਾਵਾਂਗੇ ਕਿ ਵੱਡੇ ਪੱਧਰ ’ਤੇ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਕੁਝ ਵੀ ਮਨੁੱਖਤਾ ਵਿਰੁੱਧ ਨਹੀਂ ਹੈ।
ਬੱਚਿਆਂ ਸਣੇ ਪਰਵਾਰਾਂ ਨੂੰ ਡਿਟੈਨਸ਼ਨ ਸੈਂਟਰਾਂ ਵਿਚ ਤੁੰਨਿਆ ਜਾਵੇਗਾ
ਅਸੀਂ ਅਮਰੀਕਾ ਵਾਸੀਆਂ ਦਾ ਭਰੋਸਾ ਨਹੀਂ ਗੁਆ ਸਕਦੇ।’’ ਹੋਮਨ ਦੀ ਯੋਜਨਾ ਸਾਹਮਣੇ ਆਉਣ ਮਗਰੋਂ ਇਸ ਦਾ ਤਿੱਖਾ ਵਿਰੋਧ ਵੀ ਸ਼ੁਰੂ ਹੋ ਗਿਆ ਅਤੇ ਪ੍ਰਵਾਸੀਆਂ ਨੂੰ ਡਿਟੈਨਸ਼ਨ ਸੈਂਟਰਾਂ ਵਿਚ ਤੁੰਨੇ ਜਾਣ ਦੀ ਤੁਲਨਾ ਨਾਜ਼ੀ ਕੈਂਪਾਂ ਨਾਲ ਕੀਤੀ ਜਾਣ ਲੱਗੀ। ਲੋਕ ਪੁੱਛਣ ਲੱਗੇ ਕਿ ਡਿਟੈਨਸ਼ਨ ਸੈਂਟਰਾਂ ਦੀ ਉਸਾਰੀ ’ਤੇ ਕਿੰਨੀ ਰਕਮ ਖਰਚ ਕੀਤੀ ਜਾਵੇਗੀ ਅਤੇ ਕੀ ਹੋਮਨ ਆਪਣੀਆਂ ਨਿਜੀ ਜੇਲਾਂ ਵਿਚ ਤੁੰਨੇ ਜਾਣ ਵਾਲੇ ਪ੍ਰਵਾਸੀਆਂ ਦੀ ਅਸਲ ਗਿਣਤੀ ਬਾਰੇ ਦੱਸ ਸਕਦੇ ਹਨ। ਇਹ ਕੋਈ ਸਰਕਾਰੀ ਕੰਮ ਨਹੀਂ ਬਲਕਿ ਅਪਰਾਧਕ ਸਰਗਰਮੀਆਂ ਦਾ ਹਿੱਸਾ ਜ਼ਿਆਦਾ ਹੋਵੇਗਾ। ਇਥੇ ਦਸਣਾ ਬਣਦਾ ਹੈ ਕਿ ਜੋਅ ਬਾਇਡਨ ਨੇ ਸੱਤਾ ਸੰਭਾਲਣ ਮਗਰੋਂ ਡਿਟੈਨਸ਼ਨ ਸੈਂਟਰ ਬੰਦ ਕਰਵਾ ਦਿਤੇ ਸਨ ਪਰ ਹੋਮਨ ਨੇ ਦਲੀਲ ਦਿਤੀ ਕਿ ਉਹ ਪਰਵਾਰਾਂ ਨੂੰ ਤੋੜਨ ਦਾ ਕੰਮ ਨਹੀਂ ਕਰਨਗੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਮੌਜੂਦ ਮਾਪਿਆਂ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਇਥੇ ਜੰਮੇ ਆਪਣੇ ਬੱਚੇ ਨਾਲ ਲਿਜਾ ਸਕਣ।
ਟਰੰਪ ਦੇ ਬਾਰਡਰ ਜ਼ਾਰ ਨੇ ਦੱਸੇ ਡਿਪੋਰਟੇਸ਼ਨ ਯੋਜਨਾ ਦੇ ਨੁਕਤੇ
ਅਮਰੀਕਾ ਵਿਚ 20 ਜਨਵਰੀ ਤੋਂ ਸੱਤਾ ਸੰਭਾਲ ਰਹੇ ਡੌਨਲਡ ਟਰੰਪ, ਬਾਇਡਨ ਸਰਕਾਰ ਦੀ ਇਕ ਹੋਰ ਯੋਜਨਾ ਖਤਮ ਕਰ ਰਹੇ ਹਨ ਅਤੇ ਅਮਰੀਕਾ ਵਿਚ ਪਨਾਹ ਮੰਗਣ ਵਾਲਿਆਂ ਨੂੰ ਮੁਲਕ ਦੀ ਸਰਹੱਦ ਤੋਂ ਬਾਹਰ ਰਹਿੰਦਿਆਂ ਹੀ ਅਦਾਲਤੀ ਫੈਸਲੇ ਦੀ ਉਡੀਕ ਕਰਨੀ ਹੋਵੇਗੀ। ਇਹ ਨੀਤੀ ਜੋਅ ਬਾਇਡਨ ਵੱਲੋਂ 2021 ਵਿਚ ਖਤਮ ਕਰ ਦਿਤੀ ਗਈ ਸੀ। ਇਕ ਵੱਖਰੀ ਇੰਟਰਵਿਊ ਦੌਰਾਨ ਟੋਮ ਹੋਮਨ ਨੂੰ ਜਦੋਂ ਡਿਪੋਰਟੇਸ਼ਨ ਪ੍ਰਕਿਰਿਆ ’ਤੇ ਹੋਣ ਵਾਲੇ ਖਰਚੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ ’ਤੇ ਅਣਮਿੱਥਿਆ ਰਕਮ ਖਰਚ ਕੀਤੀ ਜਾ ਸਕਦੀ ਹੈ। ਨਾਜਾਇਜ਼ ਤਰੀਕੇ ਨਾਲ ਅਮਰੀਕਾ ਦਾਖਲ ਹੋਣ ਬਾਰੇ ਸੋਚ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਚਿਤਾਵਨੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਕ ਵਾਰ ਫੜੇ ਜਾਣ ਵਾਲੇ ਪ੍ਰਵਾਸੀ ਆਪਣੀ ਰਿਹਾਈ ਭੁੱਲ ਜਾਣ ਅਤੇ ਟਰੰਪ ਸਰਕਾਰ ਉਨ੍ਹਾਂ ਨੂੰ ਡਿਪੋਰਟ ਕਰ ਕੇ ਹੀ ਸਾਹ ਲਵੇਗੀ। ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਲੋਕਾਂ ਨੂੰ ਸੰਬੋਧਤ ਹੁੰਦਿਆਂ ਉਨ੍ਹਾਂ ਕਿਹਾ, ‘‘ਜੇ ਤੁਸੀਂ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਹੋ ਅਤੇ ਤੁਹਾਨੂੰ ਡਿਪੋਰਟ ਕਰਨ ਦੇ ਹੁਕਮ ਹੋ ਚੁੱਕੇ ਹਨ ਤਾਂ ਅਸੀਂ ਤੁਹਾਨੂੰ ਫੜ ਕੇ ਮੁਲਕ ਤੋਂ ਬਾਹਰ ਕਰ ਦੇਵਾਂਗਾ।’’ ਹੋਮਨ ਨੂੰ ਜਦੋਂ ਪੁੱਛਿਆ ਗਿਆ ਕਿ ਸਾਲਾਨਾ ਆਧਾਰ ’ਤੇ ਕਿੰਨੇ ਪ੍ਰਵਾਸੀ ਡਿਪੋਰਟ ਕੀਤੇ ਜਾਣਗੇ ਤਾਂ ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਤੌਰ ’ਤੇ ਮੌਜੂਦ ਵੱਧ ਤੋਂ ਵੱਧ ਲੋਕਾਂ ਨੂੰ ਫੜਿਆ ਜਾਵੇਗਾ ਅਤੇ ਅਪਰਾਧਕ ਪਿਛੋਕੜ ਵਾਲੇ ਬਿਲਕੁਲ ਵੀ ਬਖ਼ਸ਼ੇ ਨਹੀਂ ਜਾਣਗੇ। ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵਿਚ ਡੇਢ ਕਰੋੜ ਲੋਕ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਰਹਿ ਰਹੇ ਹਨ ਅਤੇ ਰੋਜ਼ਾਨਾ 10 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਵੀ ਟਰੰਪ ਸਰਕਾਰ ਆਪਣੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਹਰ ਗੈਰਕਾਨੂੰਨੀ ਪ੍ਰਵਾਸੀ ਨੂੰ ਅਮਰੀਕਾ ਤੋਂ ਬਾਹਰ ਨਹੀਂ ਕਰ ਸਕਦੀ।