ਕੈਨੇਡਾ ਅਤੇ ਅਮਰੀਕਾ ਸਣੇ ਦੁਨੀਆਂ ਦੇ ਹੋਟਲਾਂ ਵਿਚੋਂ ਕੱਢੇ ਲੋਕ
ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਸੈਂਕੜੇ ਹੋਟਲਾਂ ਵਿਚ ਭਾਜੜ ਵਰਗੇ ਹਾਲਾਤ ਬਣ ਗਏ ਜਦੋਂ ਮਹਿਮਾਨਾਂ ਨੂੰ ਕਮਰਿਆਂ ਵਿਚੋਂ ਕੱਢਿਆ ਜਾਣ ਲੱਗਾ
ਨਿਊ ਯਾਰਕ : ਅਮਰੀਕਾ-ਕੈਨੇਡਾ ਸਣੇ ਦੁਨੀਆਂ ਦੇ ਸੈਂਕੜੇ ਹੋਟਲਾਂ ਵਿਚ ਭਾਜੜ ਵਰਗੇ ਹਾਲਾਤ ਬਣ ਗਏ ਜਦੋਂ ਮਹਿਮਾਨਾਂ ਨੂੰ ਕਮਰਿਆਂ ਵਿਚੋਂ ਕੱਢਿਆ ਜਾਣ ਲੱਗਾ। ਮੈਰੀਅਟ ਇੰਟਰਨੈਸ਼ਨਲ ਵੱਲੋਂ ਲਾਇਸੈਂਸਿੰਗ ਡੀਲ ਰੱਦ ਕੀਤੇ ਜਾਣ ਮਗਰੋਂ ਭਾਈਵਾਲ ਕੰਪਨੀ ਸੌਂਡਰ ਢਹਿ-ਢੇਰੀ ਹੁੰਦੀ ਨਜ਼ਰ ਆਈ ਬੈਂਕਰਪਸੀ ਦਾਖਲ ਕਰ ਦਿਤੀ। ਕਿਸੇ ਵੇਲੇ ਇਕ ਅਰਬ ਡਾਲਰ ਦੇ ਮੁੱਲ ’ਤੇ ਪੁੱਜਣ ਅਤੇ ਏਅਰ ਬੀ.ਐਨ.ਬੀ. ਨੂੰ ਟੱਕਰ ਦੇਣ ਵਾਲੀ ਕੰਪਨੀ ਹੁਣ ਫਰਸ਼ ’ਤੇ ਆ ਚੁੱਕੀ ਹੈ ਅਤੇ ਇਸ ਦਾ ਖਮਿਆਜ਼ਾ ਹੋਟਲਾਂ ਵਿਚ ਠਹਿਰੇ ਮਹਿਮਾਨਾਂ ਨੂੰ ਭੁਗਤਣਾ ਪਿਆ। ਸੌਂਡਰ ਦੇ ਕਮਰਿਆਂ ਦੀ ਬੁਕਿੰਗ ਮੈਰੀਅਟ ਦੀ ਵੈਬਸਾਈਟ ਰਾਹੀਂ ਹੁੰਦੀ ਸੀ ਪਰ ਦੋਵੇਂ ਕੰਪਨੀਆਂ ਤਾਲਮੇਲ ਤਹਿਤ ਅੱਗੇ ਨਾ ਵਧ ਸਕੀਆਂ। ਮੈਰੀਅ ਟ ਅਤੇ ਸੌਂਡਰ ਨੇ ਮਹਿਮਾਨਾਂ ਨੂੰ ਖੜ੍ਹੇ ਪੈਰ ਕਮਰੇ ਖਾਲੀ ਕਰਨ ਦੇ ਹੁਕਮ ਦੇ ਦਿਤੇ ਜਿਨ੍ਹਾਂ ਵਾਸਤੇ ਬਦਲਵੇਂ ਪ੍ਰਬੰਧ ਕਰਨੇ ਮੁਸ਼ਕਲ ਹੋ ਰਹੇ ਸਨ।
ਮੈਰੀਅਟ ਅਤੇ ਸੌਂਡਰ ਦੀ ਭਾਈਵਾਲੀ ਟੁੱਟਣ ਦਾ ਪਿਆ ਅਸਰ
ਕੈਟਲਿਨ ਕੈਰਾਲ ਨੇ ਸੋਸ਼ਲ ਮੀਡੀਆ ’ਤ ਲਿਖਿਆ ਕਿ ਉਸ ਨੂੰ ਕਮਰਾ ਖਾਲੀ ਕਰਨ ਲਈ 24 ਘੰਟੇ ਤੋਂ ਵੀ ਘੱਟ ਸਮਾਂ ਦਿਤਾ ਗਿਆ। ਨਿਊ ਯਾਰਕ ਵਿਚ 17 ਦਿਨ ਵਾਸਤੇ ਪੁੱਜੇ ਸਟੀਵ ਮੈਕਗ੍ਰਾਅ ਨੇ ਦੱਸਿਆ ਕਿ ਮੈਰੀਅਟ ਰਾਹੀਂ ਬੁਕਿੰਗ ਕਰਨੀ ਮਹਿੰਗੀ ਪੈ ਗਈ। ਮੈਕਗ੍ਰਾਅ ਦਾ ਕਹਿਣਾ ਸੀ ਕਿ ਮਹਿਮਾਨਾਂ ਨਾਲ ਅਜਿਹਾ ਸਲੂਕ ਨਹੀਂ ਸੀ ਹੋਣਾ ਚਾਹੀਦਾ। ਭਾਈਵਾਲੀ ਟੁੱਟਣ ਦਾ ਇਹ ਮਤਲਬ ਨਹੀਂ ਕਿ ਦੂਰੋਂ ਦੂਰੋਂ ਆਏ ਲੋਕਾਂ ਨੂੰ ਅਚਨਚੇਤ ਬਾਹਰ ਨਿਕਲਣ ਦੇ ਹੁਕਮ ਦੇ ਦਿਤੇ ਜਾਣ। ਅਰਕੰਸਾ ਦੇ 63 ਸਾਲਾ ਕਾਰੋਬਾਰੀ ਪੌਲ ਸਟ੍ਰੈਕ ਨੇ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਬੋਸਟਨ ਵਿਖੇ ਠਹਿਰੇ ਹੋਏ ਸਨ ਜਦੋਂ ਸਾਰਾ ਸਮਾਨ ਚੁੱਕ ਕੇ ਹੋਟਲ ਦੇ ਹਾਲ ਵਿਚ ਰੱਖ ਦਿਤਾ ਗਿਆ। ਕੁਝ ਸਮਾਨ ਸੂਟਕੇਸ ਵਿਚ ਪਾ ਦਿਤਾ ਜਦਕਿ ਕੁਝ ਪਲਾਸਟਿਕ ਦੇ ਲਿਫ਼ਾਫਿਆਂ ਵਿਚ ਨਜ਼ਰ ਆਇਆ। ਹਾਵਰਡ ਦੇ 27 ਸਾਲਾ ਵਿਦਿਆਰਥੀ ਅਲੈਕ ਐਰੀਟੋਲਾ ਨੇ ਦੱਸਿਆ ਕਿ ਸੌਂਡਰ ਹੋਟਲ ਦਾ ਸਟਾਫ਼ ਵੀ ਓਨਾ ਹੀ ਹੈਰਾਨ-ਪ੍ਰੇਸ਼ਾਨ ਸੀ ਜਿੰਨੇ ਮਹਿਮਾਨ ਹੱਕੇ-ਬੱਕੇ ਨਜ਼ਰ ਆ ਰਹੇ ਸਨ।