ਅਫਗਾਨਿਸਤਾਨ ਵਿਚ ਛੋਟੀਆਂ-ਛੋਟੀਆਂ ਬੱਚੀਆਂ ਨੂੰ ਵੇਚ ਰਹੇ ਮਾਪੇ
ਅਫਗਾਨਿਸਤਾਨ ਵਿਚ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਤੰਗ ਆਏ ਲੋਕ ਆਪਣੀਆਂ ਬੱਚੀਆਂ ਵੇਚਣ ਲਈ ਮਜਬੂਰ ਹਨ।
ਕਾਬੁਲ : ਅਫਗਾਨਿਸਤਾਨ ਵਿਚ ਗਰੀਬੀ ਅਤੇ ਬੇਰੁਜ਼ਗਾਰੀ ਤੋਂ ਤੰਗ ਆਏ ਲੋਕ ਆਪਣੀਆਂ ਬੱਚੀਆਂ ਵੇਚਣ ਲਈ ਮਜਬੂਰ ਹਨ। ਸੀ.ਐਨ.ਐਨ. ਦੀ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਛੋਟੀਆਂ ਛੋਟੀਆਂ ਬੱਚੀਆਂ ਦੇ ਬਜ਼ੁਰਗਾਂ ਨਾਲ ਵਿਆਹ ਕੀਤੇ ਜਾ ਰਹੇ ਹਨ ਅਤੇ ਇਸ ਦੇ ਇਵਜ਼ ਪਰਵਾਰ ਨੂੰ ਦੋ ਹਜ਼ਾਰ ਡਾਲਰ ਤੱਕ ਰਕਮ ਮਿਲ ਜਾਂਦੀ ਹੈ। ਵੇਚੀਆਂ ਜਾ ਰਹੀਆਂ ਬੱਚੀਆਂ ਦੀ ਉਮਰ 8 ਸਾਲ ਤੋਂ 10 ਸਾਲ ਦਰਮਿਆਨ ਹੁੰਦੀ ਹੈ ਅਤੇ ਹਾਲ ਹੀ ਵਿਚ 118 ਬੱਚੀਆਂ ਨੂੰ ਵੇਚ ਦਿਤਾ ਗਿਆ ਜਦਕਿ 116 ਪਰਵਾਰ ਆਪਣੀਆਂ ਨਾਬਾਲਗ ਬੱਚੀਆਂ ਨੂੰ ਵੇਚਣ ਦੀ ਉਡੀਕ ਵਿਚ ਹਨ।
ਗਰੀਬੀ ਅਤੇ ਬੇਰੁਜ਼ਗਾਰੀ ਦੱਸੇ ਜਾ ਰਹੇ ਮੁੱਖ ਕਾਰਨ
ਤਾਲਿਬਾਨੀ ਰਾਜ ਹੋਣ ਕਾਰਨ ਬੱਚਿਆਂ ਦਾ ਸ਼ੋਸ਼ਣ ਰੋਕਣ ਵਾਲਾ ਕੋਈ ਨਹੀਂ ਅਤੇ ਉਹ ਜ਼ਾਲਮਾਂ ਦੇ ਸ਼ਿਕੰਜੇ ਵਿਚ ਫਸਦੇ ਜਾ ਰਹੇ ਹਨ। ਬੇਰੁਜ਼ਗਾਰੀ ਅਤੇ ਗਰੀਬੀ ਤੋਂ ਇਲਾਵਾ ਅਨਪੜ੍ਹਤਾ ਨੂੰ ਵੀ ਇਸ ਸਮਾਕਿ ਬੁਰਾਈ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਔਰਤਾਂ ਵਿਚ ਸਾਖਰਤਾ ਦਰ ਸਿਰਫ 20 ਫੀ ਸਦੀ ਹੈ ਅਤੇ 15 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੀਆਂ 80 ਫੀ ਸਦੀ ਔਰਤਾਂ ਨੂੰ ਪੜ੍ਹਨਾ-ਲਿਖਣਾ ਬਿਲਕੁਲ ਨਹੀਂ ਆਉਂਦਾ। ਦੂਜੇ ਪਾਸੇ ਅਫ਼ਗਾਨਿਸਤਾਨ ਵਿਚ ਬੱਚੇ ਪੈਦਾ ਕਰਨ ਦੀ ਦਰ ਏਸ਼ੀਆਈ ਜਾਂ ਸਾਊਥ ਏਸ਼ੀਅਨ ਮੁਲਕਾਂ ਦੇ ਮੁਕਾਬਲੇ ਸਭ ਤੋਂ ਵੱਧ ਹੈ। ਇਥੇ ਪ੍ਰਤੀ ਪਰਵਾਰ ਤੋਂ ਵੱਧ ਬੱਚੇ ਪੈਦਾ ਹੋ ਰਹੇ ਹਨ ਜਦਕਿ ਕੌਮਾਂਤਰੀ ਪੱਧਰ ’ਤੇ 2.47 ਅਤੇ ਏਸ਼ੀਆ ਵਿਚ 2.15 ਬੱਚੇ ਪ੍ਰਤੀ ਪਰਵਾਰ ਪੈਦਾ ਹੋ ਰਹੇ ਹਨ। ਕੁਝ ਪੜ੍ਹੇ ਲਿਖੇ ਪਰਵਾਰਾਂ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ ਅਤੇ ਆਰਥਿਕ ਹਾਲਤ ਬਿਹਤਰ ਹੋਣ ਦੇ ਮੱਦੇਨਜ਼ਰ ਬੱਚੀਆਂ ਵੇਚਣ ਦੀ ਨੌਬਤ ਵੀ ਨਹੀਂ ਆਉਂਦੀ। ਭਾਵੇਂ ਅਫਗਾਨਿਸਤਾਨ ਵਿਚ ਮੁੰਡਿਆਂ ਨੂੰ ਵੀ ਵੇਚਿਆ ਜਾਂਦਾ ਹੈ ਪਰ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।
ਬਜ਼ੁਰਗਾਂ ਨਾਲ ਕੀਤੇ ਜਾ ਰਹੇ 10-10 ਸਾਲ ਦੀਆਂ ਬੱਚੀਆਂ ਦੇ ਵਿਆਹ
ਇਕੱਲੇ ਸ਼ਿਨਵਾੜੀ ਜ਼ਿਲ੍ਹੇ ਵਿਚ ਰੋਜ਼ਾਨਾ ਦੋ ਬੱਚੀਆਂ ਨੂੰ ਵੇਚ ਦਿਤਾ ਜਾਂਦਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਥੇ ਦਸਣਾ ਬਣਦਾ ਹੈ ਕਿ 2004 ਵਿਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਥੇ 100 ਕਿਲੋ ਆਟੇ ਵਾਸਤੇ ਬੱਚੀ ਨੂੰ ਵੇਚ ਦਿਤਾ ਗਿਆ। ਅਫਗਾਨ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਬੱਚੀਆਂ ਨੂੰ ਵੇਚਣਾ ਇਸਲਾਮ ਦੇ ਵਿਰੁੱਧ ਹੈ ਪਰ ਆਪਣੀਆਂ ਮਜਬੂਰੀਆਂ ਨੂੰ ਵੱਡਾ ਦਸਦਿਆਂ ਉਹ ਬੱਚੀਆਂ ਨੂੰ ਵੇਚਣ ਤੋਂ ਪਿੱਛੇ ਨਹੀਂ ਹਟਦੇ। ਅਨਪੜ੍ਹ ਮਾਪੇ ਕੁੜੀਆਂ ਨੂੰ ਆਪਣੇ ਪਰਵਾਰ ’ਤੇ ਬੋਝ ਸਮਝਦੇ ਹਨ ਜਿਨ੍ਹਾਂ ਵਾਸਤੇ ਰੋਜ਼ਾਨਾ ਰੋਟੀ ਦਾ ਪ੍ਰਬੰਧ ਕਰਨਾ ਪੈਂਦਾ ਹੈ। ਕੁਝ ਪਰਵਾਰ ਆਪਣੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਵੱਲ ਰੁਖ ਕਰਨਾ ਬਿਹਤਰ ਸਮਝ ਰਹੇ ਹਨ ਜਦਕਿ ਕੁਝ ਆਪਣਾ ਮੁਲਕ ਛੱਡ ਕੇ ਜਾਣਾ ਨਹੀਂ ਚਾਹੁੰਦੇ। ਮਨੁੱਖੀ ਅਧਿਕਾਰ ਜਥੇਬੰਦੀਆਂ ਜਾਂ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਤਾਲਿਬਾਨੀ ਸਰਕਾਰ ਕੋਲ ਕਈ ਵਾਰ ਫਰਿਆਦ ਕਰ ਚੁੱਕੀਆਂ ਹਨ ਪਰ ਇਸ ਰੁਝਾਨ ਨੂੰ ਠੱਲ੍ਹ ਪੈਂਦੀ ਮਹਿਸੂਸ ਨਹੀਂ ਹੋ ਰਹੀ।