ਅਮਰੀਕਾ ਤੋਂ ਕੈਨੇਡਾ ਤੱਕ ਨਸ਼ੇ ਵੇਚਣ ਵਾਲੇ ਪਰਮਪ੍ਰੀਤ ਸਿੰਘ ਨੇ ਕਬੂਲਿਆ ਗੁਨਾਹ
ਅਮਰੀਕਾ ਤੋਂ ਕੈਨੇਡਾ ਤੱਕ ਨਸ਼ਿਆਂ ਦਾ ਕਾਰੋਬਾਰ ਕਰਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲੇ ਪੰਜਾਬੀ ਗਿਰੋਹ ਦੇ ਸਰਗਣੇ ਪਰਮਪ੍ਰੀਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ
ਕੈਲੇਫੋਰਨੀਆ : ਅਮਰੀਕਾ ਤੋਂ ਕੈਨੇਡਾ ਤੱਕ ਨਸ਼ਿਆਂ ਦਾ ਕਾਰੋਬਾਰ ਕਰਦਿਆਂ ਲੱਖਾਂ ਡਾਲਰ ਦੀ ਕਮਾਈ ਕਰਨ ਵਾਲੇ ਪੰਜਾਬੀ ਗਿਰੋਹ ਦੇ ਸਰਗਣੇ ਪਰਮਪ੍ਰੀਤ ਸਿੰਘ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਜਿਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। 59 ਸਾਲ ਦੇ ਪਰਮਪ੍ਰੀਤ ਸਿੰਘ ਤੋਂ ਇਲਾਵਾ 37 ਸਾਲ ਦੇ ਅਮਨਦੀਪ ਮੁਲਤਾਨੀ ਅਤੇ 42 ਸਾਲ ਦੇ ਰਣਵੀਰ ਸਿੰਘ ਵਿਰੁੱਧ ਵੀ ਦੋਸ਼ ਲੱਗੇ ਸਨ। ਯੂ.ਐਸ. ਅਟਾਰਨੀ ਐਰਿਕ ਗਰਾਂਟ ਨੇ ਦੱਸਿਆ ਕਿ ਕੈਲੇਫੋਰਨੀਆ ਵਿਚ ਸਰਗਰਮ ਗਿਰੋਹ ਨੇ ਅਕਤੂਬਰ 2020 ਤੋਂ ਅਪ੍ਰੈਲ 2021 ਦਰਮਿਆਨ 10 ਕਿਲੋ ਕੋਕੀਨ, 1.5 ਕਿਲੋ ਅਫ਼ੀਮ ਅਤੇ 2 ਕਿਲੋ ਕੈਟਾਮੀਨ ਅੰਡਰਕਵਰ ਅਫ਼ਸਰਾਂ ਨੂੰ ਵੇਚੀ।
ਉਮਰ ਕੈਦ ਦੀ ਸਜ਼ਾ ਅਤੇ 10 ਲੱਖ ਡਾਲਰ ਹੋ ਸਕਦੈ ਜੁਰਮਾਨਾ
ਸਿਰਫ਼ ਐਨਾ ਹੀ ਨਹੀਂ, 6 ਲੱਖ 37 ਹਜ਼ਾਰ ਕੈਨੇਡੀਅਨ ਡਾਲਰ ਮੁੱਲ ਵਾਲੇ ਹੈਰੋਇਨ ਦੇ ਨਮੂਨੇ ਵੀ ਮੁਹੱਈਆ ਕਰਵਾਏ। ਗਿਰੋਹ ਦਾ ਮੁੱਖ ਟਿਕਾਣਾ ਸੈਕਰਾਮੈਂਟੋ, ਬੇਕਰਜ਼ਫ਼ੀਲਡ ਅਤੇ ਫਰਿਜ਼ਨੋ ਰਿਹਾ ਅਤੇ ਮੋਬਾਈਲ ਐਪਸ ਰਾਹੀਂ ਆਪਸ ਵਿਚ ਸੰਪਰਕ ਕਰਦੇ ਸਨ। ਪਰਮਪ੍ਰੀਤ ਸਿੰਘ ਆਪਣੇ ਕਬੂਲਨਾਮੇ ਨਾਲ ਸਬੰਧਤ ਸਮਝੌਤੇ ਤਹਿਤ 20 ਲੱਖ ਡਾਲਰ ਅਮਰੀਕਾ ਸਰਕਾਰ ਨੂੰ ਅਦਾ ਕਰਨ ਦੀ ਸਹਿਮਤੀ ਪਹਿਲਾਂ ਹੀ ਦੇ ਚੁੱਕਾ ਹੈ। ਉਸ ਨੂੰ ਸਜ਼ਾ ਦਾ ਐਲਾਨ 27 ਜਨਵਰੀ 2026 ਨੂੰ ਹੋਵੇਗਾ ਅਤੇ ਉਮਰ ਕੈਦ ਤੋਂ ਇਲਾਵਾ 10 ਲੱਖ ਡਾਲਰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਰੋਜ਼ਵਿਲ ਦੇ ਅਮਨਦੀਪ ਮੁਲਤਾਨੀ ਨੇ 13 ਦਸੰਬਰ 2022 ਨੂੰ ਆਪਣਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਉਸ ਨੂੰ ਸਜ਼ਾ ਦਾ ਐਲਾਨ ਆਉਂਦੀ 18 ਨਵੰਬਰ ਨੂੰ ਕੀਤਾ ਜਾਵੇਗਾ। ਸੈਕਰਾਮੈਂਟੋ ਦੇ ਰਣਵੀਰ ਸਿੰਘ ਵਿਰੁੱਧ 6 ਅਕਤੂਬਰ ਤੋਂ ਮੁਕੱਦਮਾ ਸ਼ੁਰੂ ਹੋ ਰਿਹਾ ਹੈ। ਕੌਮਾਂਤਰੀ ਨਸ਼ਾ ਤਸਕਰ ਗਿਰੋਹ ਦਾ ਪਰਦਾ ਫਾਸ਼ ਕਰਨ ਦੇ ਇਰਾਦੇ ਨਾਲ ਅਮਰੀਕਾ ਦੇ ਡ੍ਰਗ ਐਨਫੋਰਸਮੈਂਟ ਐਡਮਨਿਸਟ੍ਰੇਸ਼ਨ ਵੱਲੋਂ ਪੜਤਾਲ ਆਰੰਭੀ ਗਈ ਅਤੇ ਹੋਮਲੈਂਡ ਸਕਿਉਰਿਟੀ ਵਿਭਾਗ, ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ, ਕੈਨੇਡਾ ਦੇ ਯਾਰਕ ਰੀਜਨ ਦੀ ਪੁਲਿਸ, ਆਰ.ਸੀ.ਐਮ.ਪੀ. ਅਤੇ ਪਲੇਸਰ ਕਾਊਂਟੀ ਦੇ ਸਪੈਸ਼ਨ ਇਨਵੈਸਟੀਗੇਸ਼ਨਜ਼ ਯੂਨਿਟ ਨੇ ਪੂਰਾ ਸਹਿਯੋਗ ਦਿਤਾ।
2 ਸਾਥੀਆਂ ਨੂੰ ਵੀ ਜਲਦ ਸੁਣਾਈ ਜਾਵੇਗੀ ਸਜ਼ਾ
ਦੂਜੇ ਪਾਸੇ ਹਰਜਿੰਦਰ ਸਿੰਘ ਮਾਮਲੇ ਵਿਚ ਫਲੋਰੀਡਾ ਦੇ ਅਟਾਰਨੀ ਜਨਰਲ ਜੇਮਜ਼ ਉਥਮਾਇਰ ਵੱਲੋਂ ਕੈਲੇਫੋਰਨੀਆ ਦੀ ਟ੍ਰਾਂਸਪੋਰਟ ਕੰਪਨੀ ਵਾਈਟ ਹੌਕ ਕੈਰੀਅਰਜ਼ ਦੀ ਮੁੱਖ ਕਾਰਜਕਾਰੀ ਅਫ਼ਸਰ ਨਵਨੀਤ ਕੌਰ ਨੂੰ ਤਲਬ ਕਰਦਿਆਂ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਦਿਤੇ ਗਏ ਹਨ। ਉਥਮਾਇਰ ਨੇ ਕਿਹਾ ਕਿ ਅਮਰੀਕਾ ਵਾਸੀਆਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਖਾਤਰ ਹਰ ਕਾਨੂੰਨੀ ਤਰੀਕੇ ਦੀ ਵਰਤੋਂ ਕੀਤੀ ਜਾਵੇਗੀ ਜਿਸ ਦੇ ਮੱਦੇਨਜ਼ਰ ਹਰਜਿੰਦਰ ਸਿੰਘ ਦੇ ਇੰਪਲੌਇਰ ਨੂੰ ਵੀ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਹੈ। ਅਟਾਰਨੀ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ ਅਤੇ ਸੜਕਾਂ ’ਤੇ ਲੱਗੇ ਸਾਈਨ ਪਛਾਣਨ ਦੀ ਕਾਬਲੀਅਤ ਵੀ ਉਸ ਕੋਲ ਮੌਜੂਦ ਹਨ। ਅਜਿਹੇ ਵਿਚ ਕੋਈ ਟ੍ਰਾਂਸਪੋਰਟ ਕੰਪਨੀ ਉਸ ਨੂੰ ਨੌਕਰੀ ’ਤੇ ਕਿਵੇਂ ਰੱਖ ਸਕਦੀ ਹੈ। 26 ਸਤੰਬਰ ਦੀ ਪੇਸ਼ੀ ਦੌਰਾਨ ਨਵਨੀਤ ਕੌਰ ਵੱਲੋਂ ਪੇਸ਼ ਦਸਤਾਵੇਜ਼ਾਂ ਵਿਚ ਕੋਈ ਉਣਤਾਈ ਮਹਿਸੂਸ ਹੁੰਦੀ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਦੀ ਸਿਫ਼ਾਰਸ਼ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਲੇਫੋਰਨੀਆ ਵਿਚ ਬਗੈਰ ਇੰਮੀਗ੍ਰੇਸ਼ਨ ਸਟੇਟਸ ਵਾਲੇ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੰਸ ਦੇਣ ਦੀ ਪ੍ਰਕਿਰਿਆ 2013 ਵਿਚ ਆਰੰਭੀ ਗਈ।