ਪਾਕਿਸਤਾਨ : ਇਮਰਾਨ ਖਾਨ ਦੀ ਰਿਹਾਈ ਮੰਗ ਰਹੇ 4 ਹਜ਼ਾਰ ਮੁਜ਼ਾਹਰਾਕਾਰੀ ਗ੍ਰਿਫ਼ਤਾਰ
ਇਮਰਾਨ ਖਾਨ ਨੂੰ ਰਿਹਾਅ ਕਰਵਾਉਣ ਲਈ ਪਾਕਿਸਤਾਨ ਤੋਂ ਲੈ ਕੇ ਅਮਰੀਕਾ-ਕੈਨੇਡਾ ਤੱਕ ਰੋਸ ਵਿਖਾਵੇ ਹੋ ਰਹੇ ਹਨ।;
ਲਾਹੌਰ : ਇਮਰਾਨ ਖਾਨ ਨੂੰ ਰਿਹਾਅ ਕਰਵਾਉਣ ਲਈ ਪਾਕਿਸਤਾਨ ਤੋਂ ਲੈ ਕੇ ਅਮਰੀਕਾ-ਕੈਨੇਡਾ ਤੱਕ ਰੋਸ ਵਿਖਾਵੇ ਹੋ ਰਹੇ ਹਨ। ਪਾਕਿਸਤਾਨ ਵਿਚ ਹਜ਼ਾਰਾਂ ਮੁਜ਼ਾਹਰਾਕਾਰੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ ਜਿਨ੍ਹਾਂ ਵਿਚ 5 ਐਮ.ਪੀ. ਵੀ ਸ਼ਾਮਲ ਹਨ। ਇਸੇ ਦੌਰਾਨ ਦੁਨੀਆਂ ਦੇ 60 ਤੋਂ ਵੱਧ ਸ਼ਹਿਰਾਂ ਵਿਚ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਹਮਾਇਤੀਆਂ ਵੱਲੋਂ ਰੋਸ ਵਿਖਾਵੇ ਕੀਤੇ ਗਏ। ਮੁਜ਼ਾਹਰਾਕਾਰੀਆਂ ਦਾ ਇਕ ਵੱਡਾ ਕਾਫ਼ਲਾ ਰਾਜਧਾਨ ਇਸਲਾਮਾਬਾਦ ਵੱਲ ਵੱਧ ਰਿਹਾ ਹੈ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਦੇ ਦੌਰੇ ਨੂੰ ਵੇਖਦਿਆਂ ਪਾਕਿਸਤਾਨ ਸਰਕਾਰ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਕੈਨੇਡਾ ਅਤੇ ਅਮਰੀਕਾ ਵਿਚ ਵੀ ਇਮਰਾਨ ਹਮਾਇਤੀ ਸੜਕਾਂ ’ਤੇ ਉਤਰੇ
ਇਸਲਾਮਾਬਾਦ ਵੱਲ ਜਾਣ ਵਾਲੀਆਂ ਸੜਕਾਂ ਨੂੰ ਕੰਟੇਨਰਾਂ ਰਾਹੀਂ ਬੰਦ ਕਰ ਦਿਤਾ ਗਿਆ ਅਤੇ ਸੁਰੱਖਿਆ ਬਲਾਂ ਦੇ ਹਜ਼ਾਰਾਂ ਜਵਾਨਾਂ ਦੀ ਤੈਨਾਤੀ ਕਰ ਦਿਤੀ ਗਈ। ਇਮਰਾਨ ਖਾਨ ਅਤੇ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਵਰਕਰਾਂ ਦੀ ਰਿਹਾਈ ਤੋਂ ਇਲਾਵਾ ਚੋਣ ਨਤੀਜਿਆਂ ਨੂੰ ਕਬੂਲ ਕਰਨ ਅਤੇ ਪਾਕਿਸਤਾਨੀ ਸੰਸਦ ਵਿਚ ਪਾਸ ਅਦਾਲਤਾਂ ਦੀ ਤਾਕਤ ਘਟਾਉਣ ਵਾਲਾ ਕਾਨੂੰਨ ਵਾਪਸ ਲੈਣ ਦੀਆਂ ਮੰਗਾਂ ਵੀ ਸ਼ਾਮਲ ਹਨ। ਇਥੇ ਦਸਣਾ ਬਣਦਾ ਹੈ ਕਿ ਇਮਰਾਨ ਖਾਨ ਵੱਲੋਂ ਪਾਕਿਸਤਾਨ ਤਹਿਰੀਕ ਏ ਇਨਸਾਫ਼ ਪਾਰਟੀ ਦੇ ਕਾਰਕੁੰਨਾਂ ਨੂੰ ਮੁਜ਼ਾਹਰਿਆਂ ਵਿਚ ਸ਼ਾਮਲ ਹੋਣ ਜਾਂ ਪਾਰਟੀ ਛੱਡਣ ਲਈ ਆਖ ਦਿਤਾ ਗਿਆ। ਇਮਰਾਨ ਖਾਨ ਨੇ ਇਸ ਰੋਸ ਵਿਖਾਵੇ ਨੂੰ ਫਾਈਨਲ ਕਾਲ ਨਾਂ ਦਿਤਾ। ਇਮਰਾਨ ਖਾਨ ਵਿਰੁੱਧ 100 ਤੋਂ ਜ਼ਿਆਦਾ ਮਾਮਲੇ ਚੱਲ ਰਹੇ ਹਨ ਅਤੇ ਇਸਲਾਮਾਬਾਦ ਦੀ ਅਦਾਲਤ ਤੋਸ਼ਾਖਾਨਾ ਮਾਮਲੇ ਵਿਚ ਦੋਸ਼ੀ ਕਰਾਰ ਵੀ ਦੇ ਚੁੱਕੀ ਹੈ। ਅੰਗਰੇਜ਼ੀ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਜੇ ਇਮਰਾਨ ਖਾਨ ਜੇਲ ਵਿਚੋਂ ਬਾਹਰ ਆਉਂਦੇ ਹਨ ਤਾਂ ਪਾਕਿਸਤਾਨ ਵਿਚ ਮੁੜ ਚੋਣਾਂ ਦੀ ਮੰਗ ਉਠ ਸਕਦੀ ਹੈ। ਅਜਿਹੇ ਵਿਚ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਜਾਂ ਫੌਜ ਕਦੇ ਨਹੀਂ ਚਾਹੇਗੀ ਕਿ ਇਮਰਾਨ ਖਾਨ ਜੇਲ ਤੋਂ ਬਾਹਰ ਆਉਣ। ਇਸੇ ਦੌਰਾਨ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਵੀ ਰੋਸ ਵਿਖਾਵਿਆਂ ਵਿਚ ਸ਼ਾਮਲ ਹੋ ਗਈ ਅਤੇ ਸੰਘਰਸ਼ ਵਿਚ ਪਾਕਿਸਤਾਨੀ ਅਵਾਮ ਦਾ ਸਾਥ ਮੰਗਿਆ।