Iran Protest: ਈਰਾਨ ਵਿੱਚ ਫ਼ਸੇ 2000 ਭਾਰਤੀ ਵਿਦਿਆਰਥੀ, ਪਰਿਵਾਰਾਂ ਨੂੰ ਹੋਣ ਲੱਗੀ ਚਿੰਤਾ, ਸਰਕਾਰ ਨੂੰ ਕੀਤੀ ਅਪੀਲ

ਜਾਣੋ ਕੀ ਹਨ ਈਰਾਨ ਵਿੱਚ ਮੌਜੂਦਾ ਹਾਲਾਤ

Update: 2026-01-15 12:20 GMT

2000 Indian Students Stuck In Iran: ਈਰਾਨ ਵਿੱਚ ਹਾਲਾਤ ਇਸ ਸਮੇਂ ਕਾਫੀ ਖਰਾਬ ਚੱਲ ਰਹੇ ਹਨ। ਲੋਕ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਜਵਾਬੀ ਕਰਵਾਈ ਵਿੱਚ ਆਮ ਲੋਕਾਂ ਨੂੰ ਮਰਵਾ ਰਹੀ ਹੈ। ਹੁਣ ਤੱਕ 2500 ਤੋਂ ਵੱਧ ਲੋਕ ਮਾਰੇ ਜਾ ਚੁਕੇ ਹਨ। ਇਸਤੋਂ ਬਾਅਦ ਅਮਰੀਕਾ ਨੇ ਵੀ ਈਰਾਨ ਤੇ ਹਮਲਾ ਕਰਨ ਦੀ ਧਮਕੀ ਦੇ ਦਿੱਤੀ ਹੈ। ਬੀਤੇ ਕੱਲ੍ਹ ਭਾਰਤ ਨੇ ਵੀ ਖਰਾਬ ਹਾਲਤ ਨੂੰ ਦੇਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸਤੋਂ ਬਾਅਦ ਹੁਣ ਖ਼ਬਰ ਆ ਰਹੀ ਹੈ ਕਿ ਭਾਰਤ ਦੇ ਤਕਰੀਬਨ 2000 ਵਿਦਿਆਰਥੀ ਈਰਾਨ ਵਿੱਚ ਫ਼ਸੇ ਹੋਏ ਹਨ। ਇਹ ਸਾਰੇ ਵਿਦਿਆਰਥੀ ਜੰਮੂ ਕਸ਼ਮੀਰ ਦੇ ਦੱਸੇ ਜਾਂਦੇ ਹਨ।

ਇਸਤੋਂ ਬਾਅਦ ਜੰਮੂ ਅਤੇ ਕਸ਼ਮੀਰ ਸਟੂਡੈਂਟਸ ਐਸੋਸੀਏਸ਼ਨ (ਜੇਕੇਐਸਏ) ਨੇ ਈਰਾਨ ਵਿੱਚ ਫਸੇ ਲਗਭਗ 2,000 ਕਸ਼ਮੀਰੀ ਵਿਦਿਆਰਥੀਆਂ ਅਤੇ ਹੋਰ ਭਾਰਤੀ ਨਾਗਰਿਕਾਂ ਦੀਆਂ ਵਧਦੀਆਂ ਸੁਰੱਖਿਆ ਚਿੰਤਾਵਾਂ 'ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਤੁਰੰਤ ਦਖਲ ਦੇਣ ਅਤੇ ਭਾਰਤੀ ਵਿਦਿਆਰਥੀਆਂ ਸਮੇਤ ਸਾਰੇ ਨਾਗਰਿਕਾਂ ਨੂੰ ਕੱਢਣ ਦਾ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।

ਐਸੋਸੀਏਸ਼ਨ ਨੇ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਨੇ ਵਿਦਿਆਰਥੀਆਂ ਨੂੰ ਸਵੈ-ਸੰਗਠਿਤ ਤਰੀਕੇ ਨਾਲ ਜਲਦੀ ਤੋਂ ਜਲਦੀ ਈਰਾਨ ਛੱਡਣ ਦੀ ਸਲਾਹ ਦਿੱਤੀ ਹੈ, ਪਰ ਅਜੇ ਤੱਕ ਕੋਈ ਰਸਮੀ ਜਾਂ ਤਾਲਮੇਲ ਵਾਲੀ ਨਿਕਾਸੀ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜੇਕੇਐਸਏ ਦੇ ਰਾਸ਼ਟਰੀ ਕਨਵੀਨਰ ਨਾਸਿਰ ਖੁਈਹਾਮੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਈਰਾਨ ਵਿੱਚ ਤੇਜ਼ੀ ਨਾਲ ਵਿਗੜਦੀ ਸੁਰੱਖਿਆ ਸਥਿਤੀ ਨੇ ਕਸ਼ਮੀਰ ਵਿੱਚ ਵਿਆਪਕ ਡਰ, ਅਨਿਸ਼ਚਿਤਤਾ ਅਤੇ ਚਿੰਤਾ ਪੈਦਾ ਕਰ ਦਿੱਤੀ ਹੈ। ਮਾਪੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।

ਐਸੋਸੀਏਸ਼ਨ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਭਾਰਤੀ ਵਿਦਿਆਰਥੀਆਂ ਦੇ ਸੁਰੱਖਿਅਤ ਬਾਹਰ ਨਿਕਲਣ ਦਾ ਇੰਤਜ਼ਾਮ ਕਰਨ। ਇੱਕ ਸਮਰਪਿਤ ਐਮਰਜੈਂਸੀ ਹੈਲਪਲਾਈਨ ਅਤੇ ਸੁਰੱਖਿਅਤ ਆਵਾਜਾਈ ਰੂਟ ਸਥਾਪਤ ਕਰੇ ਤਾਂ ਜੋ ਭਾਰਤੀ ਵਿਦਿਆਰਥੀ ਸੁਰੱਖਿਅਤ, ਸਨਮਾਨਜਨਕ ਅਤੇ ਸੁਰੱਖਿਅਤ ਢੰਗ ਨਾਲ ਘਰ ਵਾਪਸ ਆ ਸਕਣ। ਈਰਾਨ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਦੇ ਵਿਚਕਾਰ, ਭਾਰਤੀ ਦੂਤਾਵਾਸ ਨੇ 14 ਜਨਵਰੀ, 2026 ਨੂੰ ਇੱਕ ਨਵੀਂ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਸਾਰੇ ਭਾਰਤੀ ਨਾਗਰਿਕਾਂ (ਵਿਦਿਆਰਥੀ, ਸ਼ਰਧਾਲੂ, ਕਾਰੋਬਾਰੀ ਅਤੇ ਸੈਲਾਨੀ) ਨੂੰ ਆਵਾਜਾਈ ਦੇ ਉਪਲਬਧ ਸਾਧਨਾਂ ਦੀ ਵਰਤੋਂ ਕਰਕੇ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਸਲਾਹ ਦਿੱਤੀ ਗਈ। ਲਗਭਗ 2,000 ਕਸ਼ਮੀਰੀ ਵਿਦਿਆਰਥੀ ਈਰਾਨ ਵਿੱਚ ਹਨ, ਜੋ ਮੁੱਖ ਤੌਰ 'ਤੇ ਮੈਡੀਕਲ ਕੋਰਸ ਕਰ ਰਹੇ ਹਨ।

ਈਰਾਨ ਵਿੱਚ ਫ਼ਸੇ ਵਿਦਿਆਰਥੀਆਂ ਦੇ ਪਰਿਵਾਰ ਚਿੰਤਾ ਵਿਚ 

ਮਾਪਿਆਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਈਰਾਨ ਵਿੱਚ ਫ਼ਸੇ ਹੋਏ ਹਨ, ਜਿਸ ਕਰਕੇ ਉਹ ਚਿੰਤਾ ਵਿੱਚ ਹਨ। ਖਾਸ ਕਰਕੇ ਇੰਟਰਨੈੱਟ ਅਤੇ ਸੰਚਾਰ ਸਹੂਲਤਾਂ ਦੀ ਘਾਟ ਕਾਰਨ ਬੱਚੇ ਆਪਣੇ ਮਾਪਿਆਂ ਨਾਲ ਗੱਲਬਾਤ ਨਹੀਂ ਕਰ ਪਾ ਰਹੇ ਹਨ, ਜਿਸ ਕਰਕੇ ਹੋਰ ਜ਼ਿਆਦਾ ਚਿੰਤਾ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਇੰਟਰਨੈੱਟ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਾਂ ਨਾਲ ਨਿਯਮਤ ਸੰਪਰਕ ਬਣਾਈ ਰੱਖਣਾ ਮੁਸ਼ਕਲ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਈਰਾਨ ਵਿੱਚ ਮੈਡੀਕਲ ਅਤੇ ਹੋਰ ਪੇਸ਼ੇਵਰ ਕੋਰਸ ਕਰ ਰਹੇ ਹਨ ਅਤੇ ਅਜਿਹੀਆਂ ਐਮਰਜੈਂਸੀ ਵਿੱਚ ਭਾਰਤ ਸਰਕਾਰ 'ਤੇ ਨਿਰਭਰ ਹਨ। ਮਾਪਿਆਂ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੀ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਦੇਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਨੂੰ ਹੋਰ ਖ਼ਤਰਾ ਪੈਦਾ ਕਰ ਸਕਦੀ ਹੈ।

Tags:    

Similar News