ਲੱਖਾਂ ਪ੍ਰਵਾਸੀਆਂ ਨੂੰ ਅਮਰੀਕਾ ’ਚੋਂ ਕੱਢਣ ਲਈ ਟਰੰਪ ਵੱਲੋਂ ਅਫ਼ਸਰ ਨਿਯੁਕਤ
ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਡੌਨਲਡ ਟਰੰਪ ਵੱਲੋਂ ਟੌਮ ਹੋਮੈਨ ਨੂੰ ਬਾਰਡਰ ਜ਼ਾਰ ਨਿਯੁਕਤ ਕੀਤਾ ਗਿਆ ਹੈ।;
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਲੱਖਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ ਡੌਨਲਡ ਟਰੰਪ ਵੱਲੋਂ ਟੌਮ ਹੋਮੈਨ ਨੂੰ ਬਾਰਡਰ ਜ਼ਾਰ ਨਿਯੁਕਤ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਜੋ ਮੁਲਕ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਦੇਸ਼ ਨਿਕਾਲਾ ਬਣ ਸਕਦਾ ਹੈ। ਟਰੰਪ ਦੀ ਸਰਕਾਰ ਵਿਚ ਅਹਿਮ ਜ਼ਿੰਮੇਵਾਰੀ ਮਿਲਣ ’ਤੇ ਟੋਮ ਹੋਮੈਨ ਨੇ ਕਿਹਾ ਕਿ ਉਹ ਆਪਣਾ ਫਰਜ਼ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ। ਇਥੇ ਦਸਣਾ ਬਣਦਾ ਹੈ ਕਿ ਟੋਮ ਹੋਮੈਨ ਹੀ ਉਹ ਸ਼ਖਸ ਹੈ ਜਿਸ ਨੇ ਪਿਛਲੇ ਸਮੇਂ ਦੌਰਾਨ ਕਿਹਾ ਸੀ ਕਿ ਲੱਖਾਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਲਈ ਫੌਜ ਵਰਤਣੀ ਚਾਹੀਦੀ ਹੈ।
‘ਬਾਰਡਰ ਜ਼ਾਰ’ ਦੀ ਭੂਮਿਕਾ ਵਿਚ ਨਜ਼ਰ ਆਉਣਗੇ ਟੌਮ ਹੋਮੈਨ
ਇਸ ਵੇਲੇ ਅਮਰੀਕਾ ਵਿਚ ਦੋ ਕਰੋੜ ਤੋਂ ਵੱਧ ਪ੍ਰਵਾਸੀ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ ਅਤੇ ਇਨ੍ਹਾਂ ਸਾਧਾਰਣ ਤਰੀਕੇ ਨਾਲ ਡਿਪੋਰਟ ਨਹੀਂ ਕੀਤਾ ਜਾ ਸਕਦਾ। ਟਰੰਪ ਦੇ ਪਹਿਲੇ ਕਾਰਜਕਾਲ ਵੇਲੇ ਟੋਮ ਹੋਮੈਨ ਨੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਵਿਭਾਗ ਦੀ ਅਗਵਾਈ ਕੀਤੀ ਅਤੇ ਉਸ ਦੌਰਾਨ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਕੰਮ ਕੀਤਾ। ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰਾਂ ਵਿਚੋਂ ਸਿੱਧੇ ਤੌਰ ’ਤੇ ਪ੍ਰਵਾਸੀਆਂ ਨੂੰ ਕੱਢ ਕੇ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਜਾ ਸਕਦੀ ਹੈ। ਇੰਮੀਗ੍ਰੇਸ਼ਨ ਅਦਾਲਤਾਂ ਵਿਚ ਵਿਚਾਰ ਅਧੀਨ ਮੁਕੱਦਮਿਆਂ ਨੂੰ ਟਰੰਪ ਆਪਣੀਆਂ ਕਾਰਜਕਾਰੀ ਤਾਕਤਾਂ ਰਾਹੀਂ ਰੱਦ ਕਰ ਸਕਦੇ ਹਨ ਅਤੇ ਇਸ ਮਗਰੋਂ ਪ੍ਰਵਾਸੀਆਂ ਕੋਲ ਅਮਰੀਕਾ ਵਿਚ ਰਹਿਣ ਦਾ ਕੋਈ ਹੱਕ ਨਹੀਂ ਰਹਿ ਜਾਵੇਗਾ। ਇਸ ਤੋਂ ਇਲਾਵਾ ਭਵਿੱਖ ਦੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ ਰੱਖਣ ਵਾਲੇ ਸੈਂਟਰ ਬਾਰਡਰ ਦੇ ਬਿਲਕੁਲ ਨੇੜੇ ਬਣਾਏ ਜਾਣਗੇ ਅਤੇ ਇਥੋਂ ਫੌਜ ਦੀ ਮਦਦ ਨਾਲ ਉਨ੍ਹਾਂ ਨੂੰ ਮੁੜ ਮੈਕਸੀਕੋ ਭੇਜਿਆ ਜਾ ਸਕਦਾ ਹੈ।
ਅਮਰੀਕਾ ਦੇ ਇਤਿਹਾਸ ਦਾ ਸਭ ਤੋਂ ਵੱਡਾ ਦੇਸ਼ ਨਿਕਾਲਾ ਹੋਣ ਦਾ ਖਦਸ਼ਾ
ਟਰੰਪ ਨੇ ਹੋਮੈਨ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਪਣੀ ਸਰਕਾਰ ਦੇ ਹੋਰਨਾਂ ਕੰਮਾਂ ਵੱਲ ਵਧੇਰੇ ਤਵੱਜੋ ਦੇਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਡਿਪੋਰਟੇਸ਼ਨ ਦਾ ਸਾਰਾ ਕੰਮ ਹੋਮੈਨ ਦੇ ਹਵਾਲੇ ਹੋਵੇਗਾ। ਇਥੇ ਦਸਣਾ ਬਣਾ ਹੈ ਕਿ ਇੰਮੀਗ੍ਰੇਸ਼ਨ ਹਮਾਇਤੀ ਜਥੇਬੰਦੀਆਂ ਵੱਲੋਂ ਲਾਏ ਅੰਦਾਜ਼ੇ ਮੁਤਾਬਕ 10 ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਲਈ 88 ਅਰਬ ਡਾਲਰ ਦੀ ਰਕਮ ਲੋੜੀਂਦੀ ਹੋਵੇਗੀ ਅਤੇ ਐਨਾ ਜ਼ਿਆਦਾ ਖਰਚਾ ਬਹੁਤ ਮੁਸ਼ਕਲ ਹੈ। ਇਸ ਤੋਂ ਪਹਿਲਾਂ ਬਾਰਡਰ ’ਤੇ ਕੰਧ ਖੜ੍ਹੀ ਕਰਨ ਦਾ ਐਲਾਨ ਵੀ ਖਰਚੇ ਦੇ ਡਰੋਂ ਹੀ ਧਰਿਆ ਧਰਾਇਆ ਰਹਿ ਗਿਆ।