ਨਿਊ ਯਾਰਕ ’ਚ ਹਿੰਦੂ ਮੰਦਰ ਦੀ ਕੰਧ ’ਤੇ ਲਿਖੇ ਇਤਰਾਜ਼ਯੋਗ ਨਾਹਰੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਐਨਾ ਪਹਿਲਾਂ ਨਿਊ ਯਾਰਕ ਦੇ ਮੈਲਵਿਲ ਇਲਾਕੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ।;
ਨਿਊ ਯਾਰਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਐਨਾ ਪਹਿਲਾਂ ਨਿਊ ਯਾਰਕ ਦੇ ਮੈਲਵਿਲ ਇਲਾਕੇ ਵਿਚ ਹਿੰਦੂ ਮੰਦਰ ਦੀਆਂ ਕੰਧਾਂ ’ਤੇ ਇਤਰਾਜ਼ਯੋਗ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊ ਯਾਰਕ ਸਥਿਤ ਭਾਰਤੀ ਕੌਂਸਲੇਟ ਵੱਲੋਂ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੁਲਿਸ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਸੱਦਾ ਦਿਤਾ ਗਿਆ ਹੈ। ਦੂਜੇ ਪਾਸੇ ਅਮਰੀਕਾ ਦੇ ਸੰਸਦ ਮੈਂਬਰ ਟੌਮ ਸੁਔਜ਼ੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਚੁਣੇ ਹੋਏ ਨੁਮਾਇੰਦੇ ਸਵਾਮੀ ਨਾਰਾਇਣ ਮੰਦਰ ਦੇ ਬਾਹਰ ਇਕੱਤਰ ਹੋਏ ਅਤੇ ਨਫ਼ਰਤੀ ਘਟਨਾ ਦੀ ਨੁਕਤਾਚੀਨੀ ਕੀਤੀ। ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਦੇ ਮੈਂਬਰ ਟੌਮ ਸੁਔਜ਼ੀ ਨਾਲ ਰਿਪਬਲਿਕਨ ਪਾਰਟੀ ਦੇ ਨਿਕ ਲਾਲੋਟਾ, ਸਫਕ ਕਾਊਂਟੀ ਦੇ ਕਾਰਜਕਾਰੀ ਐਡ ਰੋਮੇਨ, ਸੂਬਾ ਸੈਨੇਟ ਮੈਂਬਰ ਮਾਰੀਓ ਮਤੇਰਾ, ਸੂਬਾ ਅਸੈਂਬਲੀ ਮੈਂਬਰ ਕੀਥ ਬ੍ਰਾਊਨ ਅਤੇ ਸਟੀਵ ਸਟਰਨ ਨੇ ਇਕਸੁਰ ਆਵਾਜ਼ ਵਿਚ ਮੰਦਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਨਿਖੇਧੀ ਕੀਤੀ।
ਅਮਰੀਕਾ ਦੇ ਸੰਸਦ ਮੈਂਬਰਾਂ ਵੱਲੋਂ ਘਟਨਾ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ
ਸਿਆਸਤੀ ਵਖਰੇਵੇਂ ਹੋਣ ਦੇ ਬਾਵਜੂਦ ਚੁਣੇ ਹੋਏ ਨੁਮਾਇੰਦੇ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਣ ਦੇ ਮਸਲੇ ’ਤੇ ਇਕਜੁਟ ਨਜ਼ਰ ਆਏ ਅਤੇ ਕਿਹਾ ਕਿ ਅਮਰੀਕਾ ਵਿਚ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਸੁਔਜ਼ੀ ਨੇ ਕਿਹਾ ਕਿ ਹਿੰਦੂ ਮੰਦਰ ਸਣੇ ਕਿਸੇ ਵੀ ਧਾਰਮਿਕ ਸਥਾਨ ’ਤੇ ਹਮਲਾ, ਸਾਡੇ ਉਤੇ ਕੀਤਾ ਗਿਆ ਹਮਲਾ ਹੈ। ਧਾਰਮਿਕ ਨਫ਼ਰਤ ਫੈਲਾਉਣ ਵਾਲਿਆਂ ਨੂੰ ਜਲਦ ਕਾਬੂ ਕਰ ਕੇ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਇਸੇ ਦੌਰਾਨ ਸੂਬਾ ਅਸੈਂਬਲੀ ਮੈਂਬਰ ਸਟੀਵ ਸਟਰਨ ਨੇ ਹਰ ਧਾਰਮਿਕ ਸਥਾਨ ਬੇਹੱਦ ਖਾਸ ਹੁੰਦਾ ਹੈ ਅਤੇ ਇਸ ਦਾ ਨਿਰਾਦਰ ਨਹੀਂ ਕੀਤਾ ਜਾ ਸਕਦਾ। ਸਵਾਮੀ ਨਾਰਾਇਣ ਮੰਦਰ ਵਿਚ ਭਾਈਚਾਰੇ ਦੀ ਬਿਹਤਰੀ ਵਾਸਤੇ ਲਗਾਤਾਰ ਮੁਹਿੰਮ ਚਲਾਈ ਜਾਂਦੀ ਹੈ। ਚੁਣੇ ਹੋਏ ਨੁਮਾਇੰਦਿਆਂ ਨਾਲ ਯਹੂਦੀ ਅਤੇ ਈਸਾਈ ਧਰਮਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਥੇ ਦਸਣਾ ਬਣਦਾ ਹੈ ਕਿ ਮੈਲਵਿਲ ਦਾ ਇਹ ਮੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਾਗਮ ਵਾਲੀ ਥਾਂ ਤੋਂ 28 ਕਿਲੋਮੀਟਰ ਦੂਰ ਹੈ। ਪ੍ਰਧਾਨ ਮੰਤਰੀ 22 ਸਤੰਬਰ ਨੂੰ 16 ਹਜ਼ਾਰ ਲੋਕਾਂ ਦੀ ਸਮਰਥਾ ਵਾਲੇ ਕਨਵੈਨਸ਼ਨ ਸੈਂਟਰ ਵਿਚ ਭਾਰਤੀ ਮੂਲ ਦੇ ਅਮਰੀਕੀਆਂ ਨੂੰ ਸੰਬੋਧਨ ਕਰਨਗੇ। ਉਧਰ ਹਿੰਦੂ ਅਮੈਰਿਕਨ ਫਾਊਂਡੇਸ਼ਨ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਅਮਰੀਕਾ ਦੇ ਨਿਆਂ ਵਿਭਾਗ ਅਤੇ ਹੋਮਲੈਂਡ ਸਕਿਉਰਿਟੀ ਵਿਭਾਗ ਨੂੰ ਸਵਾਮੀ ਨਾਰਾਇਦ ਮੰਦਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਅਪੀਲ ਕੀਤੀ ਹੈ। ਫਾਊਂਡੇਸ਼ਨ ਦੇ ਸੁਹਾਗ ਸ਼ੁਕਲਾ ਨੇ ਕਿਹਾ ਕਿ ਹਿੰਦੂਆਂ ਅਤੇ ਭਾਰਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੂੰ ਸਾਂਝਾ ਖਤਰਾ ਮੰਨਦਿਆਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸੋਸ਼ਲ ਮੀਡੀਆ ਪੋਸਟ ਵਿਚ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਾਲ ਹੀ ਵਿਚ ਜਾਰੀ ਧਮਕੀਆਂ ਭਰੀ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ।