ਨਾਈਜ਼ੀਰੀਅਨ ਫ਼ੌਜ ਨੇ ਅਪਰਾਧੀ ਗੈਂਗ ਦੇ ਭੁਲੇਖੇ ਆਮ ਲੋਕਾਂ ’ਤੇ ਕਰਤਾ ਹਵਾਈ ਹਮਲਾ
ਅਬੁਜਾ : ਅਫ਼ਰੀਕੀ ਦੇਸ਼ ਨਾਈਜ਼ੀਰੀਆ ਦੇ ਉੱਤਰ ਪੱਛਮੀ ਰਾਜ ਜੰਫਾਰਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ ਹਵਾਈ ਹਮਲੇ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਐ ਕਿ ਇਹ ਲੋਕ ਇਕ ਪਾਇਲਟ ਦੀ ਗ਼ਲਤੀ ਦੇ ਕਾਰਨ ਮਾਰੇ ਗਏ, ਜਿਸ ਨੇ ਇਨ੍ਹਾਂ ਲੋਕਾਂ ਨੂੰ ਕ੍ਰਿਮੀਨਲ ਗੈਂਗ ਸਮਝ ਲਿਆ ਅਤੇ ਇਨ੍ਹਾਂ ’ਤੇ ਹਮਲਾ ਕਰ ਦਿੱਤਾ।
ਨਾਈਜ਼ੀਰੀਆ ਦੇ ਉਤਰ ਪੱਛਮੀ ਸੂਬੇ ਜੰਫਾਰਾ ਵਿਚ ਉਸ ਸਮੇਂ ਚੀਕ ਚਿਹਾੜਾ ਮੱਚ ਗਿਆ ਜਦੋਂ ਲੋਕਾਂ ’ਤੇ ਅਚਾਨਕ ਇਕ ਹਵਾਈ ਹਮਲੇ ਵਿਚ 16 ਲੋਕਾਂ ਦੀ ਮੌਤ ਹੋ ਗਈ। ਇਕ ਮੀਡੀਆ ਰਿਪੋਰਟ ਮੁਤਾਬਕ ਪਾਇਲਟ ਨੇ ਗ਼ਲਤੀ ਕਾਰਨ ਲੋਕਲ ਲੋਕਾਂ ਦੀ ਡਿਫੈਂਸ ਫੋਰਸ ਨੂੰ ਕ੍ਰਿਮੀਨਲ ਗੈਂਗ ਸਮਝ ਲਿਆ ਅਤੇ ਉਨ੍ਹਾਂ ’ਤੇ ਹਵਾਈ ਹਮਲਾ ਕਰ ਦਿੱਤਾ, ਜਿਸ ਕਾਰਨ 16 ਲੋਕਾਂ ਦੀ ਮੌਤ ਹੋ ਗਈ।
ਨਾਈਜ਼ੀਰੀਆ ਦੀ ਫ਼ੌਜ ਇਸ ਇਲਾਕੇ ਵਿਚ ਲੰਬੇ ਸਮੇਂ ਤੋਂ ਕ੍ਰਿਮੀਨਲ ਗੈਂਗ ਦੇ ਨਾਲ ਲੜ ਰਹੀ ਐ, ਇਨ੍ਹਾਂ ਨੂੰ ਸਥਾਨਕ ਤੌਰ ’ਤੇ ਡਾਕੂ ਵੀ ਕਿਹਾ ਜਾਂਦਾ ਏ। ਇਹ ਲੜਾਕੇ ਪਿੰਡਾਂ ’ਤੇ ਹਮਲੇ ਕਰਦੇ ਨੇ ਅਤੇ ਫਿਰੌਤੀ ਲਈ ਲੋਕਾਂ ਨੂੰ ਅਗਵਾ ਕਰ ਲੈਂਦੇ ਨੇ ਅਤੇ ਫਿਰ ਉਨ੍ਹਾਂ ਦੇ ਘਰਾਂ ਵਿਚ ਅੱਗ ਵੀ ਲਗਾ ਦਿੰਦੇ ਨੇ। ਇਸ ਵਜ੍ਹਾ ਕਰਕੇ ਇੱਥੇ ਰਹਿਣ ਵਾਲੇ ਆਮ ਲੋਕਾਂ ਵੱਲੋਂ ਸੈਲਫ ਡਿਫੈਂਸ ਫੋਰਸ ਬਣਾਈ ਗਈ ਐ ਜੋ ਬੰਦੂਕਾਂ ਲੈ ਕੇ ਅਪਰਾਧੀਆਂ ਨੂੰ ਆਪਣੇ ਇਲਾਕਿਆਂ ਤੋਂ ਬਾਹਰ ਖਦੇੜ ਦਿੰਦੀ ਐ।
ਦਰਅਸਲ ਡਾਕੂਆਂ ਨੇ ਜੰਫਾਰਾ ਦੇ ਡਾਂਗੇਬੇ ਪਿੰਡ ’ਤੇ ਹਮਲਾ ਲੋਕਾਂ ਕੋਲੋਂ ਕਈ ਪਸ਼ੂ ਲੁੱਟ ਲਏ ਸੀ, ਇਸ ਤੋਂ ਬਾਅਦ ਪਿੰਡ ਵਾਲੇ ਬੰਦੂਕਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਬਾਹਰ ਖਦੇੜ ਕੇ ਵਾਪਸ ਪਰਤ ਰਹੇ ਸੀ ਕਿ ਇਸੇ ਦੌਰਾਨ ਇਕ ਲੜਾਕੂ ਜਹਾਜ਼ ਨੇ ਤੁੰਗਰ ਕਾਰਾ ਪਿੰਡ ਦੇ ਨੇੜੇ ਉਨ੍ਹਾਂ ’ਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ, ਜਿਸ ਦੌਰਾਨ 16 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਐਮਨੈਸਟੀ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਗਿਣਤੀ 20 ਦੱਸੀ ਜਾ ਰਹੀ ਐ। ਨਾਈਜ਼ੀਰੀਆ ਦੇ ਅਧਿਕਾਰੀਆਂ ਕੋਲੋਂ ਇਸ ਹਵਾਈ ਹਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਐ। ਇਸ ਘਟਨਾ ਦੌਰਾਨ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਗਏ, ਜਿਸ ਕਰਕੇ ਮੌਤਾਂ ਦੀ ਗਿਣਤੀ ਹੋਰ ਜ਼ਿਆਦਾ ਵਧ ਸਕਦੀ ਐ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਕਿ ਜਦੋਂ ਨਾਈਜ਼ੀਰੀਆ ਵਿਚ ਇਸ ਤਰ੍ਹਾਂ ਆਮ ਲੋਕਾਂ ’ਤੇ ਹਵਾਈ ਹਮਲਾ ਕੀਤਾ ਗਿਆ ਹੋਵੇ, ਸਾਲ 2023 ਵਿਚ ਵੀ ਨਾਈਜ਼ੀਰੀਆਈ ਫ਼ੌਜ ਨੇ ਗਲਤੀ ਨਾਲ ਉਤਰ ਪੱਛਮੀ ਕਡੁਨਾ ਸੂਬੇ ਵਿਚ ਚੱਲ ਰਹੇ ਇਕ ਧਾਰਮਿਕ ਪ੍ਰੋਗਰਾਮ ’ਤੇ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿਚ 85 ਲੋਕ ਮਾਰੇ ਗਏ ਸੀ। ਇਸ ਤੋਂ ਇਲਾਵਾ 2017 ਵਿਚ ਇਕ ਸ਼ਰਨਾਰਥੀ ਕੈਂਪ ’ਤੇ ਹਵਾਈ ਹਮਲੇ ਵਿਚ 112 ਲੋਕ ਮਾਰੇ ਗਏ ਸੀ।