ਟਰੰਪ ਨੂੰ ਨਿਊ ਯਾਰਕ ਦੇ ਮੇਅਰ ਦੀ ਚਿਤਾਵਨੀ
ਨਿਊ ਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਅਮਰੀਕਾ ਨੂੰ ਪ੍ਰਵਾਸੀਆਂ ਨੇ ਖੜ੍ਹਾ ਕੀਤਾ ਹੈ
ਨਿਊ ਯਾਰਕ : ਨਿਊ ਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਹੈ ਅਮਰੀਕਾ ਨੂੰ ਪ੍ਰਵਾਸੀਆਂ ਨੇ ਖੜ੍ਹਾ ਕੀਤਾ ਹੈ ਅਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਲੋਕ ਇਥੇ ਸੁਨਹਿਰੀ ਸੁਪਨੇ ਲੈ ਕੇ ਆਉਂਦੇ ਹਨ ਜਿਨ੍ਹਾਂ ਨੂੰ ਕਰੜੀ ਮਿਹਨਤ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸ਼ਹਿਰ ਦੇ ਇਤਿਹਾਸ ਵਿਚ ਸਭ ਤੋਂ ਨੌਜਵਾਨ ਮੇਅਰ ਨੇ ਇਕ ਇੰਟਰਵਿਊ ਦੌਰਾਨ ਆਖਿਆ ਕਿ ਉਹ ਖੁਦ ਪ੍ਰਵਾਸੀ ਭਾਰਤੀ ਮਾਪਿਆਂ ਦੀ ਔਲਾਦ ਹੈ ਅਤੇ ਬਿਹਤਰ ਭਵਿੱਖ ਦੀ ਭਾਲ ਵਿਚ ਪੁੱਜੇ ਉਸ ਦੇ ਮਾਪਿਆਂ ਨੇ ਹੋਰਨਾਂ ਪ੍ਰਵਾਸੀਆਂ ਨਾਲ ਰਲ ਕੇ ਅਮਰੀਕਾ ਨੂੰ ਅੱਗੇ ਲਿਜਾਣ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਦੀ ਪਹਿਲੀ ਪਛਾਣ ਭਾਰਤੀ ਵਿਰਾਸਤ ਹੈ। ਹਾਲ ਹੀ ਵਿਚ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਮੁਲਾਕਾਤ ਕਰਨ ਵਾਲੇ ਮਮਦਾਨੀ ਨੇ ਅੱਗੇ ਕਿਹਾ ਕਿ ਨਿਊ ਯਾਰਕ ਸ਼ਹਿਰ ਹਮੇਸ਼ਾ ਪ੍ਰਵਾਸੀਆਂ ਦਾ ਸ਼ਹਿਰ ਸੀ ਅਤੇ ਰਹੇਗਾ।
‘ਕਾਨੂੰਨ ਤੋੜਨ ਦਾ ਹੱਕ ਰਾਸ਼ਟਰਪਤੀ ਨੂੰ ਵੀ ਨਹੀਂ’
ਬਤੌਰ ਮੇਅਰ ਉਹ ਸ਼ਹਿਰ ਦੇ ਕਿਰਦਾਰ ਵਿਚ ਕੋਈ ਤਬਦੀਲੀ ਨਹੀਂ ਲਿਆਉਣਗੇ। ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੋ ਰਹੀ ਕਾਰਵਾਈ ਦੌਰਾਨ ਗਰੀਨ ਕਾਰਡ ਹੋਲਡਰਜ਼ ਅਤੇ ਮੁਲਕ ਦੇ ਨਾਗਰਿਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤੇ ਜਾਣ ਦੀਆਂ ਰਿਪੋਰਟਾਂ ਬਾਰੇ ਜ਼ੋਹਰਾਨ ਮਮਦਾਨੀ ਨੇ ਆਖਿਆ ਕਿ ਕਾਨੂੰਨ ਤੋੜਨ ਦੀ ਇਜਾਜ਼ਤ ਅਮਰੀਕਾ ਦੇ ਰਾਸ਼ਟਰਪਤੀ ਨੂੰ ਵੀ ਨਹੀਂ। ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦੇ ਨਾਂ ’ਤੇ ਇੰਮੀਗ੍ਰੇਸ਼ਨ ਐਂਡ ਕਸਮਟਜ਼ ਐਨਫ਼ੋਰਸਮੈਂਟ ਵਾਲੇ ਪੱਕੇ ਹੋ ਚੁੱਕੇ ਪ੍ਰਵਾਸੀਆਂ ਨੂੰ ਵੀ ਤੰਗ-ਪ੍ਰੇਸ਼ਾਨ ਕਰ ਰਹੇ ਹਨ। ਆਈਸ ਦੇ ਆਲ੍ਹਾ ਅਫ਼ਸਰਾਂ ਨੂੰ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਕਾਨੂੰਨ ਸਭਨਾਂ ਲਈ ਬਰਾਬਰ ਹੈ ਅਤੇ ਇੰਮੀਗ੍ਰੇਸ਼ਨ ਅਫ਼ਸਰ ਆਪਣੀਆਂ ਹੱਦਾਂ ਪਾਰ ਨਹੀਂ ਕਰ ਸਕਦੇ। ਮਮਦਾਨੀ ਦਾ ਕਹਿਣਾ ਸੀ ਕਿ ਰਾਸ਼ਟਰਪਤੀ ਡੌਨਲਡ ਟਰੰਪ ਦੁਨੀਆਂ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਮੁਹਿੰਮ ਆਰੰਭਣ ਦਾ ਦਾਅਵਾ ਕਰਦੇ ਹਨ ਪਰ ਨਿਊ ਯਾਰਕ ਸ਼ਹਿਰ ਦਾ ਮੇਅਰ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਇੰਮੀਗ੍ਰੇਸ਼ਨ ਛਾਪਿਆਂ ਵਿਚ ਨਿਊ ਯਾਰਕ ਪੁਲਿਸ ਕੋਈ ਸਹਿਯੋਗ ਨਹੀਂ ਦੇਵੇਗੀ। ਮੇਅਰ ਦੀ ਚੋਣ ਦੌਰਾਨ ਕੀਤੇ ਗਏ ਵਾਅਦਿਆਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਨਿਊ ਯਾਰਕ ਵਰਗੇ ਅਮੀਰਾਂਦੇ ਸ਼ਹਿਰਾਂ ਵਿਚ ਮੱਧ ਵਰਗੀ ਲੋਕਾਂ ਦੇ ਮੁੱਦੇ ਸਾਹਮਣੇ ਲਿਆਂਦੇ ਅਤੇ ਲੋਕਾਂ ਦਾ ਡਟਵਾਂ ਸਾਥ ਮਿਲਿਆ। ਚਾਇਲਡ ਕੇਅਰ, ਮੁਫ਼ਤ ਸਿਹਤ ਸੇਵਾਵਾਂ, ਵਾਜਬ ਮਕਾਨ ਕਿਰਾਇਆ ਅਤੇ ਘਰਾਂ ਦੀਆਂ ਕਿਫ਼ਾਇਤੀ ਕੀਮਤਾਂ ਵਰਗੇ ਵਾਅਦੇ ਹਰ ਹਾਲਤ ਵਿਚ ਪੂਰੇ ਕੀਤੇ ਜਾਣਗੇ।
ਇੰਮੀਗ੍ਰੇਸ਼ਨ ਛਾਪਿਆਂ ’ਤੇ ਮਾਹੌਲ ਹੋਇਆ ਗਰਮ
ਉਨ੍ਹਾਂ ਦੱਸਿਆ ਕਿ ਅਮੀਰ ਲੋਕਾਂ ਉਤੇ 2 ਫ਼ੀ ਸਦੀ ਟੈਕਸ ਨਾਲ ਹਰ ਸਾਲ 4 ਅਰਬ ਡਾਲਰ ਦੀ ਰਕਮ ਇਕੱਤਰ ਹੋਵੇਗੀ ਅਤੇ ਸਾਰੇ ਵਾਅਦੇ ਪੂਰੇ ਕੀਤੇ ਜਾ ਸਕਣਗੇ। ਕੌਮਾਂਤਰੀ ਸਿਆਸਤ ਵਿਚ ਨਵੀਆਂ ਵਿਚਾਰਧਾਰਾਵਾਂ ਦੇ ਉਭਾਰ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਜਿਹਾ ਮੁੱਖ ਕਦਮੀ ਤੋਂ ਹੀ ਹੁੰਦਾ ਆਇਆ ਹੈ। ਸਮੇਂ ਦੇ ਨਾਲ-ਨਾਲ ਨਵੀਆਂ ਅਤੇ ਪੁਰਾਣੀਆਂ ਵਿਚਾਰਧਾਰਾਵਾਂ ਦਰਮਿਆਨ ਟਕਰਾਅ ਹੁੰਦਾ ਰਹਿੰਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਸਿਆਸਤ ਨੂੰ ਜ਼ਮੀਨੀ ਪੱਧਰ ’ਤੇ ਲੋਕਾਂ ਦੇ ਆਲੇ-ਦੁਆਲੇ ਲਿਜਾਣ ਦੀ ਜ਼ਰੂਰਤ ਹੈ। ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਸਮਝੌਤੇ ਬਾਰੇ ਉਨ੍ਹਾਂ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ। ਇਹ ਪੁੱਛੇ ਜਾਣ ਕਿ ਕੀ ਭਵਿੱਖ ਵਿਚ ਉਹ ਨਿਊ ਯਾਰਕ ਦੇ ਗਵਰਨਰ ਦੀ ਚੋਣ ਲੜ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਨਿਊ ਯਾਰਕ ਸ਼ਹਿਰ ਦੇ ਮੇਅਰ ਵਜੋਂ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਇਥੇ ਦਸਣਾ ਬਣਦਾ ਹੈ ਕਿ ਬੀਤੀ 21 ਨਵੰਬਰ ਨੂੰ ਮਮਦਾਨੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪਹਿਲੀ ਆਹਮੋ ਸਾਹਮਣੀ ਮੁਲਾਕਾਤ ਕੀਤੀ। ਪੱਤਰਕਾਰਾਂ ਨੇ ਜਦੋਂ ਮਮਦਾਨੀ ਨੂੰ ਪੁੱਛਿਆ ਗਿਆ ਕਿ ਕੀ ਉਹ ਟਰੰਪ ਨੂੰ ਤਾਨਾਸ਼ਾਹ ਮੰਨਦੇ ਹਨ ਤਾਂ ਟਰੰਪ ਨੇ ਟੋਕਦਿਆਂ ਆਖਿਆ ਸੀ, ‘‘ਕੋਈ ਗੱਲ ਨਹੀਂ ਹਾਂ ਕਹਿ ਦਿਉ, ਮੈਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।’’