ਅਮਰੀਕਾ ’ਚ ਸਿੱਖਾਂ ਨਾਲ ਸਬੰਧਤ ਮੁਕੱਦਮੇ ਵਿਚ ਨਵਾਂ ਮੋੜ
ਅਮਰੀਕਾ ਅਤੇ ਕੈਨੇਡਾ ਵਿਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਵਿਚ ਨਵਾਂ ਮੋੜ ਗਿਆ ਜਦੋਂ ਟਰੰਪ ਸਰਕਾਰ ਨੇ ਯੂ.ਕੇ. ਦੀ ਇਕ ਮਹਿਲਾ ਪ੍ਰੋਫੈਸਰ ਨੂੰ ਬਤੌਰ ਐਕਸਪਰਟ ਵਿਟਨੈਸ ਸ਼ਾਮਲ ਕਰਨ ਦਾ ਐਲਾਨ ਕੀਤਾ
ਨਿਊ ਯਾਰਕ : ਅਮਰੀਕਾ ਅਤੇ ਕੈਨੇਡਾ ਵਿਚ ਕਈ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਮੁਕੱਦਮੇ ਵਿਚ ਨਵਾਂ ਮੋੜ ਗਿਆ ਜਦੋਂ ਟਰੰਪ ਸਰਕਾਰ ਨੇ ਯੂ.ਕੇ. ਦੀ ਇਕ ਮਹਿਲਾ ਪ੍ਰੋਫੈਸਰ ਨੂੰ ਬਤੌਰ ਐਕਸਪਰਟ ਵਿਟਨੈਸ ਸ਼ਾਮਲ ਕਰਨ ਦਾ ਐਲਾਨ ਕੀਤਾ। ਜੀ ਹਾਂ, ਗਵਾਹ ਬਣਨ ਵਾਲੀ ਡਾ. ਨਿਤਾਸ਼ਾ ਕੌਲ ਦਾ ਓ.ਸੀ.ਆਈ. ਕਾਰਡ ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਮੂਲੀਅਤ ਦੇ ਦੋਸ਼ ਹੇਠ ਕੁਝ ਮਹੀਨੇ ਪਹਿਲਾਂ ਰੱਦ ਕਰ ਦਿਤਾ ਗਿਆ ਸੀ। ਡਾ. ਨਿਤਾਸ਼ਾ ਕੌਲ ਯੂਨੀਵਰਸਿਟੀ ਆਫ਼ ਵੈਸਟਮਿੰਸਟਰ ਵਿਚ ਸਿਆਸਤ ਅਤੇ ਕੌਮਾਂਤਰੀ ਰਿਸ਼ਤਿਆਂ ਬਾਰੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਵਿਦੇਸ਼ ਵਿਚ ਵਸਦੇ ਸਿੱਖਾਂ ਵਿਰੁੱਧ ਹੋ ਰਹੀ ਕਾਰਵਾਈ ਬਾਰੇ ਡਾ. ਨਿਤਾਸ਼ਾ ਕੌਲ ਲਗਾਤਾਰ ਆਵਾਜ਼ ਉਠਾਉਂਦੇ ਆ ਰਹੇ ਹਨ।
ਡਾ. ਨਿਤਾਸ਼ਾ ਕੌਲ ਨੂੰ ਟਰੰਪ ਸਰਕਾਰ ਨੇ ਗਵਾਹ ਨਾਮਜ਼ਦ ਕੀਤਾ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਸਰਕਾਰ ਵੱਲੋਂ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਨਿਖਿਲ ਗੁਪਤਾ ਵਿਰੁੱਧ ਮੁਕੱਦਮਾ ਚਲਾਇਆ ਜਾ ਰਿਹਾ ਹੈ ਜਦਕਿ ਭਾਰਤੀ ਖੁਫੀਆ ਏਜੰਸੀ ਦੇ ਇਕ ਅਫ਼ਸਰ ਨੂੰ ਭਗੌੜਾ ਵਿਚ ਐਲਾਨਿਆ ਗਿਆ ਹੈ। ਨਿਖਿਲ ਗੁਪਤਾ ਨੂੰ ਅਮਰੀਕਾ ਦੀ ਗੁਜ਼ਾਰਿਸ਼ ’ਤੇ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਪਿਛਲੇ ਸਾਲ ਜੂਨ ਵਿਚ ਨਿਊ ਯਾਰਕ ਲਿਆਂਦਾ। ਅਦਾਲਤ ਵਿਚ ਪੇਸ਼ੀ ਦੌਰਾਨ ਸਰਕਾਰੀ ਵਕੀਲਾਂ ਵਿਚੋਂ ਇਕ ਸਹਾਇਕ ਜ਼ਿਲ੍ਹਾ ਅਟਾਰਨੀ ਕਮੀਲ ਲੈਟੋਇਆ ਫਲੈਚਰ ਨੇ ਦਾਅਵਾ ਕੀਤਾ ਕਿ ਨਿਖਿਲ ਗੁਪਤਾ ਨੇ ਕਥਿਤ ਤੌਰ ’ਤੇ ਭਾਰਤ ਸਰਕਾਰ ਦੇ ਇਕ ਮੁਲਾਜ਼ਮ ਨਾਲ ਰਲ ਕੇ ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਘੜੀ। ਸਰਕਾਰੀ ਵਕੀਲ ਨੇ ਗੁਰਪਤਵੰਤ ਸਿੰਘ ਪੰਨੂ ਦਾ ਨਾਂ ਨਹੀਂ ਲਿਆ ਜਿਸ ਕੋਲ ਅਮਰੀਕਾ ਦੀ ਨਾਗਰਿਕਤਾ ਤੋਂ ਇਲਾਵਾ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈ।
ਭਾਰਤ ਸਰਕਾਰ ਰੱਦ ਕਰ ਚੁੱਕੀ ਹੈ ਓ.ਸੀ.ਆਈ. ਕਾਰਡ
ਫਲੈਚਰ ਨੇ ਅਦਾਲਤ ਨੂੰ ਦੱਸਿਆ ਕਿ ਨਿਖਿਲ ਗੁਪਤਾ ਨੇ ਇਕ ਸ਼ਖਸ ਨਾਲ ਗੱਲਬਾਤ ਦੌਰਾਨ ਕਤਲ ਨੂੰ ਅੰਜਾਮ ਦੇਣ ਲਈ ਇਕ ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਇਸ ਰਕਮ ਵਿਚੋਂ 15 ਹਜ਼ਾਰ ਡਾਲਰ ਪੇਸ਼ਗੀ ਦੇਣ ਦਾ ਵਾਅਦਾ ਵੀ ਕੀਤਾ। ਅਸਲ ਵਿਚ ਨਿਖਿਲ ਗੁਪਤਾ ਜਿਹੜੇ ਸ਼ਖਸ ਨੂੰ ਭਾੜੇ ਦਾ ਕਾਤਲ ਸਮਝ ਰਿਹਾ ਸੀ, ਉਹ ਅੰਡਰ ਕਵਰ ਸਕਿਉਰਿਟੀ ਏਜੰਟ ਸੀ। ਅਦਾਲਤ ਵਿਚ ਸੁਣਵਾਈ ਦੌਰਾਨ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਡ੍ਰਗ ਐਨਫੋਰਸਮੈਂਟ ਏਜੰਸੀ ਵੱਲੋਂ ਇਲੈਕਟ੍ਰਾਨਿਕ ਸੰਪਰਕ ਨਾਲ ਸਬੰਧਤ ਕੁਝ ਹੋਰ ਵੇਰਵੇ ਵੀ ਪੇਸ਼ ਕੀਤੇ ਗਏ ਜਦਕਿ ਭਾੜੇ ਦੇ ਕਾਤਲ ਨਾਲ ਹੋਈ ਗੱਲਬਾਤ ਦੀ ਆਡੀਓ ਅਤੇ ਵੀਡੀਓ ਰਿਕਾਰਡਿੰਗ ਵੀ ਅਦਾਲਤ ਵਿਚ ਪੇਸ਼ ਕੀਤੀ ਗਈ।