ਅਮਰੀਕਾ ਵਿਚ ਭਾਰਤੀ ਨੌਜਵਾਨ ਦੀ ਮੌਤ ਬਾਰੇ ਨਵਾਂ ਖੁਲਾਸਾ
ਅਮਰੀਕਾ ਦੇ ਕਾਰੋਬਾਰੀ ਖੇਤਰ ਵਿਚ ਤਰਥੱਲੀ ਮਚਾਉਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਸੁਚਿਰ ਬਾਲਾਜੀ ਨੇ ਖੁਦਕੁਸ਼ੀ ਕੀਤੀ ਸੀ।
ਸੈਨ ਫਰਾਂਸਿਸਕੋ : ਅਮਰੀਕਾ ਦੇ ਕਾਰੋਬਾਰੀ ਖੇਤਰ ਵਿਚ ਤਰਥੱਲੀ ਮਚਾਉਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਸੁਚਿਰ ਬਾਲਾਜੀ ਨੇ ਖੁਦਕੁਸ਼ੀ ਕੀਤੀ ਸੀ। ਜੀ ਹਾਂ, ਇਹ ਹੈਰਾਨਕੁੰਨ ਦਾਅਵਾ ਮੈਡੀਕਲ ਐਗਜ਼ਾਮੀਨਰ ਵੱਲੋਂ ਕੀਤਾ ਗਿਆ ਹੈ ਕਿਉਂਕਿ ਸੁਚਿਰ ਬਾਲਾਜੀ ਦੇ ਮਾਪਿਆਂ ਵੱਲੋਂ ਉਸ ਦਾ ਕਤਲ ਹੋਣ ਦਾ ਦੋਸ਼ ਲਾਉਂਦਿਆਂ ਮਾਮਲੇ ਦੀ ਪੜਤਾਲ ਐਫ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ। ਓਪਨ ਏ.ਆਈ. ਵਿਰੁੱਧ ਧੋਖਾਧੜੀ ਦੇ ਦੋਸ਼ ਲਾਉਣ ਵਾਲੇ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ ਬਾਥਰੂਮ ਦੇ ਦਰਵਾਜ਼ੇ ਦੇ ਨੇੜੇ ਪਈ ਮਿਲੀ ਅਤੇ ਹਰ ਪਾਸੇ ਖੂਨ ਦੇ ਛਿੱਟੇ ਨਜ਼ਰ ਆ ਰਹੇ ਸਨ।
ਮੈਡੀਕਲ ਐਗਜ਼ਮੀਨਰ ਮੁਤਾਬਕ ਸੁਚਿਰ ਨੇ ਕੀਤੀ ਸੀ ਖੁਦਕੁਸ਼ੀ
ਸੁਚਿਰ ਦੇ ਮਾਪਿਆਂ ਪੂਰਨਿਮਾ ਰਾਮਾਰਾਓ ਅਤੇ ਬਾਲਾਜੀ ਰਾਮਮੂਰਤੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਖੁਦਕੁਸ਼ੀ ਨਹੀਂ ਕਰ ਸਕਦਾ ਅਤੇ ਇਸੇ ਕਰ ਕੇ ਉਨ੍ਹਾਂ ਵੱਲੋਂ ਦੂਜਾ ਪੋਸਟ ਮਾਰਟਮ ਕਰਵਾਉਣ ਲਈ ਇਕ ਫੌਰੈਂਸਿਕ ਮਾਹਰ ਦੀਆਂ ਸੇਵਾਵਾਂ ਲਈਆਂ ਗਈਆਂ ਪਰ ਸ਼ੁੱਕਰਵਾਰ ਨੂੰ ਸੈਨ ਫਰਾਂਸਿਸਕੋ ਦੇ ਚੀਫ਼ ਮੈਡੀਕਲ ਐਗਜ਼ਾਮੀਨਰ ਨੇ ਖੁਦਕੁਸ਼ੀ ਦੀ ਤਸਦੀਕ ਕਰ ਦਿਤੀ। ਰਿਪੋਰਟ ਵਿਚ ਕੁਝ ਨਵੇਂ ਤੱਥ ਵੀ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਮੁਤਾਬਕ ਸੁਚਿਰ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਮਾਮਲਾ ਬੰਦ ਕਰ ਦਿਤਾ ਹੈ ਅਤੇ ਹੁਣ ਇਸ ਨੂੰ ਤਾਂ ਹੀ ਮੁੜ ਖੋਲਿ੍ਹਆ ਜਾਵੇਗਾ ਜੇ ਕੋਈ ਠੋਸ ਸਬੂਤ ਸਾਹਮਣੇ ਆਉਂਦਾ ਹੈ। ਪੋਸਟ ਮਾਰਟਮ ਰਿਪੋਰਟ ਰਾਹੀਂ ਬਾਲਾਜੀ ਦੇ ਮਾਪਿਆਂ ਦਾ ਇਕ ਦਾਅਵਾ ਸੱਚ ਸਾਬਤ ਹੋਇਆ ਕਿ ਗੋਲੀ ਲੱਗਣ ਮਗਰੋਂ ਉਸ ਦੀ ਤੁਰਤ ਮੌਤ ਨਹੀਂ ਹੋਈ। ਸੁਚਿਰ ਦੇ ਮਾਪਿਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਬੇਟੇ ਦੇ ਸਿਰ ’ਤੇ ਜ਼ੋਰਦਾਰ ਵਾਰ ਕੀਤਾ ਗਿਆ ਅਤੇ ਮਰਨ ਤੋਂ ਪਹਿਲਾਂ ਉਸ ਨੇ ਕਈ ਮਿੰਟ ਸੰਘਰਸ਼ ਕੀਤਾ ਪਰ ਪੋਸਟਮਾਰਟਮ ਰਿਪੋਰਟ ਵਿਚ ਜ਼ੋਰਦਾਰ ਵਾਰ ਦੇ ਦਾਅਵੇ ਨਾਲ ਸਬੰਧਤ ਕੋਈ ਸਬੂਤ ਨਾ ਮਿਲ ਸਕਿਆ। ਰਿਪੋਰਟ ਕਹਿੰਦੀ ਹੈ ਕਿ ਸੁਚਿਰ ਦੇ ਹੱਥਾਂ ਤੋਂ ਬਾਰੂਦ ਲੱਗਾ ਹੋਣ ਦੇ ਸਬੂਤ ਵੀ ਮਿਲੇ ਜੋ ਅਕਸਰ ਹੀ ਗੋਲੀ ਚਲਾਉਣ ਵਾਲੇ ਦੇ ਹੱਥਾਂ ’ਤੇ ਹੁੰਦੇ ਹਨ।
ਸ਼ਰਾਬ ਪੀਤੀ ਹੋਣ ਦਾ ਜ਼ਿਕਰ ਵੀ ਕੀਤਾ
ਇਥੇ ਦਸਣਾ ਬਣਦਾ ਹੈ ਕਿ ਪੂਰਨਿਮਾ ਰਾਮਾਰਾਓ ਨੇ ਕਿਹਾ ਸੀ ਕਿ ਉਹ ਆਪਣੀ ਪੋਸਟਮਾਰਟਮ ਰਿਪੋਰਟ ਉਦੋਂ ਤੱਕ ਜਨਤਕ ਨਹੀਂ ਕਰਨਗੇ ਜਦੋਂ ਚੀਫ਼ ਮੈਡੀਕਲ ਐਗਜ਼ਾਮੀਨਰ ਦੀ ਰਿਪੋਰਟ ਸਾਹਮਣੇ ਨਹੀਂ ਆ ਜਾਂਦੀ। ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ਓਪਨ ਏ.ਆਈ. ’ਤੇ ਗੰਭੀਰ ਦੋਸ਼ ਲਾਉਣ ਵਾਲੇ ਸੁਚਿਰ ਦੀ ਮਾਤਾ ਪੂਰਨਿਮਾ ਰਾਮਾਰਾਓ ਨੇ ਕਿਹਾ ਸੀ ਕਿ ਮੌਕੇ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਦੂਜੀ ਪੋਸਟਮਾਰਟਮ ਰਿਪੋਰਟ ਬਹੁਤ ਕੁਝ ਬਿਆਨ ਕਰ ਰਹੀ ਹੈ। ਇਹ ਖੁਦਕੁਸ਼ੀ ਦਾ ਮਾਮਲਾ ਨਹੀਂ, ਸਗੋਂ ਸਿੱਧੇ ਤੌਰ ’ਤੇ ਕਤਲ ਹੈ। ਸੁਚਿਰ ਦੇ ਮਾਪਿਆਂ ਮੁਤਾਬਕ ਨਿਊ ਯਾਰਕ ਟਾਈਮਜ਼ ਨੂੰ ਦਿਤੀ ਇੰਟਰਵਿਊ ਉਸ ਦੀ ਮੌਤ ਦਾ ਕਾਰਨ ਬਣੀ। ਦੱਸ ਦੇਈਏ ਕਿ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇਕ ਅਪਾਰਟਮੈਂਟ ਵਿਚੋਂ ਮਿਲੀ ਪਰ ਪੁਲਿਸ ਵੱਲੋਂ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ। ਪਹਿਲੀ ਰਿਪੋਰਟ ਵਿਚ ਮੈਡੀਕਲ ਐਗਜ਼ਾਮੀਨਰ ਨੂੰ ਸੁਚਿਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਗਿਆ। ਨਵੰਬਰ 2020 ਤੋਂ ਅਗਸਤ 2024 ਤੱਕ ‘ਓਪਨ ਏ.ਆਈ.’ ਵਾਸਤੇ ਕੰਮ ਕਰਨ ਵਾਲਾ ਸੁਚਿਰ ਬਾਲਾਜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਉਸ ਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁੰਨ ਖੁਲਾਸੇ ਕਰ ਦਿਤੇ। ਨਿਊ ਯਾਰਕ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਸੁਚਿਰ ਨੇ ਕਿਹਾ ਸੀ ਕਿ ਓਪਨ ਏ.ਆਈ. ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਅਤੇ ਇੰਟਰਨੈਟ ਇਕੋਸਿਸਟਮ ਵਾਸਤੇ ਬੇਹੱਦ ਨੁਕਸਾਨਦੇਹ ਹੈ। ਸੁਚਿਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡੈਵਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿਤਾ।