ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ’ਤੇ ਨਵੀਆਂ ਬੰਦਿਸ਼ਾਂ
ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਨਵੀਆਂ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਹਨ।;
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦਾ ਦਾਖਲਾ ਰੋਕਣ ਲਈ ਨਵੀਆਂ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਹਨ। ਜੀ ਹਾਂ, ਮੈਕਸੀਕੋ ਦੇ ਰਸਤੇ ਆਉਣ ਅਤੇ ਅਸਾਇਲਮ ਮੰਗਣ ਵਾਲਿਆਂ ਦੀ ਰੋਜ਼ਾਨਾ ਗਿਣਤੀ 1500 ਤੋਂ ਟਪਦਿਆਂ ਹੀ ਪ੍ਰਵਾਸੀਆਂ ਨੂੰ ਵਾਪਸ ਮੋੜਨਾ ਸ਼ੁਰੂ ਕਰ ਦਿਤਾ ਜਾਵੇਗਾ ਜਦਕਿ ਹੁਣ ਤੱਕ 2500 ਪ੍ਰਵਾਸੀਆਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿਤੀ ਜਾ ਰਹੀ ਸੀ। ਬਾਇਡਨ ਸਰਕਾਰ ਦੇ ਇਕ ਸੀਨੀਅਰ ਅਫ਼ਸਰ ਨੇ ਕਿਹਾ ਕਿ ਇਕ ਹਫ਼ਤੇ ਤੱਕ 1500 ਤੋਂ ਘੱਟ ਪ੍ਰਵਾਸੀਆਂ ਦੇ ਬਾਰਡਰ ’ਤੇ ਪੁੱਜਣ ਦੀ ਸੂਰਤ ਵਿਚ ਨਵੀਆਂ ਬੰਦਿਸ਼ਾਂ ਹਟਾਈਆਂ ਜਾ ਸਕਦੀਆਂ ਹਨ।
ਰੋਜ਼ਾਨਾ 1500 ਦਾ ਅੰਕੜਾ ਟੱਪਣ ’ਤੇ ਵਾਪਸ ਮੋੜੇ ਜਾਣਗੇ ਬਾਕੀ ਪ੍ਰਵਾਸੀ
ਦੂਜੇ ਪਾਸੇ ਇੰਮੀਗ੍ਰੇਸ਼ਨ ਹਮਾਇਤੀਆਂ ਵੱਲੋਂ ਬੰਦਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਡੀਆਂ ਮੁਸ਼ਕਲਾਂ ਵਿਚੋਂ ਲੰਘ ਕੇ ਅਮਰੀਕਾ ਦੇ ਦੱਖਣੀ ਬਾਰਡਰ ’ਤੇ ਪੁੱਜੇ ਪ੍ਰਵਾਸੀਆਂ ਨੂੰ ਵਾਪਸ ਭੇਜਣਾ ਉਨ੍ਹਾਂ ਦੀ ਜਾਨ ਵਾਸਤੇ ਖਤਰਾ ਪੈਦਾ ਕਰ ਦੇਵੇਗਾ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਨੇ ਕਿਹਾ ਕਿ ਨਵੇਂ ਨਿਯਮ ਅਸਾਇਲਮ ਉਤੇ ਪਾਬੰਦੀ ਤੋਂ ਕਿਸੇ ਵੀ ਤਰੀਕੇ ਨਾਲ ਘੱਟ ਨਹੀਂ। ਇਸ ਦੇ ਉਲਟ ਅਮਰੀਕਾ ਦੇ ਹੋਮਲੈਂਡ ਸਕਿਉਰਿਟੀ ਮੰਤਰੀ ਅਲਹੈਂਦਰੋ ਮਯੋਰਕਸ ਨੇ ਕਿਹਾ ਕਿ ਨਵੇਂ ਨਿਯਮਾਂ ਨੂੰ ਅਸਾਇਲਮ ’ਤੇ ਪਾਬੰਦੀ ਨਹੀਂ ਮੰਨਿਆ ਜਾ ਸਕਦਾ। ਇਹ ਸਿਰਫ ਵੱਡੀ ਗਿਣਤੀ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਰੋਕਣ ਲਈ ਚੁੱਕਿਆ ਗਿਆ ਕਦਮ ਹੈ।