ਅਮਰੀਕਾ-ਕੈਨੇਡਾ ’ਚ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਬਾਰੇ ਨਵਾਂ ਸਬੂਤ

ਨਿਊ ਯਾਰਕ ਦੀ ਅਦਾਲਤ ਤਾਜ਼ਾ ਸਬੂਤ ਪ੍ਰਵਾਨ ਕਰ ਲੈਂਦੀ ਹੈ ਤਾਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀਆਂ ਗੁੱਝੀਆਂ ਪਰਤਾਂ ਇਕ-ਇਕ ਕਰ ਕੇ ਸਾਹਮਣੇ ਆ ਸਕਦੀਆਂ ਹਨ।

Update: 2025-10-10 12:27 GMT

ਨਿਊ ਯਾਰਕ : ਅਮਰੀਕਾ ਅਤੇ ਕੈਨੇਡਾ ਵਿਚ ਸਿੱਖਾਂ ਦੇ ਕਤਲ ਦੀ ਸਾਜ਼ਿਸ਼ ਨਾਲ ਸਬੰਧਤ ਨਵੇਂ ਸਬੂਤ ਉਭਰ ਕੇ ਸਾਹਮਣੇ ਆ ਰਹੇ ਹਨ ਅਤੇ ਨਿਊ ਯਾਰਕ ਦੀ ਅਦਾਲਤ ਤਾਜ਼ਾ ਸਬੂਤ ਪ੍ਰਵਾਨ ਕਰ ਲੈਂਦੀ ਹੈ ਤਾਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀਆਂ ਗੁੱਝੀਆਂ ਪਰਤਾਂ ਇਕ-ਇਕ ਕਰ ਕੇ ਸਾਹਮਣੇ ਆ ਸਕਦੀਆਂ ਹਨ। ਨਿਖਿਲ ਗੁਪਤਾ ਵਿਰੁੱਧ ਮੁਕੱਦਮੇ ਦੀ ਰਸਮੀ ਸੁਣਵਾਈ 4 ਨਵੰਬਰ ਤੋਂ ਸ਼ੁਰੂ ਹੋਣੀ ਹੈ ਜੋ ਆਪਣੇ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸ ਰਿਹਾ ਹੈ ਪਰ ਸਰਕਾਰੀ ਵਕੀਲਾਂ ਦੇ ਇਰਾਦੇ ਕੁਝ ਹੋਰ ਨਜ਼ਰ ਆ ਰਹੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਟਾਰਨੀ ਜੇਅ ਕਲੇਟਨ ਵੱਲੋਂ ਇਕ ਅਜਿਹੀ ਵੀਡੀਓ ਦਾ ਜ਼ਿਕਰ ਕੀਤਾ ਗਿਆ ਹੈ ਜੋ ਹੁਣ ਤੱਕ ਕਿਸੇ ਨੇ ਨਹੀਂ ਦੇਖੀ। ਸਰਕਾਰੀ ਵਕੀਲਾਂ ਨੇ ਦੋਸ਼ ਲਾਇਆ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਤੁਰਤ ਬਾਅਦ ਇਹ ਵੀਡੀਓ ਵਿਕਾਸ ਯਾਦਵ ਕੋਲ ਪੁੱਜੀ ਅਤੇ ਉਸ ਨੇ ਵੀਡੀਓ ਨਿਖਿਲ ਗੁਪਤਾ ਨੂੰ ਭੇਜ ਦਿਤੀ।

ਨਿਊ ਯਾਰਕ ਦੀ ਅਦਾਲਤ ਵਿਚ ਕੀਤਾ ਜਾ ਰਿਹਾ ਪੇਸ਼

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਕਤੂਬਰ 2024 ਦੌਰਾਨ ਉਸ ਵੇਲੇ ਦੀ ਬਾਇਡਨ ਸਰਕਾਰ ਅਤੇ ਭਾਰਤ ਸਰਕਾਰ ਵਿਚਾਲੇ ਸਮਝੌਤਾ ਹੋਇਆ ਕਿ ਕਥਿਤ ਰਾਅ ਏਜੰਟ ਵਿਕਾਸ ਯਾਦਵ ਭਾਰਤ ਸਰਕਾਰ ਵਾਸਤੇ ਕੰਮ ਨਹੀਂ ਕਰੇਗਾ। ਇੰਡੀਅਨ ਮੀਡੀਆ ਰਿਪੋਰਟਾਂ ਵਿਚ ਇਥੋਂ ਤੱਕ ਦਾਅਵਾ ਕੀਤਾ ਗਿਆ ਕਿ ਅਮਰੀਕਾ ਸਰਕਾਰ ਯਾਦਵ ਵਿਰੁੱਧ ਮੁਕੱਦਮਾ ਨਾ ਚਲਾਉਣ ਵਾਸਤੇ ਸਹਿਮਤ ਹੋ ਚੁੱਕੀ ਹੈ। ਇਥੇ ਦਸਣਾ ਬਣਦਾ ਹੈ ਕਿ ਨਿਊ ਯਾਰਕ ਦੀ ਅਦਾਲਤ ਵਿਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਆਧਾਰ ’ਤੇ ‘ਨੈਸ਼ਨਲ ਪੋਸਟ’ ਦੀ ਰਿਪੋਰਟ ਵਿਚ ਦਾਅਵਾ ਕੀਤਾ ਜਾ ਚੁੱਕਾ ਹੈ ਕਿ 53 ਸਾਲ ਦੇ ਨਿਖਿਲ ਗੁਪਤਾ ਦਾ ਇਕ ਬੇਟਾ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਨਿਖਿਲ ਗੁਪਤਾ ਕੋਲ ਪਾਕਿਸਤਾਨੀ ਪਾਸਪੋਰਟ ਵੀ ਮੌਜੂਦ ਰਿਹਾ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਨਿਖਿਲ ਗੁਪਤਾ ਨੂੰ ਚੈਕ ਰਿਪਬਲਿਕ ਵਿਚ ਗ੍ਰਿਫ਼ਤਾਰ ਕਰਵਾਉਣ ਪੁੱਜੇ ਅਮਰੀਕਾ ਦੇ ਦੋ ਅਫ਼ਸਰਾਂ ਕੋਲ ਮੁਕੰਮਲ ਜਾਣਕਾਰੀ ਮੌਜੂਦ ਸੀ ਕਿ ਨਿਖਿਲ ਗੁਪਤਾ ਦੀ ਫਲਾਈਟ ਕਿਸ ਵੇਲੇ ਪਰਾਗ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਕਰੇਗੀ।

4 ਨਵੰਬਰ ਤੋਂ ਨਿਖਿਲ ਗੁਪਤਾ ਵਿਰੁੱਧ ਮੁਕੱਦਮਾ ਹੋਵੇਗਾ ਸ਼ੁਰੂ

ਇਹ ਜਾਣਕਾਰੀ ਚੈਕ ਰਿਪਬਲਿਕ ਦੇ ਪੁਲਿਸ ਅਫ਼ਸਰਾਂ ਨੂੰ ਦਿਤੀ ਗਈ ਅਤੇ ਕੁਝ ਦੇਰ ਬਾਅਦ ਨਿਖਿਲ ਗੁਪਤਾ ਨੂੰ ਹਥਕੜੀਆਂ ਲੱਗ ਗਈਆਂ। ਗੁਪਤਾ ਦੀ ਗ੍ਰਿਫ਼ਤਾਰੀ 30 ਜੂਨ 2023 ਨੂੰ ਸ਼ਾਮ ਤਕਰੀਬਨ 6.30 ਵਜੇ ਹੋਈ ਅਤੇ ਉਸ ਨੂੰ ਜੇਲ ਲਿਜਾਏ ਜਾਣ ਦੌਰਾਨ ਦੋਵੇਂ ਅਮਰੀਕੀ ਅਫ਼ਸਰ ਵੈਨ ਵਿਚ ਮੌਜੂਦ ਸਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਨਿਖਿਲ ਗੁਪਤਾ ਵਿਰੁੱਧ ਨਵੇਂ ਸਬੂਤ ਬਾਰੇ ਕੈਨੇਡੀਅਨ ਜਾਂਚਕਰਤਾਵਾਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਵਿਚ ਉਚ ਅਹੁਦਿਆਂ ’ਤੇ ਬੈਠੇ ਕਈ ਜਣਿਆਂ ਦੇ ਚਿਹਰੇ ਬੇਪਰਦਾ ਹੋ ਸਕਦੇ ਹਨ ਪਰ ਇਸ ਵਾਰ ਕੈਨੇਡਾ ਉਤੇ ਦੋਸ਼ ਨਹੀਂ ਲੱਗ ਸਕਣਗੇ ਅਤੇ ਟਰੰਪ ਸਰਕਾਰ ਨਾਲ ਮੱਥਾ ਲਾਉਣ ਦੀ ਹਾਲਤ ਵਿਚ ਭਾਰਤ ਸਰਕਾਰ ਨਜ਼ਰ ਨਹੀਂ ਆਉਂਦੀ। ਸਿਰਫ਼ ਇਥੇ ਹੀ ਬੱਸ ਨਹੀਂ, ਮੁਕੱਦਮਾ ਸ਼ੁਰੂ ਹੋਣ ’ਤੇ ਗਵਾਹੀ ਦੇਣ ਯੂ.ਕੇ. ਤੋਂ ਨਿਤਾਸ਼ਾ ਕੌਲ ਵੀ ਪੁੱਜ ਰਹੀ ਹੈ ਜਿਸ ਦਾ ਓ.ਸੀ.ਆਈ. ਕਾਰਡ ਭਾਰਤ ਸਰਕਾਰ ਰੱਦ ਕਰ ਚੁੱਕੀ ਹੈ।

Tags:    

Similar News