ਮਸਕ ਦੀ ਕੰਪਨੀ ਨੇ ਆਰੰਭੀ ਰੋਬੋਟੈਕਸੀ ਸੇਵਾ
ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਈਲੌਨ ਮਸਕ ਵੱਲੋਂ ਰੋਬੋਟੈਕਸੀ ਸੇਵਾ ਆਰੰਭ ਦਿਤੀ ਗਈ ਹੈ ਜੋ ਬਗੈਰ ਡਰਾਈਵਰ ਤੋਂ ਮੁਸਾਫ਼ਰਾਂ ਨੂੰ ਮੰਜ਼ਿਲ ਤੱਕ ਪਹੁੰਚਾਵੇਗੀ।
ਆਸਟਿਨ : ਦੁਨੀਆਂ ਦੇ ਸਭ ਤੋਂ ਅਮੀਰ ਕਾਰੋਬਾਰੀ ਈਲੌਨ ਮਸਕ ਵੱਲੋਂ ਰੋਬੋਟੈਕਸੀ ਸੇਵਾ ਆਰੰਭ ਦਿਤੀ ਗਈ ਹੈ ਜੋ ਬਗੈਰ ਡਰਾਈਵਰ ਤੋਂ ਮੁਸਾਫ਼ਰਾਂ ਨੂੰ ਮੰਜ਼ਿਲ ਤੱਕ ਪਹੁੰਚਾਵੇਗੀ। ਮੁਢਲੇ ਤੌਰ ’ਤੇ ਰੋਬੋਟੈਕਸੀ ਦੀ ਸਹੂਲਤ ਸਿਰਫ਼ ਆਸਟਿਨ ਸ਼ਹਿਰ ਵਿਚ ਆਰੰਭੀ ਗਈ ਹੈ ਅਤੇ ਇਕ ਰਾਈਡ ਦੀ ਕੀਮਤ ਸਵਾ ਚਾਰ ਡਾਲਰ ਹੋਵੇਗੀ। ਬਗੈਰ ਡਰਾਈਵਰ ਵਾਲੀ ਟੈਕਸੀ ਦੀ ਵਰਤੋਂ ਕਰਨ ਵਾਲੇ ਕੁਝ ਲੋਕਾਂ ਨੇ ਐਕਸ ’ਤੇ ਆਪਣੀ ਰਾਈਡ ਦਾ ਤਜਰਬਾ ਵੀ ਸਾਂਝਾ ਕੀਤਾ। ਉਧਰ ਈਲੌਨ ਮਸਕ ਨੇ ਟੈਸਲਾ ਦੀ ਏ.ਆਈ. ਸਾਫ਼ਟਵੇਅਰ ਅਤੇ ਚਿਪ ਡਿਜ਼ਾਈਨ ਟੀਮ ਨੂੰ ਰੋਬੋਟੈਕਸੀ ਦੀ ਸਫ਼ਲਤਾ ’ਤੇ ਵਧਾਈਆਂ ਦਿਤੀਆਂ। ਇਹ 10 ਸਾਲ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ ਅਤੇ ਟੈਸਲਾ ਦੀ ਟੀਮ ਵੱਲੋਂ ਬਗੈਰ ਕਿਸੇ ਬਾਹਰੀ ਮਦਦ ਤੋਂ ਚਿਟ ਅਤੇ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਰੋਬੋਟੈਕਸੀ, ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਸੈਂਸਰ, ਕੈਮਰੇ, ਰਡਾਰ ਅਤੇ ਲੀਡਾਰ ਵਰਗੀਆਂ ਕਈ ਆਧੁਨਿਕ ਤਕਨੀਕੀ ਤੀਆਂ ਵਰਤੋਂ ਕਰਦਿਆਂ ਸੜਕ ’ਤੇ ਅੱਗੇ ਵਧਦੀ ਹੈ।
ਬਗੈਰ ਡਰਾਈਵਰ ਤੋਂ ਮੁਸਾਫ਼ਰ ਆਪਣੇ ਮੰਜ਼ਿਲ ਤੱਕ ਪੁੱਜਣਗੇ
ਟੈਸਲਾ ਵੱਲੋਂ ਰੋਬੋਟੈਕਸੀ ਵਾਸਤੇ ਆਪਣੇ ਵਾਈ ਮਾਡਲ ਦੀ ਵਰਤੋਂ ਕੀਤੀ ਗਈ ਹੈ ਅਤੇ 20 ਗੱਡੀਆਂ ਟੈਕਸੀ ਦੇ ਰੂਪ ਵਿਚ ਸੜਕਾਂ ’ਤੇ ਉਤਾਰੀਆਂ ਗਈਆਂ ਹਨ। ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਫ਼ਿਲਹਾਲ ਕੰਪਨੀ ਦਾ ਇਕ ਮੁਲਾਜ਼ਮ ਰੋਬੋਟੈਕਸੀ ਵਿਚ ਬੈਠੇਗਾ ਤਾਂਕਿ ਹਾਦਸਾ ਹੋਣ ਦਾ ਖਤਰਾ ਪੈਦਾ ਹੁੰਦਿਆਂ ਹੀ ਕਾਰ ਨੂੰ ਕੰਟਰੋਲ ਕੀਤਾ ਜਾ ਸਕੇ। ਇਹ ਗੱਡੀਆਂ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਆਸਟਿਨ ਸ਼ਹਿਰ ਵਿਚ ਚੱਲ ਰਹੀਆਂ ਹਨ। ਟੈਸਲਾ ਵੱਲੋਂ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਕਿ ਆਖਰਕਾਰ ਵੱਡੇ ਪੱਧਰ ’ਤੇ ਰੋਬੋਟੈਕਸੀ ਸੇਵਾ ਕਦੋਂ ਸ਼ੁਰੂ ਕੀਤੀ ਜਾ ਰਹੀ ਹੈ ਪਰ ਈਲੌਨ ਮਸਕ ਨੇ ਕਿਹਾ ਕਿ ਜਲਦ ਹੀ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਰੋਬੋਟੈਕਸੀਆਂ ਚਲਦੀਆਂ ਨਜ਼ਰ ਆਉਣਗੀਆਂ। ਇਥੇ ਦਸਣਾ ਬਣਦਾ ਹੈ ਕਿ ਰੋਬੋਟੈਕਸੀ ਵਾਸਤੇ ਵਰਤਿਆ ਜਾ ਰਿਹਾ ਟੈਸਲਾ ਦਾ ਵਾਈ ਮਾਡਲ 2019 ਵਿਚ ਆਇਆ ਸੀ। ਇਸ ਮਾਡਲ ਦੀ ਕੀਮਤ 40 ਹਜ਼ਾਰ ਡਾਲਰ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ 3 ਵੈਰੀਐਂਟਸ ਵਿਚ ਮਿਲ ਜਾਂਦਾ ਹੈ। ਪਰਫੌਰਮੈਂਸ ਵਰਜ਼ਨ ਦੀ ਕੀਮਤ 60 ਹਜ਼ਾਰ ਡਾਲਰ ਹੈ ਅਤੇ ਇਸ ਦੀ ਰਫ਼ਤਾਰ ਵੀ ਆਮ ਗੱਡੀਆਂ ਦੀ ਬਰਾਬਰ ਹੁੰਦੀ ਹੈ।
ਮਨੁੱਖੀ ਰੋਬੋਟ ਦਾ ਨਵਾਂ ਵਰਜ਼ਨ ਵੀ ਕੀਤਾ ਪੇਸ਼
ਦੱਸ ਦੇਈਏ ਕਿ ਗੂਗਲ ਦੀ ਪੇਰੈਂਟ ਕੰਪਨੀ ਅਫ਼ਲਾਬੈਟ ਦੀ ਮਾਲਕੀ ਵਾਲੀ ਵਾਇਮੋ ਪਹਿਲਾਂ ਹੀ ਸੈਨ ਫਰਾਂਸਿਸਕੋ, ਲੌਸ ਐਂਜਲਸ, ਫਿਨਿਕਸ ਅਤੇ ਆਸਟਿਨ ਵਿਚ 1,500 ਤੋਂ ਵੱਧ ਡਰਾਈਵਰਲੈਸ ਟੈਕਸੀਆਂ ਚਲਾ ਰਹੀ ਹੈ। ਜੂਕਸ ਵਰਗੀਆਂ ਕੰਪਨੀਆਂ ਵੀ ਡਰਾਈਵਰਲੈਸ ਗੱਡੀਆਂ ਤਿਆਰ ਕਰ ਰਹੀਆਂ ਹਨ ਜਿਨ੍ਹਾਂ ਵਿਚ ਸਟੀਅਰਿੰਗ ਵ੍ਹੀਲ ਅਤੇ ਪੈਡਲਜ਼ ਵਗੈਰਾ ਵੀ ਨਹੀਂ। ਦੂਜੇ ਪਾਸੇ ਟੈਸਲਾ ਵੱਲੋਂ ਆਪਣੇ ਮਨੁੱਖੀ ਰੋਬੋਟ ਆਪਟੀਮਸ ਦਾ ਨਵਾਂ ਵਰਜ਼ਨ ਵੀ ਪੇਸ਼ ਕੀਤਾ ਗਿਆ ਹੈ ਜੋ ਘਰ ਦੇ ਕਈ ਕੰਮ ਕਰਨ ਦੇ ਸਮਰੱਥ ਹੈ। ਇਥੋਂ ਤੱਕ ਕਿ ਇਹ ਰੋਟੀ ਵੀ ਬਣਾ ਸਕਦਾ ਹੈਅਤੇ ਸਾਫ਼ ਸਫਾਈ ਵੀ ਕਰਵਾਈ ਜਾ ਸਕਦੀ ਹੈ। ਈਲੌਨ ਮਸਕ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਵੀਡੀਓ ਵਿਚ ਆਪਟੀਮਸ ਨੂੰ ਕੰਮ ਕਰਦਿਆਂ ਦੇਖਿਆ ਜਾ ਸਕਦਾ ਹੈ।