ਅਮਰੀਕਾ ਵਿਚ ਭਾਰਤੀ ਨੌਜਵਾਨ ਦਾ ਕਤਲ

ਅਮਰੀਕਾ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਬਾਰੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਮਾਪਿਆਂ ਨੇ ਕਿਹਾ ਹੈ ਕਿ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਕੀਤਾ ਗਿਆ।;

Update: 2025-01-01 13:06 GMT

ਸੈਨ ਫਰਾਂਸਿਸਕੋ : ਅਮਰੀਕਾ ਵਿਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਬਾਰੇ ਵੱਡਾ ਖੁਲਾਸਾ ਕਰਦਿਆਂ ਉਸ ਦੇ ਮਾਪਿਆਂ ਨੇ ਕਿਹਾ ਹੈ ਕਿ ਸੁਚਿਰ ਨੇ ਖੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦਾ ਕਤਲ ਕੀਤਾ ਗਿਆ। ਸੁਚਿਰ ਬਾਲਾਜੀ ਦੇ ਮਾਪਿਆਂ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੋਸਟ ਮਾਰਟਮ ਦੀ ਦੂਜੀ ਰਿਪੋਰਟ ਵਿਚ ਸਿਰ ’ਤੇ ਗੰਭੀਰ ਸੱਟ ਅਤੇ ਸੁਚਿਰ ਵੱਲੋਂ ਮੌਤ ਤੋਂ ਪਹਿਲਾਂ ਸੰਘਰਸ਼ ਕਰਨ ਦੇ ਸੰਕੇਤ ਮਿਲੇ ਹਨ। ਅਮਰੀਕਾ ਦੀ ਨਾਮੀ ਆਰਟੀਫ਼ਿਸ਼ੀਅਲ ਇੰਟਲੀਜੈਂਸ ਕੰਪਨੀ ਓਪਨ ਏ.ਆਈ. ’ਤੇ ਗੰਭੀਰ ਦੋਸ਼ ਲਾਉਣ ਵਾਲੇ ਸੁਚਿਰ ਦੀ ਮਾਤਾ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਅਤੇ ਦੂਜੀ ਪੋਸਟਮਾਰਟਮ ਰਿਪੋਰਟ ਬਹੁਤ ਕੁਝ ਬਿਆਨ ਕਰ ਰਹੀ ਹੈ।

ਮਾਪਿਆਂ ਨੇ ਖੁਦਕੁਸ਼ੀ ਵਾਲੇ ਦਾਅਵੇ ਨੂੰ ਨਕਾਰਿਆ

ਇਹ ਖੁਦਕੁਸ਼ੀ ਦਾ ਮਾਮਲਾ ਨਹੀਂ, ਸਗੋਂ ਸਿੱਧੇ ਤੌਰ ’ਤੇ ਕਤਲ ਹੈ। ਸੁਚਿਰ ਦੇ ਪਿਤਾ ਨੇ ਕਿਹਾ ਕਿ ਆਖਰੀ ਵਾਰ ਗੱਲਬਾਤ ਦੌਰਾਨ ਉਨ੍ਹਾਂ ਦਾ ਬੇਟਾ ਕਾਫ਼ੀ ਖੁਸ਼ੀ ਸੀ। ਇਹ ਪੁੱਛੇ ਜਾਣ ’ਤੇ ਕਿ ਕੀ ਸੁਚਿਰ ਨੇ ਕਿਸੇ ਹੋਰ ਕੰਪਨੀ ਵਿਚ ਨੌਕਰੀ ਕਰ ਲਈ ਤਾਂ ਪੂਰਨਿਮਾ ਰਾਮਾਰਾਓ ਨੇ ਕਿਹਾ ਕਿ ਸੰਭਾਵਤ ਤੌਰ ’ਤੇ ਓਪਨ ਏ.ਆਈ. ਵਾਲੇ ਉਸ ਨੂੰ ਧਮਕਾ ਰਹੇ ਸਨ ਅਤੇ ਕਿਸੇ ਹੋਰ ਕੰਪਨੀ ਵਿਚ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਸੀ। ਸੁਚਿਰ ਵੱਲੋਂ ਕਾਪੀਰਾਈਟ ਮਾਮਲਿਆਂ ਦੇ ਵਕੀਲ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ ਪਰ ਉਸ ਉਤੇ ਦਬਾਅ ਪਾਇਆ ਜਾ ਰਿਹਾ ਸੀ। ਸੁਚਿਰ ਦੇ ਮਾਪਿਆਂ ਮੁਤਾਬਕ ਨਿਊ ਯਾਰਕ ਟਾਈਮਜ਼ ਨੂੰ ਦਿਤੀ ਇੰਟਰਵਿਊ ਉਸ ਦੀ ਮੌਤ ਦਾ ਕਾਰਨ ਬਣੀ। ਇਥੇ ਦਸਣਾ ਬਣਦਾ ਹੈ ਕਿ 26 ਸਾਲ ਦੇ ਸੁਚਿਰ ਬਾਲਾਜੀ ਦੀ ਲਾਸ਼ 26 ਨਵੰਬਰ ਨੂੰ ਸੈਨ ਫਰਾਂਸਿਸਕੋ ਦੇ ਇਕ ਅਪਾਰਟਮੈਂਟ ਵਿਚੋਂ ਮਿਲੀ ਪਰ ਪੁਲਿਸ ਵੱਲੋਂ ਤਹਿਕੀਕਾਤ ਮੁਕੰਮਲ ਕਰਨ ਤੋਂ ਬਾਅਦ ਹੀ ਮਾਮਲਾ ਜਨਤਕ ਕੀਤਾ ਗਿਆ। ਪਹਿਲੀ ਰਿਪੋਰਟ ਵਿਚ ਮੈਡੀਕਲ ਐਗਜ਼ਾਮੀਨਰ ਨੂੰ ਸੁਚਿਰ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਨਜ਼ਰ ਨਹੀਂ ਆਈ ਅਤੇ ਖੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਗਿਆ। ਨਵੰਬਰ 2020 ਤੋਂ ਅਗਸਤ 2024 ਤੱਕ ‘ਓਪਨ ਏ.ਆਈ.’ ਵਾਸਤੇ ਕੰਮ ਕਰਨ ਵਾਲਾ ਸੁਚਿਰ ਬਾਲਾਜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਉਸ ਨੇ ਆਪਣੀ ਕੰਪਨੀ ਬਾਰੇ ਕਈ ਹੈਰਾਨਕੁੰਨ ਖੁਲਾਸੇ ਕਰ ਦਿਤੇ। ਨਿਊ ਯਾਰਕ ਟਾਈਮਜ਼ ਨਾਲ ਇਕ ਇੰਟਰਵਿਊ ਦੌਰਾਨ ਸੁਚਿਰ ਨੇ ਕਿਹਾ ਸੀ ਕਿ ਓਪਨ ਏ.ਆਈ. ਦਾ ਬਿਜ਼ਨਸ ਮਾਡਲ ਸਟੇਬਲ ਨਹੀਂ ਅਤੇ ਇੰਟਰਨੈਟ ਇਕੋਸਿਸਟਮ ਵਾਸਤੇ ਬੇਹੱਦ ਨੁਕਸਾਨਦੇਹ ਹੈ। ਸੁਚਿਰ ਨੇ ਦੋਸ਼ ਲਾਇਆ ਕਿ ਕੰਪਨੀ ਨੇ ਆਪਣਾ ਪ੍ਰੋਗਰਾਮ ਡੈਵਲਪ ਕਰਨ ਲਈ ਆਨਲਾਈਨ ਡਾਟਾ ਦੀ ਨਕਲ ਕੀਤੀ ਅਤੇ ਅਮਰੀਕਾ ਵਿਚ ਕਾਪੀਰਾਈਟ ਨਿਯਮਾਂ ਦੀ ਉਲੰਘਣਾ ਹੋਈ। ਉਨ੍ਹਾਂ ਨੇ ਲੋਕਾਂ ਨੂੰ ਜਲਦ ਤੋਂ ਜਲਦ ਕੰਪਨੀ ਛੱਡਣ ਦਾ ਸੱਦਾ ਵੀ ਦਿਤਾ।

ਸੈਨ ਫਰਾਂਸਿਸਕੋ ਦੇ ਅਪਾਰਟਮੈਂਟ ਵਿਚੋਂ ਮਿਲੀ ਸੀ ਸੁਚਿਰ ਬਾਲਾਜੀ ਦੀ ਲਾਸ਼

ਦੱਸ ਦੇਈਏ ਕਿ ਸੁਚਿਰ ਬਾਲਾਜੀ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਤੋਂ ਕੰਪਿਊਟਰ ਸਾਇੰਸ ਦੀ ਪੜ੍ਹਾਈ ਕੀਤੀ ਅਤੇ ਓਪਨ ਏ.ਆਈ. ਵਿਚ ਇੰਟਰਨਸ਼ਿਪ ਕਰਨ ਲੱਗਾ। ਬਾਲਾਜੀ ਨੇ 2022 ਦੇ ਸ਼ੁਰੂ ਵਿਚ ਜੀ.ਪੀ.ਟੀ.-4 ਨਾਂ ਦੇ ਇਕ ਨਵੇਂ ਪ੍ਰੋਗਰਾਮ ਵਾਸਤੇ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਪਰ ਕੁਝ ਹੀ ਮਹੀਨੇ ਵਿਚ ਪਤਾ ਲੱਗਾ ਕਿ ਕੰਪਨੀ ਆਪਣਾ ਪ੍ਰੋਗਰਾਮ ਤਿਆਰ ਕਰਨ ਲਈ ਕਾਪੀਰਾਈਟ ਕਾਨੂੰਨ ਦੀ ਉਲੰਘਣਾ ਕਰ ਰਹੀ ਹੈ। ਸੁਚਿਰ ਦੇ ਮਾਪਿਆਂ ਵੱਲੋਂ ਅਸਲੀਅਤ ਸਾਹਮਣੇ ਲਿਆਉਣ ਲਈ ਮਾਮਲੇ ਦੀ ਪੜਤਾਲ ਐਫ਼.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਹੈ।

Tags:    

Similar News